ਐਸ ਆਈ ਟੀ ਸੁਖਬੀਰ ਅਤੇ ਸੁਮੇਧ ਸੈਣੀ ਨੂੰ ਤੁਰਤ ਗ੍ਰਿਫ਼ਤਾਰ ਕਰੇ : ਭਾਈ ਮਾਝੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਮਰਾਨੰਗਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਤਾਰਾਂ ਸੁਖਬੀਰ ਬਾਦਲ ਵੱਲ ਨੂੰ

Harjinder Singh Majhi

ਸੰਗਰੂਰ : ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਮਰਾਨੰਗਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਤਾਰਾਂ ਸੁਖਬੀਰ ਬਾਦਲ ਵੱਲ ਨੂੰ ਸਹਿਜੇ ਹੀ ਜਾਣਗੀਆਂ ਤੇ ਸਿੱਟ ਨੂੰ ਅਪਣੀ ਚਾਲ ਵਿਚ ਤੇਜ਼ੀ ਲਿਆ ਕੇ ਅਗਲੇਰੀ ਕਾਰਵਾਈ ਲਈ ਹੁਣ ਤਕ ਪੁਛਗਿਛ ਵਿਚ ਸ਼ਾਮਲ ਕੀਤੇ ਬਾਦਲਾਂ ਨੂੰ ਤੁਰਤ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ ਹੈ ਜਿਸ ਤਰੀਕੇ ਉਮਰਾਨੰਗਲ ਦੇ ਬਿਆਨ ਤੇ ਸਬੂਤ ਆਏ ਹਨ ਉਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਸ ਸਮੇਂ ਸਰਕਾਰ ਨੇ ਪੁਲਿਸ ਮੁਖੀ ਜ਼ਰੀਏ ਸੂਬੇ ਦੀ ਪੁਲਿਸ ਨੂੰ ਗੁੰਡਾਗਰਦੀ ਕਰਨ ਦੀ ਖੁਲ੍ਹ ਦਿਤੀ ਸੀ।

ਜਾਂਚ ਉਜਾਗਰ ਹੋਣ 'ਤੇ ਤਤਕਾਲੀ ਪੁਲਿਸ ਮੁਖੀ ਦੀ ਭੂਮਿਕਾ ਜੱਗ ਜ਼ਾਹਰ ਹੋ ਚੁਕੀ ਹੈ ਤੇ ਉਕਤ ਭੂਮਿਕਾ ਪਿੱਛੋਂ ਸੂਬੇ ਦੇ ਗ੍ਰਹਿ ਮੰਤਰੀ ਵਲੋਂ ਪੁਲਿਸ ਮੁਖੀ ਦੀ ਮਹਿਜ਼ ਬਦਲੀ ਕਰ ਕੇ ਬੁੱਤਾ ਸਾਰਨਾ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਦੀ ਸ਼ਮੂਲੀਅਤ ਦਾ ਪ੍ਰਤੱਖ ਪ੍ਰਮਾਣ ਹੈ। ਹੁਣ ਤਕ ਦੀ ਜਾਂਚ ਵਿਚ ਇਹ ਜ਼ਾਹਰ ਹੋ ਚੁਕਾ ਹੈ ਕਿ ਉਮਰਾਨੰਗਲ ਲੁਧਿਆਣਾ ਪੋਸਟਡ ਹੋਣ ਦੇ ਬਾਵਜੂਦ ਅਪਣੀ ਪੁਲਿਸ ਪਾਰਟੀ ਨਾਲ਼ ਕੋਟਕਪੂਰਾ ਵਿਖੇ ਗਿਆ ਸੀ ਤੇ ਸਮੁੱਚੀ ਕਾਰਵਾਈ ਉਮਰਾਨੰਗਲ ਦੀ ਦੇਖ-ਰੇਖ ਵਿਚ ਕੀਤੀ ਗਈ।

ਸੁਮੇਧ ਸੈਣੀ ਵਲੋਂ ਲੁਧਿਆਣੇ ਤੋਂ ਸੁਖਬੀਰ ਦੇ ਵਿਸ਼ਵਾਸਪਾਤਰ ਵਜੋਂ ਜਾਣੇ ਜਾਂਦੇ ਉਮਰਾਨੰਗਲ ਨੂੰ ਕੋਟਕਪੂਰੇ ਕਾਰਵਾਈ ਲਈ ਭੇਜਿਆ ਗਿਆ ਤੇ ਬਾਣੀ ਪੜ੍ਹਦੀ ਸੰਗਤ 'ਤੇ ਗੋਲੀ ਚਲਾਈ ਗਈ। ਇਹ ਕਾਰਾ ਸਿੱਧੇ ਤੌਰ 'ਤੇ ਕਾਨੂੰਨ ਨੂੰ ਅਪਣੇ ਹੱਥ ਵਿਚ ਲੈ ਕੇ ਕੀਤਾ ਗਿਆ ਹੈ। ਭਾਈ ਹਰਜਿੰਦਰ ਮਾਝੀ ਨੇ ਕਿਹਾ ਕਿ ਉਕਤ ਤਿੱਕੜੀ ਨੇ ਪੁਲਿਸ ਦੀ ਵਰਤੋਂ ਗੁੰਡਾਗਰਦੀ ਕਰਨ ਲਈ ਕੀਤੀ ਹੈ।

ਅਜਿਹੀ ਸਥਿਤੀ ਵਿਚ ਸਪੱਸ਼ਟ ਹੋ ਚੁਕਾ ਹੈ ਕਿ ਸਰਕਾਰ ਰਹਿੰਦੇ ਸੁਖਬੀਰ ਬਾਦਲ ਵਲੋਂ ਸੂਬੇ ਦੇ ਪੁਲਿਸ ਅਧਿਕਾਰੀਆਂ 'ਤੇ ਕਾਰਵਾਈ ਰੋਕ ਕੇ ਅਪਣੀ ਸਹਿਮਤੀ ਦੇ ਸਬੂਤ ਛੱਡ ਦਿਤੇ ਹਨ। ਹੁਣ ਸਿੱਟ ਨੂੰ ਬਿਨਾਂ ਕਿਸੇ ਦੇਰੀ ਦੇ ਸੁਮੇਧ ਸਿੰਘ ਸੈਣੀ ਤੇ ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕਰ ਲੇਣਾ ਚਾਹੀਦਾ ਹੈ। ਜੇਕਰ ਗ੍ਰਿਫ਼ਤਾਰੀ ਵਿਚ ਦੇਰੀ ਹੁੰਦੀ ਹੈ ਤਾਂ ਇਹ ਸਮਝਿਆ ਜਾਵੇਗਾ ਕਿ ਮੌਜੂਦਾ ਸਰਕਾਰ ਵੀ ਇਸ ਕਾਰਵਾਈ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਲਈ ਵਰਤਣਾ ਚਾਹੁੰਦੀ ਹੈ। ਜੇਕਰ ਮੌਜੂਦਾ ਸਰਕਾਰ ਇਮਾਨਦਾਰੀ ਨਹੀਂ ਦਿਖਾਉਂਦੀ ਤਾਂ ਇਸ ਦਾ ਖਮਿਆਜ਼ਾ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ।