ਹਿਮਾਚਲ ਪ੍ਰਦੇਸ਼ 'ਚ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਨਾ ਦਿਤੇ ਜਾਣਾ ਵਿਤਕਰਾ : ਬਾਬਾ ਬੇਦੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਸੰਸਕ੍ਰਿਤ ਭਾਸ਼ਾ ਨੂੰ ਪ੍ਰਦੇਸ਼ ਵਿਚ ਦੂਜੀ ਰਾਜ ਭਾਸ਼ਾ ਦੇ ਤੌਰ 'ਤੇ ਘੋਸ਼ਿਤ ਕੀਤਾ ਗਿਆ ਹੈ.....

Baba Sarbjot Singh Bedi

ਨੰਗਲ : ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਸੰਸਕ੍ਰਿਤ ਭਾਸ਼ਾ ਨੂੰ ਪ੍ਰਦੇਸ਼ ਵਿਚ ਦੂਜੀ ਰਾਜ ਭਾਸ਼ਾ ਦੇ ਤੌਰ 'ਤੇ ਘੋਸ਼ਿਤ ਕੀਤਾ ਗਿਆ ਹੈ। ਸੰਸਕ੍ਰਿਤ ਭਾਸ਼ਾ ਦਾ ਹਿੰਦੁਸਤਾਨ ਦੀ ਸੰਸਕ੍ਰਿਤੀ ਨਾਲ ਵਿਸ਼ੇਸ਼ ਨਾਤਾ ਹੈ ਅਤੇ ਸੰਸਕ੍ਰਿਤ ਪ੍ਰਤੀ ਸਾਡਾ ਕੋਈ ਵਿਰੋਧ ਵੀ ਨਹੀਂ ਹੈ। ਸਾਡੇ ਧਰਮ ਗ੍ਰੰਥਾਂ ਵਿਚ ਸੰਸਕ੍ਰਿਤ ਭਾਸ਼ਾ ਨੂੰ ਵੀ ਵਿਸ਼ੇਸ਼ ਦਰਜਾ ਪ੍ਰਾਪਤ ਹੈ ਪ੍ਰੰਤੂ ਸੰਸਕ੍ਰਿਤ  ਦੇ ਨਾਲ-ਨਾਲ ਪੰਜਾਬੀ ਭਾਸ਼ਾ ਨੂੰ ਵੀ ਉੱਚ ਦਰਜਾ ਦਿਤਾ ਜਾਣਾ ਚਾਹੀਦਾ ਹੈ।

ਇਹ ਗੱਲ ਹਿਮਾਚਲ ਪ੍ਰਦੇਸ਼ ਵਿਚ ਪੰਜਾਬੀ ਭਾਸ਼ਾ ਨੂੰ ਦੂਜੀ ਰਾਜ ਭਾਸ਼ਾ ਘੋਸ਼ਿਤ ਨਾ ਕੀਤੇ ਜਾਣ ਦਾ ਰੋਸ ਪ੍ਰਗਟਾਉਂਦੇ ਹੋਏ ਸੰਤ ਸਮਾਜ ਦੇ ਪ੍ਰਧਾਨ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਹੈ ਕੀ ਪੰਜਾਬੀ ਸੰਸਾਰ ਵਿਚ ਬੋਲੇ ਜਾਣ ਵਾਲੀ ਭਾਸ਼ਾ ਹੈ ਅਤੇ ਹਿਮਾਚਲ ਵਿਚ ਜ਼ਿਆਦਾਤਰ ਇਸ ਨੂੰ ਬੋਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਨਾਲ ਲੱਗਦੇ ਹਰਿਆਣਾ, ਦਿੱਲੀ ਇਥੋਂ ਤਕ ਕੀ ਕੈਨੇਡਾ ਵਿਚ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਦਿਤਾ ਗਿਆ ਹੈ, ਪ੍ਰੰਤੂ ਹਿਮਾਚਲ ਵਿਚ ਉਚਿਤ ਸਥਾਨ ਨਹੀਂ ਮਿਲਿਆ। ਉਨ੍ਹਾਂ ਨੇ ਪ੍ਰਦੇਸ਼ ਵਿਚ ਰਹਿ ਰਹੇ ਪੰਜਾਬੀ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਸੰਗਠਤ ਹੋ ਕੇ ਪੂਰੇ ਪ੍ਰਦੇਸ਼ ਵਿਚ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਨਾ ਦਿਤੇ ਜਾਣ ਦਾ ਵਿਰੋਧ ਕਰਨ ।

ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ 26 ਫ਼ਰਵਰੀ ਨੂੰ ਸ਼ਾਮ 5 ਵਜੇ ਕਿਲ੍ਹਾ ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਵਿਚ ਬੈਠਕ ਕੀਤੀ ਜਾਵੇਗੀ ਅਤੇ ਇਸ ਬਾਰੇ ਵਿਚ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਨੇ ਸਾਰੇ ਰਾਜਨੀਤਕ, ਸਮਾਜਕ ਅਤੇ ਧਾਰਮਕ ਸੰਗਠਨਾਂ ਨੂੰ ਬੈਠਕ ਵਿਚ ਭਾਗ ਲੈਣ ਦੀ ਅਪੀਲ ਕੀਤੀ ਹੈ।