ਕਸ਼ਮੀਰੀ ਵਿਦਿਆਰਥੀਆਂ 'ਤੇ ਹੋ ਰਹੇ ਹਿੰਸਕ ਹਮਲਿਆਂ ਦੀ ਦਲ ਖ਼ਾਲਸਾ ਨੇ ਕੀਤੀ ਨਿੰਦਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਸ਼ਮੀਰੀ ਵਿਦਿਆਰਥੀਆਂ ਉਤੇ ਯੂਪੀ., ਹਰਿਆਣਾ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਅਖੌਤੀ ਦੇਸ਼ ਭਗਤਾਂ ਵਲੋਂ ਕੀਤੇ ਜਾ ਰਹੇ ਹਿੰਸਕ ਹਮਲਿਆਂ ਦੀ ਨਿੰਦਾ ਦਲ ਖ਼ਾਲਸਾ ਨੇ ਕੀਤੀ ਹੈ

Kanwarpal Singh

ਅੰਮ੍ਰਿਤਸਰ : ਕਸ਼ਮੀਰੀ ਵਿਦਿਆਰਥੀਆਂ ਉਤੇ ਯੂਪੀ., ਹਰਿਆਣਾ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਅਖੌਤੀ ਦੇਸ਼ ਭਗਤਾਂ ਵਲੋਂ ਕੀਤੇ ਜਾ ਰਹੇ ਹਿੰਸਕ ਹਮਲਿਆਂ ਦੀ ਨਿੰਦਾ ਦਲ ਖ਼ਾਲਸਾ ਨੇ ਕੀਤੀ ਹੈ। ਦਲ ਖ਼ਾਲਸਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਨਿਰਦੋਸ਼ ਕਸ਼ਮੀਰੀ ਨੌਜਵਾਨਾਂ ਨਾਲ ਅਜਿਹਾ ਭੱਦਾ ਸਲੂਕ ਕਰਨਾ ਮੰਦਭਾਗਾ ਵਰਤਾਰਾ ਹੈ ਅਤੇ ਇਸ ਦੇ ਨਤੀਜੇ ਗ਼ਲਤ ਨਿਕਲ ਸਕਦੇ ਹਨ। ਜਥੇਬੰਦੀ ਨੇ ਬਹੁ-ਗਿਣਤੀ ਕੌਮ ਅੰਦਰ ਘੱਟ-ਗਿਣਤੀ ਕੌਮਾਂ ਵਿਰੁਧ ਪਨਪ ਰਹੀ ਹਿੰਸਕ ਪ੍ਰਵਿਰਤੀ ਨੂੰ ਖਿਤੇ ਦੀ ਸ਼ਾਂਤੀ ਲਈ ਘਾਤਕ ਦਸਿਆ।

ਪੰਜਾਬ ਅੰਦਰ ਕਸ਼ਮੀਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਅੱਗੇ ਆਏ ਸਿੱਖਾਂ ਦੀ ਸਿਫਤ ਕਰਦਿਆਂ ਉਨ੍ਹਾਂ ਕਿਹਾ ਕਿ ਲੋੜਵੰਦਾਂ ਅਤੇ ਬੇਕਸੂਰਾਂ ਦੀ ਮਦਦ ਕਰਨਾ ਸਿੱਖ ਮਾਨਸਿਕਤਾ ਦਾ ਕੁਦਰਤੀ ਅਤੇ ਅਨਿਖੜਵਾਂ ਅੰਗ ਹੈ।  ਪਾਰਟੀ ਦੇ ਆਗੂ ਐਚ.ਐਸ. ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਵਿਚ “ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਬਾਰਡਰ ਦੇ ਇਸ ਪਾਰ ਆਉਣ ਲਈ ਵੰਗਾਰਨਾ ਅਤੇ ਸੀ.ਆਰ.ਪੀ.ਐਫ਼. ਦੇ 41 ਜਵਾਨਾਂ ਬਦਲੇ ਪਾਕਿਸਤਾਨ ਦੀਆਂ 82 ਜਾਨਾਂ ਲੈਣ ਦੀ ਗੱਲ ਕਰਨ ਨੂੰ ਬਲਦੀ ਅੱਗ ਉਪਰ ਤੇਲ ਪਾਉਣ ਬਰਾਬਰ ਦਸਿਆ।

ਕੈਪਟਨ ਦੀ ਬਚਕਾਨਾ ਦਲੇਰੀ ਪੰਜਾਬ ਲਈ  ਤਬਾਹੀ  ਦਾ  ਸਬੱਬ  ਬਣ ਸਕਦੀ ਹੈ। ਕੀ ਕੈਪਟਨ ਨੂੰ ਇਹ ਅਹਿਸਾਸ ਨਹੀਂ ਹੈ ਕਿ ਉਨ੍ਹਾਂ ਦੀ ਬਚਕਾਨਾ ਦਲੇਰੀ ਨਾਲ ਪੰਜਾਬ ਜੰਗ ਦਾ ਮੈਦਾਨ ਬਣ ਸਕਦਾ ਹੈ ਅਤੇ ਪੰਜਾਬੀ ਲੋਕ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦੇ ਹਨ।'' ਕੀ ਕੈਪਟਨ ਸਰਹੱਦ ਦੇ ਦੂਜੇ ਪਾਸੇ ਤੋਂ ਵੀ ਇਹੋ ਜਿਹਾ ਜਵਾਬ ਚਾਹੁੰਦੇ ਹਨ?

ਸੁਖਪਾਲ ਸਿੰਘ ਖਹਿਰਾ ਅਤੇ ਨਵਜੋਤ ਸਿੰਘ ਸਿੱਧੂ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਦੋਹਾਂ ਆਗੂਆਂ ਨੇ ਸਰਕਾਰ ਵਲੋਂ ਗੁਆਂਢੀ ਮੁਲਕ ਪ੍ਰਤੀ ਫੈਲਾਈ ਜਾ ਰਹੀ ਨਫ਼ਰਤ ਦਾ ਹਿੱਸਾ ਨਾ ਬਣ ਕੇ ਸਹੀ ਸਟੈਂਡ ਲਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਅਤੇ ਖਹਿਰਾ ਵਲੋਂ ਲਿਆ ਗਿਆ ਸਟੈਂਡ ਦੇਸ਼ ਅੰਦਰ ਕਸ਼ਮੀਰੀ ਵਿਦਿਆਰਥੀਆਂ ਉਤੇ ਹੋ ਰਹੇ ਹਮਲਿਆਂ ਉਪਰ ਮਲ੍ਹਮ ਲਾਉਣ ਦਾ ਕੰਮ ਕਰ ਰਿਹਾ ਹੈ।