ਨੇਪਾਲ ਦੇ ਆਖ਼ਰੀ ਰਾਜੇ ਸ੍ਰੀ ਗਿਆਨੇਂਦਰ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼ਰਧਾ ਵਜੋਂ ਦਰਬਾਰ ਸਾਹਿਬ 1 ਲੱਖ ਭੇਂਟ ਕੀਤੇ

Photo

ਅੰਮ੍ਰਿਤਸਰ : ਨੇਪਾਲ ਦੇ ਰਾਜਾ ਸ੍ਰੀ ਗਿਆਨੇਂਦਰਾ ਬੀਰ ਬਿਕਰਮ ਸ਼ਾਹ ਨੇ ਅਪਣੇ ਪਰਵਾਰ ਸਮੇਤ ਅੱਜ ਰੂਹਾਨੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਰੁਮਾਲਾ ਸਾਹਿਬ ਵੀ ਭੇਂਟ ਕੀਤਾ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗਿਆਨੇਂਦਰਾ ਬੀਰ ਬਿਕਰਮ ਸ਼ਾਹ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਅਤੇ ਪਤਾਸਿਆਂ ਦਾ ਪ੍ਰਸ਼ਾਦ ਦਿਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਕਰਦਿਆਂ ਨੇਪਾਲ ਦੇ ਰਾਜਾ ਨੇ ਇਤਿਹਾਸ ਜਾਨਣ ਵਿਚ ਵਿਸ਼ੇਸ਼ ਰੁਚੀ ਦਿਖਾਈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸਕ ਮਹੱਤਵ ਦੇ ਨਾਲ-ਨਾਲ ਲੰਗਰ ਪ੍ਰਥਾ ਬਾਰੇ ਜਾਣਕਾਰੀ ਦਿਤੀ।

ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ ਨੇ ਪਰਕਰਮਾ ਅੰਦਰ ਸਥਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਤੋਂ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ਰਧਾ ਵਜੋਂ 1 ਲੱਖ ਰੁਪਏ ਭੇਟ ਕੀਤੇ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਵੀ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਨਾਲ ਸ਼੍ਰੋਮਣੀ ਕਮੇਟੀ ਨੇ ਸਨਮਾਨਿਤ ਕੀਤਾ।

ਨੇਪਾਲ ਦੇ ਰਾਜਾ ਨੇ ਅਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਉਨ੍ਹਾਂ ਨੂੰ ਪ੍ਰਸੰਨਤਾ ਹਾਸਲ ਹੋਈ ਹੈ। ਇਹ ਗੌਰਵਸ਼ਾਲੀ ਅਨੁਭਵ ਹੈ। ਨੇਪਾਲ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਪਣੇ ਮੁਬਾਰਕ ਚਰਨ ਪਾਏ ਸਨ, ਇਸ ਲਈ ਨੇਪਾਲ ਦਾ ਸਿੱਖਾਂ ਨਾਲ ਰਿਸ਼ਤਾ ਸਦੀਆ ਪੁਰਾਣਾ ਹੈ।

ਉਨ੍ਹਾਂ ਸਿੱਖ ਕੌਮ ਦੇ ਸੇਵਾ ਦੇ ਸਿਧਾਂਤ ਦੀ ਸ਼ਲਾਘਾ ਵੀ ਕੀਤੀ। ਡਾ. ਰੂਪ ਸਿੰਘ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਨਾਨਕ ਮੱਠ ਕਾਠਮੰਡੂ ਦੀ ਜ਼ਮੀਨ ਨੂੰ ਕਬਜ਼ਾਧਾਰਕਾਂ ਤੋਂ ਮੁਕਤ ਕਰਵਾਉਣ ਦੀ ਅਪੀਲ ਕੀਤੀ, ਜਿਸ 'ਤੇ ਸ੍ਰੀ ਗਿਆਨੇਂਦਰਾ ਬੀਰ ਬਿਕਰਮ ਸ਼ਾਹ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਖਾਸ ਅਹਿਮਤ ਦੇਣਗੇ।

ਡਾ. ਰੂਪ ਸਿੰਘ ਨੇ ਉਨ੍ਹਾਂ ਨੂੰ ਜਾਣਕਾਰੀ ਦਿਤੀ ਕਿ ਗੁਰੂ ਸਾਹਿਬ ਦੇ ਇਤਿਹਾਸਕ ਅਸਥਾਨ ਦੀ 500 ਏਕੜ ਦੇ ਕਰੀਬ ਜ਼ਮੀਨ ਹੈ। ਇਹ ਗੁਰਦੁਆਰਾ ਸਾਹਿਬ ਦੇ ਕਾਰਜਾਂ ਲਈ ਕੰਮ ਆਉਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਜਥੇਦਾਰ ਹਰਬੰਸ ਸਿੰਘ ਮੰਝਪੁਰ, ਮੈਨੇਜਰ ਸ. ਮੁਖਤਾਰ ਸਿੰਘ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਬਘੇਲ ਸਿੰਘ, ਸ. ਨਿਸ਼ਾਨ ਸਿੰਘ ਆਦਿ ਮੌਜੂਦ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।