ਛੋਟਾ ਘੱਲੂਘਾਰਾ ਗੁਰਦਵਾਰੇ 'ਚ ਹੋਈ ਬੇਅਦਬੀ ਲਈ ਬਾਜਵਾ ਜ਼ਿੰਮੇਵਾਰ: ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕਾਂਗਰਸ ਪਾਰਟੀ ਅਤੇ ਸਰਕਾਰ 'ਤੇ ਧੱਕੇ ਨਾਲ ਬੇਅਦਬੀਆਂ ਕਰਾਉਣ ਦਾ ਦੋਸ਼ ਲਾਉਂਦਿਆਂ ਹਲਕਾ ਕਾਦੀਆਂ ਅੰਦਰ..
ਅੰਮ੍ਰਿਤਸਰ, 22 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕਾਂਗਰਸ ਪਾਰਟੀ ਅਤੇ ਸਰਕਾਰ 'ਤੇ ਧੱਕੇ ਨਾਲ ਬੇਅਦਬੀਆਂ ਕਰਾਉਣ ਦਾ ਦੋਸ਼ ਲਾਉਂਦਿਆਂ ਹਲਕਾ ਕਾਦੀਆਂ ਅੰਦਰ ਪੈਂਦੇ ਇਤਿਹਾਸਕ ਅਸਥਾਨ ਗੁ: ਛੋਟਾ ਘੱਲੂਘਾਰਾ ਵਿਚ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਲਈ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਮਜੀਠੀਆ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਅਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਦੋਸ਼ੀ ਡੀਐਸਪੀ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਅਜਿਹਾ ਨਾ ਹੋਣ ਤੇ ਅਕਾਲੀ ਦਲ ਸਖ਼ਤ ਐਕਸ਼ਨ ਲਵੇਗਾ।
ਇਹ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਦੇ ਗ੍ਰਹਿ ਵਿਖੇ ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ ਅਤੇ 'ਆਪ' ਦੇ ਮਾਝਾ ਜ਼ੋਨ ਦੇ ਪ੍ਰਧਾਨ ਕਵਲਜੀਤ ਸਿੰਘ ਕਾਕੀ ਨੇ ਕੀਤਾ। ਉਨ੍ਹਾਂ ਕਿਹਾ ਕਿ ਗੁ: ਛੋਟਾ ਘੱਲੂਘਾਰਾ ਸਾਹਿਬ ਦੇ ਗੁ. ਪ੍ਰਬੰਧਕ ਕਮੇਟੀ ਦੇ ਜਨ: ਸਕੱਤਰ ਅਤੇ ਸ. ਬਾਜਵਾ ਦੇ ਨਜ਼ਦੀਕੀ ਬੂਟਾ ਸਿੰਘ ਵਾਸੀ ਪਿੰਡ ਚਾਵਾਂ ਦੇ ਇਕ ਔਰਤ ਨਾਲ ਗੁ. ਸਾਹਿਬ ਅੰਦਰ ਇਤਰਾਜ਼ਯੋਗ ਹਾਲਤ ਵਿਚ ਫੜੇ ਜਾਣ ਕਾਰਨ ਵਾਪਰੀ। ਇਸ ਸਬੰਧੀ ਦੋਸ਼ੀਆਂ ਨੇ ਅਪਰਾਧ ਕਬੂਲ ਕਰਦਿਆਂ ਲਿਖ਼ਤੀ ਮੁਆਫ਼ੀ ਮੰਗੀ ਅਤੇ ਪੁਲਿਸ ਨੇ 24 ਘੰਟੇ ਬਾਅਦ ਕੇਸ ਵੀ ਦਰਜ ਕੀਤਾ।
ਪਸ਼ਚਾਤਾਪ ਕਰਨ ਹਿਤ ਅਕਾਲ ਤਖ਼ਤ ਦੇ ਜਥੇਦਾਰ ਦੀ ਹਦਾਇਤ 'ਤੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਨੂੰ ਕਾਂਗਰਸ ਦੇ ਜਨਰਲ ਸਕੱਤਰ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਮੁੱਛ ਦਾ ਵਾਲ ਸਮਝੇ ਜਾਂਦੇ ਬਲਵਿੰਦਰ ਸਿੰਘ ਭਿੰਦਾ ਸ਼ਰਾਬ ਪੀ ਕੇ ਜੋੜਿਆਂ ਸਮੇਤ ਗੁ. ਸਾਹਿਬ ਅੰਦਰ ਦਾਖ਼ਲ ਹੋਏ ਜਿਸ ਵਕਤ ਪਾਠੀ ਸਿੰਘ ਪਾਠ ਕਰ ਰਿਹਾ ਸੀ। ਇਸ ਕਾਰਨ ਅਖੰਡ ਪਾਠ ਖੰਡਿਤ ਹੋਇਆ। ਉਸ ਸਮੇਂ ਬਾਜਵਾ ਬਾਹਰ ਮੌਜੂਦ ਸਨ ਜਿਸ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਨ੍ਹਾਂ ਦੋਹਾਂ ਨੂੰ ਤਲਬ ਕਰਨ ਦੀ ਅਪੀਲ ਕਰਦੇ ਹਨ। ਮਜੀਠੀਆ ਨੇ ਕਿਹਾ ਕਿ ਗੁ ਸਾਹਿਬ ਵਿਚ ਹੋਈ ਬੇਅਦਬੀ ਦੀ ਘਟਨਾ ਸਬੰਧੀ ਜਦ ਕਲ 20 ਅਗੱਸਤ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿ ਗੁਰਬਚਨ ਸਿੰਘ ਸੰਗਤ ਦਾ ਸਦਾ ਪ੍ਰਵਾਨ ਕਰ ਕੇ ਉਥੇ ਪੁੱਜੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਮੌਕੇ 'ਤੇ ਜਾਣ ਤੋਂ ਰੋਕਿਆ।