ਮਜੀਠੀਆ ਪਹਿਲਾਂ ਪੀੜ੍ਹੀ ਥੱਲੇ ਸੋਟਾ ਫੇਰ ਕੇ ਵੇਖੇ ਕਿ ਸਿੱਖੀ ਕੀ ਹੈ: ਬਾਜਵਾ
ਅੱਜ ਗੁਰਦਾਸਪੁਰ 'ਚ ਐਡਵੋਕੇਟ ਸੁਧੀਰ ਵਾਲੀਆ ਦੇ ਗ੍ਰਹਿ ਵਿਖੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਘੱਲੂਘਾਰਾ ਗੁਰਦਵਾਰਾ ਦੇ ਮੁੱਦੇ ਨੂੰ ਲੈ ਕੇ ਕੀ...
ਗੁਰਦਾਸਪੁਰ, 22 ਅਗੱਸਤ (ਹੇਮੰਤ ਨੰਦਾ): ਅੱਜ ਗੁਰਦਾਸਪੁਰ 'ਚ ਐਡਵੋਕੇਟ ਸੁਧੀਰ ਵਾਲੀਆ ਦੇ ਗ੍ਰਹਿ ਵਿਖੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਘੱਲੂਘਾਰਾ ਗੁਰਦਵਾਰਾ ਦੇ ਮੁੱਦੇ ਨੂੰ ਲੈ ਕੇ ਕੀਤੀ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਕਿ ਇਸ ਸਾਰੀ ਘਟਨਾ 'ਤੇ ਮਜੀਠੀਆ ਅਤੇ ਉਸ ਦੇ ਅਕਾਲੀ ਸਾਥੀ ਮਗਰਮੱਛ ਵਾਲੇ ਆਥਰੂ ਵਹਾ ਰਹੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਪਹਿਲਾਂ ਪੀੜ੍ਹੀ ਥੱਲੇ ਹੱਥ ਫੇਰੇ ਕਿ ਸਿੱਖੀ ਕੀ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪੂਰਬ ਤੇ ਸਮੂਹ ਪੰਜਾਬੀਆਂ ਨੂੰ ਵਧਾਈ ਦਿਤੀ ਅਤੇ ਗੁਰਦਵਾਰਾ ਘੱਲੂਘਾਰਾ ਦੇ ਮੁੱਦੇ ਨੂੰ ਲੈ ਕੇ ਬਿਕਰਮਜੀਤ ਸਿੰਘ ਮਜੀਠੀਆ ਵਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਘੱਲੂਘਾਰਾ ਗੁਰਦਵਾਰੇ ਵਿਚ ਮਾੜੀ ਘਟਨਾ ਵਾਪਰੀ ਹੈ, ਇਸ ਦੀ ਕਾਂਗਰਸ ਲੀਡਰਸ਼ਿਪ ਅਤੇ ਬਾਜਵਾ ਪਰਵਾਰ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ 'ਤੇ ਸਿੰਘਾਂ ਅਤੇ ਉਨ੍ਹਾਂ ਦੇ 25 ਹਜ਼ਾਰ ਤੋਂ ਵਧ ਪਰਵਾਰਾਂ ਨੇ ਦਸਤਾਰ ਲਈ ਸ਼ਹੀਦੀਆਂ ਦਿਤੀਆਂ ਹਨ, ਉਸ ਥਾਂ 'ਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਸ਼ਹਿ 'ਤੇ ਅਕਾਲੀ ਪਾਰਟੀ ਦੇ ਨੁਮਾਇੰਦੇ ਇਸ ਘਟਨਾ ਨੂੰ ਰਾਜਨੀਤਿਕ ਰੰਜਸ਼ ਦੇ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਕਾਂਗਰਸ ਸਰਕਾਰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ।
ਬਿਕਰਮਜੀਤ ਸਿੰਘ ਮਜੀਠੀਆ ਨੂੰ ਪ੍ਰਤਾਪ ਬਾਜਵਾ ਨੇ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਸ ਮਜੀਠਾ ਹਾਊਸ ਵਿਚ ਮਜੀਠੀਆ ਨੇ ਪ੍ਰੈੱਸ ਕਾਨਫ਼ਰੰਸ ਰੱਖੀ ਸੀ, ਉਸੇ ਹਾਊਸ ਵਿਚ ਸੁੰਦਰ ਸਿੰਘ ਮਜੀਠੀਆ ਨੇ ਜਨਰਲ ਡਾਇਰ ਨੂੰ ਅਪਣੇ ਘਰ ਦਾਵਤ ਤੇ ਸਦਿਆ ਸੀ ਜੋ ਡਾਇਰ ਜਲਿਆਂਵਾਲੇ ਬਾਗ ਦੇ ਸਾਕੇ ਦਾ ਕਾਤਲ ਸੀ। ਸੇਵਾ ਸਿੰਘ ਸੇਖਵਾਂ ਅਤੇ ਜਥੇ. ਸੁੱਚਾ ਲੰਗਾਹ ਬਾਰੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਹ ਅਕਾਲੀ ਨੇਤਾ ਲੋਕਾਂ ਵਲੋਂ ਨਕਾਰੇ ਹੋਏ ਲੋਕ ਹਨ ਜੋ ਅਪਣੀ ਲਾਜ ਬਚਾਉਣ ਲਈ ਤਰਲੋਮੱਛੀ ਹੋ ਰਹੇ ਹਨ ਪਰ ਲੋਕ ਹੁਣ ਇਨ੍ਹਾਂ ਦੇ ਝਾਂਸੇ ਵਿਚ ਨਹੀਂ ਆਉਣਗੇ ਕਿਉਂਕਿ ਇਹ ਉਹ ਲੋਕ ਹਨ ਜੋ ਗੁਰਦਵਾਰੇ ਦੀਆਂ ਕਮੇਟੀਆਂ 'ਤੇ ਅਪਣਾ ਅਧਿਕਾਰ ਜਮਾ ਕੇ ਬੈਠ ਜਾਂਦੇ ਹਨ ਅਤੇ ਅਪਣੀ ਮਨਮਰਜ਼ੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਜਿਨ੍ਹਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ, ਉਹ ਮੁਲਜ਼ਮ ਇਨ੍ਹਾਂ ਕੋਲੋਂ 10 ਸਾਲਾਂ ਦੇ ਰਾਜ ਵਿਚ ਤਾਂ ਫੜੇ ਨਹੀਂ ਗਏ, ਹੁਣ ਇਹ ਗੁਰਦਵਾਰਾ ਘੱਲੂਘਾਰਾ ਸਾਹਿਬ ਦੇ ਮਾਮਲੇ ਨੂੰ ਸਿਆਸੀ ਰੰਗ ਦੇ ਕੇ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ।