Panthak News: ਸਰਕਾਰ ਵਲੋਂ ਦੇਸ਼ ਦੇ ਰਖਵਾਲਿਆਂ ਨੂੰ ਵਿਸਾਰਨਾ ਠੀਕ ਨਹੀਂ : ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੂਬੇਦਾਰ ਮੇਜਰ ਸੰਤੋਖ ਸਿੰਘ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਏ ਬ੍ਰਿਗੇਡੀਅਰ ਕਾਹਲੋਂ

Brigadier Kuldeep Singh Kahlon

Panthak News: ‘ਬਾਬਣੀਆਂ ਕਹਾਣੀਆਂ ਪੁਤ ਸਪੁਤ ਕਰੇਨਿ’ ਦੇ ਮਹਾਂਵਾਕ ਅਨੁਸਾਰ ਅਪਣੇ ਨਾਇਕਾਂ, ਯੋਧਿਆਂ ਅਤੇ ਸੰਤਾਂ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਜੋ ਪੜਿ੍ਹਆ ਲਿਖਿਆ ਨਾ ਜਾਏ ਤਾਂ ਉਨ੍ਹਾਂ ਦੇ ਉਜਵਲ ਇਤਿਹਾਸਕ ਰੋਲ ਵੀ ਸਮਾਂ ਦੀ ਥੂੜ ਹੇਠ ਦਬ ਜਾਂਦੇ ਹਨ। ਇਹ ਵਿਚਾਰ ਸਰਬ ਹਿੰਦ ਫ਼ੌਜੀ ਭਾਈਚਾਰੇ ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਪਿੰਡ ਮੜੀ ਵਿਖੇ ਸੂਬੇਦਾਰ ਮੇਜਰ ਸੰਤੋਖ ਸਿੰਘ (ਨੰਬਰਦਾਰ) ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਤੋਂ ਪਹੁੰਚ ਕੇ ਸੰਗਤ ਨਾਲ ਸਾਂਝੇ ਕੀਤੇ।

ਬ੍ਰਿਗੇਡੀਅਰ ਕਾਹਲੋਂ ਨੇ ਦਸਿਆ ਕਿ ਸੰਤੋਖ ਸਿੰਘ ਸੰਨ 1963 ਵਿਚ ਬਤੌਰ ਸਿਪਾਹੀ ਭਰਤੀ ਹੋ ਕੇ ਤੋਪਖ਼ਾਨੇ ਦੀ ਪ੍ਰ੍ਰ੍ਰਸਿੱਧ ਯੂਨਿਟ 51 ਮਾਊਟੇਨ ਰੈਜੀਮੈਂਟ (ਹੁਣ ਮੀਡੀਅਮ) ਵਿਚ ਸ਼ਾਮਲ ਹੋ ਕੇ ਦੇਸ਼ ਉਚ ਪਰਬਤੀ ਬਰਫ਼ੀਲੀ ਮਾਰੂਥਲ ਵਰਗੇ ਸਖ਼ਤ ਇਲਾਕਿਆਂ ਵਿਚੋਂ ਚੁਨੌਤੀਆਂ ਭਰਪੂਰ 28 ਸਾਲ ਸੇਵਾ ਉਪਰੰਤ ਸੂਬੇਦਾਰ ਵਜੋਂ ਸੇਵਾ ਮੁਕਤ ਹੋ ਗਏ ਅਤੇ ਬਾਅਦ ਵਿਚ ਇਨ੍ਹਾਂ ਦੀ ਪਿੰਡ ਦੇ ਨੰਬਰਦਾਰ ਦੀ ਨਿਯੁਕਤੀ ਹੋ ਗਈ ਅਤੇ ਬਤੌਰ ਮੈਂਬਰ ਪੰਚਾਇਤ ਵੀ ਪਿੰਡ ਦੇ ਵਿਕਾਸ, ਨੌਜਵਾਨਾਂ ਨੂੰ ਨਸ਼ਿਆਂ ਦੇ ਦੈਂਤ ਤੋਂ ਬਚਾਉਣ ਅਤੇ ਫ਼ੌਜ ਵਿਚ ਭਰਤੀ ਲਈ ਪ੍ਰੇਰਿਤ ਕਰਨ ਲਈ ਅਣਥੱਕ ਯੋਗਦਾਨ ਪਾਇਆ। ਸੰਨ 1971 ਦੀ ਭਾਰਤ-ਪਾਕਿ ਜੰਗ ਸਮੇਂ ਉੜੀ ਸੈਕਟਰ ਵਿਚ ਜਦੋਂ ਪਾਕਿਸਤਾਨ ਦੀਆਂ ਪੋਸਟਾਂ ਦਾ ਸਰਵੇ ਕਰਦੇ ਸਮੇਂ ਪਹਾੜੀ ਤੋਂ ਹੇਠਾਂ ਡਿੱਗ ਪਏ ਪਰ ਹਿੰਮਤ ਨਹੀਂ ਛੱਡੀ ਅਤੇ ਦੁਸ਼ਮਣ ਦੇ 16 ਬੰਦਰ ਬੇਕਰ ਤੋਪ ਨਾਲ ਉਡਾਉਣ ਵਿਚ ਇਨ੍ਹਾਂ ਦੀ ਵਿਸ਼ੇਸ਼ ਭੂਮਿਕਾ ਰਹੀ। ਉਨ੍ਹਾਂ ਦੀ ਬਹਾਦਰੀ ਦੇਸ਼ ਦੀ ਖ਼ਾਤਰ ਮਰ ਮਿਟਣ ਵਾਲੇ ਜਜ਼ਬੇ ਨੂੰ ਕੈਪਟਨ ਕਾਹਲੋਂ ਨੇ ਅੱਖੀਂ ਡਿੱਠਾ। ਫਿਰ ਜਦੋਂ ਸੰਨ 1983 ਵਿਚ ਇਸੇ ਹੀ ਪਲਟਨ ਦੀ ਕਮਾਂਡ ਕਾਹਲੋਂ ਨੇ ਸੰਭਾਲੀ ਤਾਂ ਸੰਤੋਖ ਸਿੰਘ ਦੀ ਨਿਯੁਕਤੀ ਬਤੌਰ ਸਰਵੇ ਅਫ਼ਸਰ ਤੇ ਕੀਤੀ।

ਸੇਵਾ ਮੁਕਤੀ ਉਪਰੰਤ ਵੀ ਉਨ੍ਹਾਂ ਨੇ ‘ਜੈ ਜਵਾਨ ਜੈ ਕਿਸਾਨ’ ਦੇ ਸੰਕਲਪ ਨੂੰ ਬਰਕਰਾਰ ਰਖਦਿਆਂ ਕਿਸਾਨ ਮੋਰਚੇ ਵਿਚ ਦੋ ਸਾਲ ਪਹਿਲਾਂ ਬੀਮਾਰੀ ਦੇ ਬਾਵਜੂਦ ਵੀ ਭੂਮਿਕਾ ਨਿਭਾਈ ਅਤੇ ਓ.ਆਰ.ਓ.ਪੀ.ਦੇ ਸ਼ਾਂਤਮਈ ਢੰਗ ਨਾਲ ਜਾਰੀ ਜੰਤਰ-ਮੰਤਰ ਵਿਖੇ ਅਪਣਾ ਯੋਗਦਾਨ ਪਾਇਆ। ਬ੍ਰਿਗੇਡੀਅਰ ਕਾਹਲੋਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਔਖੇ ਸਮੇਂ ਹੀ ਫ਼ੌਜ ਨੂੰ ਯਾਦ ਕੀਤਾ ਜਾਂਦਾ ਹੈ ਤੇ ਬਾਅਦ ਵਿਚ ਵਿਸਾਰ ਦਿਤਾ ਜਾਂਦਾ ਹੈ। ਇਸ ਸਮੇਂ ਪੰਜਾਬ ਦੇ 23 ਜ਼ਿਲ੍ਹਿਆਂ ਵਿਚ ਸੈਨਿਕ ਭਲਾਈ ਅਫ਼ਸਰਾਂ ਦੀ ਘਾਟ ਬਰਕਰਾਰ ਹੈ ਫਿਰ ਸੈਨਿਕ ਭਲਾਈ ਸੰਭਵ ਕਿਵੇਂ ਹੋਵੇਗੀ? ਉਨ੍ਹਾਂ ਇਹ ਵੀ ਕਿਹਾ ਕਿ ਅਗਨੀਪਥ ਸਕੀਮ ਨੂੰ ਲੈ ਕੇ ਦੇਸ਼ ਭਰ ਵਿਚ ਬੇਹੱਦ ਰੋਸ ਹੈ। ਇਸ ਵਾਸਤੇ ਸਰਕਾਰ ਨੂੰ ਮੁੜ ਤੋਂ ਵਿਚਾਰ ਕਰਨ ਦੀ ਲੋੜ ਹੋਵੇਗੀ। ਬ੍ਰਿਗੇਡੀਅਰ ਕਾਹਲੋਂ ਨੇ ‘ਰੁਖ ਲਗਾਉ ਪਾਣੀ ਬਚਾਉ’ ਦਾ ਨਾਹਰਾ ਦੇ ਕੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਿਲ ਜੁਲ ਕੇ ਇਸ ਬਾਰੇ ਸਕੀਮ ਉਲੀਕ ਕੇ ਕਾਰਵਾਈ ਆਰੰਭਣ। ਇਸ ਵਿਚ ਦੇਸ਼ ਤੇ ਸੂਬੇ ਦੀ ਭਲਾਈ ਹੋਵੇਗੀ। ਇਹੋ ਹੀ ਵਿਛੜੀ ਰੂਹ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਸੰਤੋਖ ਸਿੰਘ ਦੇ ਬੇਟੇ ਰਣਜੀਤ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਕਿਸਾਨ ਦੀ ਔਲਾਦ ਰੱਬ ਸੱਭ ਨੂੰ ਬਖ਼ਸ਼ੇ।

ਭੋਗ ਵਿਚ ਸ਼ਾਮਲ ਹੋਣ ਆਏ ਭਾਰੀ ਗਿਣਤੀ ਵਿਚ ਸਾਬਕਾ ਫ਼ੌਜੀਆਂ, ਪੰਚਾਂ ਸਰਪੰਚਾਂ ਦਾ ਧਨਵਾਦ ਵੀ ਪ੍ਰਵਾਰ ਦੀ ਤਰਫ਼ੋਂ ਬ੍ਰਿਗੇਡੀਅਰ ਕਾਹਲੋਂ ਨੇ ਕੀਤੀ। ਵਿਸ਼ੇਸ਼ ਤੌਰ ’ਤੇ ਅੰਤਮ ਅਰਦਾਸ ਵਿਚ ਸ਼ਾਮਲ ਸਨ ਉਨ੍ਹਾਂ ਦੇ ਜੰਗੀ ਸਾਥੀ ਨਾਇਬ ਸੂਬਾ ਕਰਨੈਲ ਸਿੰਘ, ਅਪ੍ਰੇਸ਼ਨ ਡਾਇਰੈਕਟਰ ਨਾਇਕ ਕੇਵਲ ਸਿੰਘ, ਹਵਲਦਾਰ ਦਲਜੀਤ ਸਿੰਘ, ਕੈਪਟਨ ਜਗਤਾਰ ਸਿੰਘ ਆਦਿ ਕਈ ਊੁਘੇ ਵਿਅਕਤੀ ਹਾਜ਼ਰ ਸਨ।