ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੰਘ ਸਭਾ ਲਹਿਰ ਦੇ ਮੋਢੀ, ਪੰਜਾਬੀ ਪੱਤ੍ਰਿਕਾ ਦੇ ਪਿਤਾਮਾ, ਵਿਸ਼ਵ ਦੇ ਪੰਜਾਬੀ ਦੇ ਪਹਿਲੇ ਪ੍ਰੋਫ਼ੈਸਰ, ਉੱਚ ਕੋਟੀ ਦੇ ਸਾਹਿਤਕਾਰ, ਆਲ੍ਹਾ ਦਰਜੇ ਦੇ ਸਮਾਜ ਸੁਧਾਰਕ

The great scholar of the Sikh community, Giani Ditt Singh Ji

ਸਿੰਘ ਸਭਾ ਲਹਿਰ ਦੇ ਮੋਢੀ, ਪੰਜਾਬੀ ਪੱਤ੍ਰਿਕਾ ਦੇ ਪਿਤਾਮਾ, ਵਿਸ਼ਵ ਦੇ ਪੰਜਾਬੀ ਦੇ ਪਹਿਲੇ ਪ੍ਰੋਫ਼ੈਸਰ, ਉੱਚ ਕੋਟੀ ਦੇ ਸਾਹਿਤਕਾਰ, ਆਲ੍ਹਾ ਦਰਜੇ ਦੇ ਸਮਾਜ ਸੁਧਾਰਕ ਤੇ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦਾ ਜਨਮ ਪਿਤਾ ਭਾਈ ਦੀਵਾਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ 21 ਅਪ੍ਰੈਲ 1850 ਨੂੰ ਪਿੰਡ ਕਲੌੜ (ਨੰਦਪੁਰ) ਜ਼ਿਲ੍ਹਾ ਪਟਿਆਲਾ ਹੁਣ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਇਆ।

ਇਸ ਸਥਾਨ 'ਤੇ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਵੀ ਸੁਸ਼ੋਭਿਤ ਹਨ। ਇਥੇ ਹਰ ਸਾਲ ਗਿਆਨੀ ਜੀ ਦੀ ਯਾਦ ਵਿਚ ਸਮਾਗਮ ਕਰਵਾਏ ਜਾਂਦੇ ਹਨ। ਗਿਆਨੀ ਜੀ ਦਾ ਮੁਢਲਾ ਨਾਮ ਦਿੱਤਾ ਰਾਮ ਸੀ ਉਨ੍ਹਾਂ ਨਿੱਕੀ ਉਮਰੇ ਡੇਰਾ ਬਾਬਾ ਗੁਲਾਬਦਾਸੀ ਮਹਾਤਮਾ ਸੰਤ ਗੁਰਬਖ਼ਸ਼ ਸਿੰਘ ਜੀ ਪਿੰਡ ਤਿਊੜ ਪਾਸੋਂ ਵਿਦਿਆ ਪ੍ਰਾਪਤ ਕੀਤੀ। ਉਨ੍ਹਾਂ ਦਾ ਵਿਆਹ 1872 ਵਿਚ ਸੰਤ ਭਾਗ ਸਿੰਘ ਦੀ ਲੜਕੀ ਬਿਸ਼ਨ ਦੇਵੀ ਨਾਲ ਹੋਇਆ। ਵਿਆਹ ਤੋਂ ਬਾਅਦ ਉਹ ਲਾਹੌਰ ਚਲੇ ਗਏ ਜਿਥੇ ਉਨ੍ਹਾਂ ਨੇ ਸੰਤ ਦੇਸਾ ਸਿੰਘ ਜੀ ਪਾਸੋਂ ਰੱਜ ਕੇ ਵਿਦਿਆ ਪ੍ਰਾਪਤ ਕੀਤੀ।

ਇਸੇ ਦੌਰਾਨ ਉਹ ਭਾਈ ਜਵਾਹਰ ਸਿੰਘ ਤੇ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫ਼ੈਸਰ ਗੁਰਮੁਖ ਸਿੰਘ ਜੀ ਦੇ ਸੰਪਰਕ ਵਿਚ ਆਏ ਤੇ ਉਨ੍ਹਾਂ ਦੀ ਪ੍ਰੇਰਨਾ ਸਦਕਾ ਉਹ ਅੰਮ੍ਰਿਤ ਛੱਕ ਕੇ ਦਿਤਾ ਰਾਮ ਤੋਂ ਦਿੱਤ ਸਿੰਘ ਬਣ ਗਏ। ਇਥੇ ਰਹਿ ਕੇ ਉਨ੍ਹਾਂ ਨੇ ਪੰਜਾਬ ਯੂਨੀਵਰਸਟੀ ਲਾਹੌਰ ਤੋਂ ਗਿਆਨੀ ਪਾਸ ਕਰ ਲਈ। ਗਿਆਨੀ ਪਾਸ ਕਰਨ ਮਗਰੋਂ ਸੰਨ 1978 ਵਿਚ ਓਰੀਐਂਟਲ ਕਾਲਜ ਲਾਹੌਰ ਵਿਚ ਲੱਗ ਕੇ ਦੁਨੀਆਂ ਦੇ ਪੰਜਾਬੀ ਦੇ ਪਹਿਲੇ ਪ੍ਰੋਫ਼ੈਸਰ ਹੋਣ ਦਾ ਵੱਡਾ ਮਾਣ ਪ੍ਰਾਪਤ ਕੀਤਾ।

ਗਿਆਨੀ ਦਿੱਤ ਸਿੰਘ ਪਹਿਲਾਂ ਪਹਿਲ ਆਰੀਆ ਸਮਾਜੀ ਵੀ ਰਹੇ ਤੇ ਉਨ੍ਹਾਂ ਇਸ ਸੰਸਥਾ ਨੂੰ ਪੂਰਾ-ਪੂਰਾ ਸਹਿਯੋਗ ਦਿਤਾ। ਪਰ ਜਦੋਂ ਆਰੀਆ ਸਮਾਜੀਆਂ ਦੇ ਦਿਲਾਂ ਵਿਚ ਸਿੱਖਾਂ ਪ੍ਰਤੀ ਖੋਟ ਆ ਗਈ ਤਾਂ ਭਾਈ ਦਿੱਤ ਸਿੰਘ ਜੀ ਨੇ ਇਨ੍ਹਾਂ ਨਾਲੋਂ ਨਾਤਾ ਤੋੜ ਲਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਵੇਲੇ ਭਾਵ 1839 ਈਸਵੀ ਤਕ ਸਿੱਖਾਂ ਦੀ ਅਬਾਦੀ ਇਕ ਕਰੋੜ ਤੋਂ ਉਪਰ ਸੀ ਪਰ 1861 ਦੀ ਮਰਦਮਸ਼ੁਮਾਰੀ ਵੇਲੇ ਸਿੱਖਾਂ ਦੀ ਅਬਾਦੀ ਸਿਰਫ਼ 20 ਲੱਖ ਦੇ ਕਰੀਬ ਰਹਿ ਗਈ ਕਿਉਂਕਿ ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ਾ ਕਰਨ ਮਗਰੋਂ ਈਸਾਈ ਮੱਤ ਨੂੰ ਇੰਨਾ ਪ੍ਰਫੁੱਲਤ ਕੀਤਾ ਕਿ ਵੱਡੇ-ਵੱਡੇ ਘਰਾਣਿਆਂ ਦੇ ਮੁੰਡੇ ਵੀ ਈਸਾਈ ਬਣਨੇ ਸ਼ੁਰੂ ਹੋ ਗਏ।

ਈਸਾਈ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ 1 ਅਕਤੂਬਰ 1873 ਨੂੰ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਗਈ ਜਿਸ ਵਿਚ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਨੂੰ ਪ੍ਰਧਾਨ, ਪ੍ਰੋਫ਼ੈਸਰ ਗੁਰਮੁਖ ਸਿੰਘ ਨੂੰ ਸਕੱਤਰ ਤੇ ਗਿਆਨੀ ਦਿੱਤ ਸਿੰਘ ਨੂੰ ਦਫ਼ਤਰੀ ਕੰਮ ਦੀ ਜ਼ਿੰਮੇਵਾਰੀ ਸੌਂਪੀ ਗਈ ਤੇ ਇਸ ਦੇ ਨਾਲ ਹੀ ਭਾਈ ਜਵਾਹਰ ਸਿੰਘ ਤੇ ਭਾਈ ਮਇਆ ਸਿੰਘ ਨੂੰ ਇਸ ਸਭਾ ਦਾ ਮੈਂਬਰ ਲਿਆ ਗਿਆ।

ਪਰ ਕੁੱਝ ਸਾਲਾਂ ਬਾਅਦ ਹੀ ਇਹ ਸਭਾ ਅਪਣੇ ਨਿਸ਼ਾਨੇ ਤੋਂ ਪਰ੍ਹਾਂ ਹਟਣ ਲੱਗੀ। ਕਾਰਨ ਇਹ ਸੀ ਕਿ ਬਾਬਾ ਖੇਮ ਸਿੰਘ ਬੇਦੀ ਜੋ ਇਸ ਸਭਾ ਦਾ ਸਰਪ੍ਰਸਤ ਸੀ ਆਪ ਸਿੱਖੀ ਮਰਿਆਦਾ ਤੋਂ ਪਿੱਛੇ ਹਟਣ ਲੱਗ ਪਿਆ। ਉਹ ਕ੍ਰਿਪਾਨ ਦੇ ਨਾਲ-ਨਾਲ ਜਨੇਊ ਵੀ ਪਹਿਨ ਕੇ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠਣ ਲੱਗ ਪਿਆ ਸੀ ਤੇ ਉਸ ਨੇ ਦਰਬਾਰ ਸਾਹਿਬ ਵਿਚ ਵੀ ਮੂਰਤੀਆਂ ਸਥਾਪਤ ਕਰ ਦਿਤੀਆਂ ਜਿਸ ਕਾਰਨ ਹਾਲਤ ਵਿਗੜਦੇ ਗਏ।

ਫਿਰ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਦੇ ਯਤਨ ਸਦਕਾ 2 ਨਵੰਬਰ 1879 ਨੂੰ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੀ ਸਥਾਪਨਾ ਕੀਤੀ ਗਈ ਜਿਸ ਦੇ ਪ੍ਰਧਾਨ ਦੀਵਾਨ ਬੂਟਾ ਸਿੰਘ ਤੇ ਸਕੱਤਰ ਗੁਰਮੁਖ ਸਿੰਘ ਨੂੰ ਬਣਾਇਆ ਗਿਆ। ਸ੍ਰੀ ਗੁਰੂ ਸਿੰਘ ਸਭਾ ਲਾਹੌਰ ਨੇ ਸਿੱਖੀ ਦੇ ਪ੍ਰਸਾਰ ਲਈ ਬਹੁਤ ਸਾਰੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਤੇ ਲਾਹੌਰ ਤੋਂ ਖ਼ਾਲਸਾ ਅਖ਼ਬਾਰ ਗਿਆਨੀ ਜੀ ਦੀ ਸੰਪਾਦਨਾ ਹੇਠ ਛਪਣ ਲੱਗਾ। ਇਸ ਸਮੇਂ ਗਿਆਨੀ ਜੀ ਨੇ ਮੜ੍ਹੀ ਮਸਾਣਾਂ, ਥਿੱਤਾਂ-ਵਰਤਾਂ ਤੇ ਹੋਰ ਸਮਾਜਿਕ ਕੁਰੀਤੀਆਂ ਵਿਰੁਧ ਜਬਰਦਸਤ ਪ੍ਰਚਾਰ ਕੀਤਾ ਜਿਸ ਨਾਲ ਲੋਕੀ ਝੂਠੇ ਕਰਮ-ਕਾਂਡਾਂ ਨੂੰ ਛੱਡ ਕੇ ਸਿੱਖੀ ਧਾਰਨ ਕਰਨ ਲੱਗ ਪਏ।

ਗਿਆਨੀ ਜੀ ਦੀ ਵਿਦਵਤਾ ਦੀ ਛਵੀ ਏਨੀ ਵਧੀ ਕਿ ਇਨ੍ਹਾਂ ਪਾਸੋਂ ਆਰੀਆ ਸਮਾਜ ਦੇ ਧਰਮ ਗੁਰੂ ਸਵਾਮੀ ਦਿਆ ਨੰਦ ਨੂੰ ਧਰਮ ਬਹਿਸ ਵਿਚ ਤਿੰਨ ਵਾਰੀ ਹਾਰ ਖਾਣੀ ਪਈ। ਗਿਆਨੀ ਜੀ ਨੇ ਬਿਪਰਵਾਦੀ ਰੀਤਾਂ ਦੀ ਵਿਰੋਧਤਾ ਤੇ ਮੂਰਤੀ ਪੂਜਾ ਦੇ ਵਿਰੋਧ ਵਿਚ ਜ਼ੋਰਦਾਰ ਆਵਾਜ਼ ਉਠਾਉਣ ਦੇ ਨਾਲ-ਨਾਲ ਗੁੱਗਾ ਗਪੌੜਾ, ਮੀਰਾਂ ਮਨੋਤ, ਸੁਲਤਾਨ ਪੁਆੜਾ, ਨਕਲੀ ਸਿੱਖ ਪ੍ਰਬੋਧ, ਦੁਰਗਾ ਪ੍ਰਬੋਧ ਸਮੇਤ ਕੁਲ 72 ਪੁਸਤਕਾਂ ਦੀ ਰਚਨਾ ਕਰ ਕੇ ਸਿੱਖੀ ਦੀ ਡੁੱਬਦੀ  ਬੇੜੀ ਨੂੰ ਕਿਨਾਰੇ ਲਗਾ ਦਿਤਾ।

ਗਿਆਨੀ ਦਿੱਤ ਸਿੰਘ ਜੀ ਏਨੇ ਦ੍ਰਿੜ ਇਰਾਦੇ ਤੇ ਹੌਸਲੇ ਵਾਲੇ ਇਨਸਾਨ ਸਨ ਕਿ ਜਦੋਂ ਬਾਬਾ ਖੇਮ ਸਿੰਘ ਬੇਦੀ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਣ ਅਤੇ ਮੂਰਤੀ ਪੂਜਾ ਕਰਨ ਤੋਂ ਨਾ ਹਟੇ ਤਾਂ ਇਨ੍ਹਾਂ ਨੇ ਸਾਥੀਆਂ ਨਾਲ ਮਿਲ ਕੇ ਉਸ ਦਾ ਬੋਰੀਆ ਬਿਸਤਰਾ ਚੁੱਕ ਕੇ ਬਾਹਰ ਸੁੱਟ ਦਿਤਾ ਤੇ ਮੂਰਤੀਆਂ ਦੀ ਭੰਨ੍ਹ ਤੋੜ ਕਰ ਕੇ ਬਾਹਰ ਵਗਾਹ ਮਾਰੀਆਂ।

ਦੂਜੇ ਪਾਸੇ ਇਨ੍ਹਾਂ ਵਿਚ ਏਨੀ ਸਹਿਣਸ਼ੀਲਤਾ ਸੀ ਕਿ ਜਦੋਂ ਇਹ ਹਰ ਸੰਗਰਾਂਦ ਨੂੰ ਫ਼ਿਰੋਜ਼ਪੁਰ ਵਿਖੇ ਅਕਾਲਗੜ੍ਹ ਸਾਹਿਬ ਦੇ ਗੁਰਦਵਾਰੇ ਵਿਚ ਭਾਸ਼ਣ ਦੇਣ ਜਾਂਦੇ ਸਨ ਤਾਂ ਉਦੋਂ ਇਹ ਇਕ ਉੱਚੇ ਥੜੇ ਉਤੇ ਚੜ੍ਹ ਕੇ ਭਾਸ਼ਣ ਦਿੰਦੇ ਸਨ ਤੇ ਲੋਕੀ ਸੈਂਕੜਿਆਂ ਦੀ ਗਿਣਤੀ ਵਿਚ ਇਨ੍ਹਾਂ ਦਾ ਭਾਸ਼ਣ ਸੁਣਨ ਲਈ ਇਕੱਠੇ ਹੋ ਜਾਂਦੇ ਸਨ ਪਰ ਜਦੋਂ ਗ੍ਰੰਥੀ ਸਿੰਘ ਵਲੋਂ ਸੰਗਤਾਂ ਨੂੰ ਕੜਾਹ ਵਰਤਾਇਆ ਜਾਂਦਾ ਸੀ ਤਾਂ ਗਿਆਨੀ ਜੀ ਨੂੰ ਜੋੜਿਆਂ ਵਿਚ ਬਿਠਾ ਕੇ ਉਪਰੋਂ ਪ੍ਰਸਾਦ ਸੁੱਟ ਕੇ ਦਿਤਾ ਜਾਂਦਾ ਸੀ ਤੇ ਗਿਆਨੀ ਜੀ ਇਸ ਨੂੰ ਵਾਹਿਗੁਰੂ ਜੀ ਦਾ ਸ਼ੁਕਰ ਕਰ ਕੇ ਖਾ ਲੈਂਦੇ ਸਨ ਪਰ ਉਨ੍ਹਾਂ ਨੇ ਕਦੇ ਵੀ ਇਸ ਬਾਰੇ ਮੱਥੇ ਵੱਟ ਨਹੀਂ ਸੀ ਪਾਇਆ ਤੇ ਅਪਣੀ ਮੰਜ਼ਿਲ ਵਲ ਵਧਦੇ ਗਏ।

ਇਹੀ ਕਾਰਨ ਸੀ ਕਿ ਉਸ ਨੇ ਸ਼ਹਿਰਾਂ ਅਤੇ ਕਸਬਿਆਂ ਵਿਚ ਜਾ ਕੇ 37 ਸਿੰਘ ਸਭਾਵਾਂ ਕਾਇਮ ਕਰ ਕੇ ਸਿੱਖੀ ਦੇ ਪ੍ਰਚਾਰ ਨੂੰ ਅੱਗੇ ਤੋਰਿਆ। ਅੰਤ ਉੱਚ ਕੋਟੀ ਦਾ ਵਿਦਵਾਨ ਤੇ ਸਿੱਖੀ ਦਾ ਪ੍ਰਚਾਰਕ ਗਿਆਨੀ ਦਿੱਤ ਸਿੰਘ ਕਈ ਮੁਸ਼ਕਿਲਾਂ ਤੇ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਦਾ ਹੋਇਆ 6 ਸਤੰਬਰ 1901 ਨੂੰ ਸਦਾ ਲਈ ਇਸ ਦੁਨੀਆਂ ਨੂੰ ਛੱਡ ਗਿਆ।

ਗਿਆਨੀ ਦਿੱਤ ਸਿੰਘ ਜੀ ਦੀ ਸਾਲਾਨਾ ਬਰਸੀ ਹਰ ਸਾਲ ਖ਼ਾਲਸਾ ਬੁੰਗਾ, ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਪਿੰਡ ਕਲੌੜ ਵਿਖੇ ਮਨਾਈ ਜਾਂਦੀ ਹੈ। ਗਿਆਨੀ ਦਿੱਤ ਸਿੰਘ ਜੀ ਦੀ ਸੱਭ ਤੋਂ ਵੱਡੀ ਦੇਣ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਹੈ ਜਿਸ ਦੇ ਅਣਥੱਕ ਯਤਨਾਂ ਨਾਲ ਇਹ ਵਿਦਿਅਕ ਅਦਾਰਾ ਹੋਂਦ ਵਿਚ ਆਇਆ ਹੈ। ਇਹੀ ਵਜ੍ਹਾ ਹੈ ਕਿ ਕਾਲਜ ਵਲੋਂ ਹਰ ਸਾਲ ਗਿਆਨੀ ਜੀ ਦੇ ਨਾਂ ਉਤੇ ਕਿਸੇ ਵਿਸ਼ੇਸ਼ ਨੂੰ ਸਨਮਾਨਤ ਕੀਤਾ ਜਾਂਦਾ ਹੈ।

ਸੰਪਰਕ : 94175-83141