ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਗੁਰਮਤਿ ਸਮਾਗਮ
ਇਸ ਤਿੰਨ ਰੋਜ਼ਾ ਸਮਾਗਮ ਮੌਕੇ ਇਲਾਕੇ ਭਰ ਤੋਂ ਪੁੱਜੀਆ ਸੰਗਤਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ
ਮਿਲਾਨ (ਦਲਜੀਤ ਮੱਕੜ) ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਦਿਆਂ ਇਟਲੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਸਮਾਗਮ ਉਲੀਕੇ ਜਾ ਰਹੇ ਹਨ। ਇਸੇ ਲੜੀ ਤਹਿਤ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ।
ਇਸ ਤਿੰਨ ਰੋਜ਼ਾ ਸਮਾਗਮ ਮੌਕੇ ਇਲਾਕੇ ਭਰ ਤੋਂ ਪੁੱਜੀਆ ਸੰਗਤਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਸਮਾਗਮ ਦੀ ਰੌਣਕ ਨੂੰ ਵਧਾਇਆ। ਐਤਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਦੀਵਾਨਾਂ ਵਿੱਚ ਭਾਰਤ ਦੀ ਧਰਤੀ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਢਾਡੀ ਭਾਈ ਜਸਬੀਰ ਸਿੰਘ ਮੋਹਲਕੇ ਅਤੇ ਸਾਥੀਆਂ ਨੇ ਸੰਗਤਾਂ ਨੂੰ ਸਿੱਖ ਕੌਮ ਦਾ ਗੌਰਵਮਈ ਇਤਿਹਾਸ ਸਰਵਣ ਕਰਵਾਇਆ।
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਖ਼ਾਲਸਾ ਪੰਥ ਦੇ ਸਿਰਜਣਹਾਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਜਬਰ ਤੇ ਜ਼ੁਲਮ ਖ਼ਿਲਾਫ਼ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ, ਉੱਥੇ ਆਪਣੀ ਕਲਮ ਰਾਹੀਂ ਨਵੀਂ ਸਮਾਜਿਕ ਕ੍ਰਾਂਤੀ ਲਿਆਉਣ ’ਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਜਸ ਗਾਉਦਿਆਂ ਜੋ ਉਪਦੇਸ਼ ਤੇ ਸਿੱਖਿਆਵਾਂ ਸਾਨੂੰ ਦਿੱਤੀਆਂ ਸਨ, ਆਓ ਉਨ੍ਹਾਂ ਦੇ ਵੱਧ ਤੋਂ ਵੱਧ ਧਾਰਨੀ ਬਣੀਏ। ਪ੍ਰਬੰਧਕਾਂ ਵੱਲੋਂ ਢਾਡੀ ਜੱਥੇ ਨੂੰ ਸਿਰੋਪਾੳ ਭੇਟ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਨਿਰਮਲ ਸਿੰਘ, ਭੁੱਲਾ ਸਿੰਘ, ਕੁਲਬੀਰ ਸਿੰਘ ਮਿਆਣੀ, ਗੁਰਮੁੱਖ ਸਿੰਘ, ਨਿਸ਼ਾਨ ਸਿੰਘ, ਸਤਪਾਲ ਸਿੰਘ ਜੱਸ, ਬਿੱਲਾ ਬੋਰਗੋ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਲਖਵੀਰ ਸਿੰਘ ਅਤੇ ਵਿੱਕੀ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਖਸ਼ੀਸ਼ ਸਿੰਘ ਜੰਮੂ ਤੋਂ ਵੱਖ-ਵੱਖ ਸੇਵਾਦਾਰਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ।