Panthak News: 14 ਸਾਲ ਤੋਂ ਤਰਸਦੀਆਂ ਆ ਰਹੀਆਂ ਹਨ ਸੰਗਤਾਂ ਸ਼ਹੀਦੀ ਦਿਹਾੜੇ ਮੌਕੇ ਗੁਰਦਵਾਰਾ ਡੇਹਰਾ ਸਾਹਿਬ ਦੇ ਦਰਸ਼ਨ ਲਈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿਸਤਾਨ ’ਚ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ 16 ਜੂਨ ਨੂੰ ਮਨਾਇਆ ਜਾਂਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

Gurdwara Dehra Sahib

Panthak News: ਤਰੀਕਾਂ ਦੇ ਰੌਲ ਘਚੋਲੇ ਕਾਰਨ ਭਾਰਤ ਵਿਚ ਵਸਦੀਆਂ ਸਿੱਖ ਸੰਗਤਾਂ ਇਸ ਵਾਰ ਵੀ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਮੌਕੇ ’ਤੇ ਅੰਮ੍ਰਿਤਸਰ ਤੋਂ ਚੰਦ ਮੀਲ ਦੂਰ ਸਥਿਤ ਗੁਰਦਵਾਰਾ ਡੇਹਰਾ ਸਾਹਿਬ ਲਾਹੌਰ ਦੇ ਦਰਸ਼ਨ ਦੀਦਾਰ ਤੋਂ ਵਾਂਝੀਆਂ ਰਹਿਣਗੀਆਂ। ਭਾਰਤ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 28 ਜੇਠ ਭਾਵ 11 ਜੂਨ ਨੂੰ ਮਨਾਇਆ ਜਾ ਰਿਹਾ ਹੈ ਜਦਕਿ ਪਾਕਿਸਤਾਨ ਵਿਖੇ ਸਥਿਤ ਗੁਰੂ ਸਾਹਿਬ ਦੇ ਸ਼ਹੀਦੀ ਅਸਥਾਨ ਗੁਰਦਵਾਰਾ ਡੇਹਰਾ ਸਾਹਿਬ ਵਿਖੇ ਇਹ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ 16 ਜੂਨ ਨੂੰ ਮਨਾਇਆ ਜਾਂਦਾ ਹੈ।

ਦੇਸ਼ ਦੀ ਵੰਡ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਵਿਚ ਹੋਏ ਇਕ ਸਮਝੌਤੇ ਤਹਿਤ ਭਾਰਤ ਤੋਂ ਹਰ ਸਾਲ ਚਾਰ ਜਥੇ ਪਾਕਿਸਤਾਨ ਵਿਚ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਂਦੇ ਸਨ। ਜਿਨ੍ਹਾਂ ਵਿਚ ਖ਼ਾਲਸਾ ਸਾਜਨਾ ਦਿਵਸ (ਵੈਸਾਖੀ), ਸ਼ਹੀਦੀ ਦਿਹਾੜਾ ਸ੍ਰੀ ਗੁਰੂ ਅਰਜਨ ਦੇਵ ਜੀ, ਬਰਸੀ ਮਹਾਰਾਜਾ ਰਣਜੀਤ ਸਿੰਘ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਪੁਰਬ ਸ਼ਾਮਲ ਸਨ।

ਸਾਲ 2003 ਵਿਚ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਜਾਣ ਤੋਂ ਬਾਅਦ ਹਰ ਸਾਲ 16 ਜੂਨ ਨੂੰ ਭਾਰਤ ਤੇ ਪਾਕਿਸਤਾਨ ਸਮੇਤ ਪੂਰੀ ਦੁਨੀਆਂ ਵਿਚ ਸ੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣ ਲਗਾ। ਸਾਲ 2010 ਵਿਚ ਸਿਆਸੀ ਮਜਬੂਰੀਆਂ ਅਤੇ ਸੰਤ ਸਮਾਜ ਨੂੰ ਖ਼ੁਸ਼ ਰਖਣ ਕਰ ਕੇ ਤਖ਼ਤਾਂ ਦੇ ਜਥੇਦਾਰਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿਤਾ ਪਰ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਤੇ ਡਟ ਕੇ ਪਹਿਰਾ ਦਿਤਾ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਜਥਿਆਂ ਵਿਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ’ਤੇ ਜਾਣ ਵਾਲੇ ਜਥੇ ਦੀ ਕਟੌਤੀ ਕਰ ਦਿਤੀ ਜੋ ਅੱਜ ਵੀ ਨਿਰੰਤਰ ਜਾਰੀ ਹੈ।

ਪਿਛਲੇ 14 ਸਾਲ ਤੋਂ ਹਰ ਸਾਲ ਸੰਗਤਾਂ ਇਸ ਦਿਹਾੜੇ ਮੌਕੇ ’ਤੇ ਗੁਰਦਵਾਰਾ ਡੇਹਰਾ ਸਾਹਿਬ ਦੇ ਦਰ ਲਈ ਬਹਿਬਲ ਹੁੰਦੀਆਂ ਹਨ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਉਧਰ ਪਾਕਿਸਤਾਨ ਵਿਚ ਸਥਾਨਕ ਸੰਗਤਾਂ ਤੇ ਵਿਦੇਸ਼ ਤੋਂ ਆਏ ਗੁਰਸਿੱਖ ਇਸ ਦਿਹਾੜੇ ਮੌਕੇ ਤੇ ਗੁਰਮਤਿ ਸਮਾਗਮ ਕਰ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ  ਸਤਿਕਾਰ ਭੇਟ ਕਰਦੇ ਹਨ।