Ranjit Singh Dhadrianwale: ਪੰਜ ਸਿੰਘ ਸਾਹਿਬਾਨ ਨੇ ਰਣਜੀਤ ਸਿੰਘ ਢੱਡਰੀਆਂਵਾਲੇ ਦੀ ਖਿਮਾ ਯਾਚਨਾ ਕੀਤੀ ਪ੍ਰਵਾਨ
Ranjit Singh Dhadrianwale ਹਰਵਿੰਦਰ ਸਿੰਘ ਸਰਨਾ ਨੂੰ ਵੀ ਲਗਾਈ ਧਾਰਮਿਕ ਸੇਵਾ
Ranjit Singh Dhadrianwale appeared before the five Singh Sahibs: ਅੱਜ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਰਣਜੀਤ ਸਿੰਘ ਢੱਡਰੀਆਂਵਾਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਸਨਮੁੱਖ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਅਤੇ ਪੁਰਾਣੀ ਬਿਆਨਬਾਜ਼ੀ ਲਈ ਮੁਆਫ਼ੀ ਮੰਗੀ।
ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜ ਸਿੰਘ ਸਾਹਿਬਾਨ ਵੱਲੋਂ ਲਿਆ ਫ਼ੈਸਲਾ ਸੁਣਾਉਂਦਿਆਂ ਉਹਨਾਂ ਦੀ ਖਿਮਾ ਜਾਚਨਾ ਪ੍ਰਵਾਨ ਕੀਤੀ ਅਤੇ ਉਹਨਾਂ ਨੂੰ ਅੱਗੇ ਤੋਂ ਸਿੱਖ ਰਹਿਤ ਮਰਿਆਦਾ, ਪੰਥਕ ਰਵਾਇਤਾਂ ਅਨੁਸਾਰ ਸਿੱਖੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ।
ਇਸ ਦੇ ਨਾਲ ਹੀ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੇ ਪ੍ਰਚਾਰ ’ਤੇ ਲਗਾਈ ਰੋਕ ਹਟਾ ਦਿੱਤੀ ਗਈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ 501 ਰੁਪਏ ਦੀ ਦੇਗ ਕਰਵਾਉਣ ਦੇ ਹੁਕਮ ਦਿੱਤੇ ਗਏ।
ਇਸ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ। ਪੰਜ ਸਿੰਘ ਸਹਿਬਾਨਾਂ ਵੱਲੋਂ ਹਰਵਿੰਦਰ ਸਿੰਘ ਸਰਨਾ ਨੂੰ ਗ਼ੈਰ-ਵਾਜਬ ਟਿੱਪਣੀਆਂ ਲਈ ਧਾਰਮਿਕ ਸੇਵਾ ਸੁਣਾਈ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੂੰ 11 ਦਿਨ ਹਰ ਰੋਜ਼ ਪੰਜ ਜਪੁਜੀ ਸਾਹਿਬ ਜੀ ਦੇ ਪਾਠ ਅਤੇ ਦੋ ਚੋਪਈ ਸਾਹਿਬ ਦੇ ਪਾਠ ਕਰਨ ਦੀ ਤਨਖ਼ਾਹ ਲਗਾਈ। 11 ਦਿਨ ਬਾਅਦ ਉਹ ਗੁਰਦੁਆਰਾ ਬੰਗਲਾ ਸਾਹਿਬ ਵਿਖੇ 501 ਰੁਪਏ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣਗੇ।
ਇਸ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ, ਜਿਨ੍ਹਾਂ ਵਲੋਂ ਸਾਲ 2015 ਵਿਚ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲੇ ਪੱਤਰ ’ਤੇ ਦਸਤਖ਼ਤ ਕੀਤੇ ਗਏ ਸਨ, ਨੂੰ ਵੀ ਧਾਰਮਿਕ ਸੇਵਾ ਲਗਾਈ ਗਈ ਹੈ। ਉਹ 11 ਦਿਨ ਹਰ ਰੋਜ਼ 1 ਘੰਟਾ ਲੰਗਰ ਹਾਲ ਵਿਚ ਜੂਠੇ ਬਰਤਨਾਂ ਤੇ 1 ਘੰਟਾ ਜੋੜਾ ਘਰ ਵਿਚ ਸੇਵਾ ਕਰਨਗੇ। ਇਸ ਦੇ ਨਾਲ ਹੀ 11 ਦਿਨ 2 ਜਪੁਜੀ ਸਾਹਿਬ ਪਾਠ, ਤ੍ਵ ਪ੍ਰਸਾਦਿ ਸਵੱਯੇ ਦੇ 2 ਪਾਠ ਤੇ ਇੱਕ ਆਸਾ ਦੀ ਵਾਰ ਦਾ ਪਾਠ ਕਰਨਗੇ। ਇਸ ਉਪਰੰਤ 1100 ਰੁਪਏ ਦੀ ਦੇਗ਼ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਵਾਉਣਗੇ।
ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਘੇ ਸਿੱਖ ਵਿਦਵਾਨ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਪੰਜ ਪਿਆਰੇ ਗੁਰਪੁਰਵਾਸੀ ਭਾਈ ਮਲਕੀਤ ਸਿੰਘ ਖੰਡੂਰ ਦੇ ਪਰਿਵਾਰ ਨੂੰ ਉਨ੍ਹਾਂ ਦੀਆਂ ਸਿੱਖ ਪੰਥ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਦੇਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਅਤੇ ਹੋਰ ਸਿੰਘ ਸਾਹਿਬਾਨ ਵਲੋਂ ਸਿਰੋਪਾਓ, ਸ੍ਰੀ ਸਾਹਿਬ ਸਿੱਖ ਰਹਿਤ ਮਰਿਆਦਾ ਦੀ ਪੁਸਤਕ ਅਤੇ ਗਿਆਨੀ ਹਰਪਾਲ ਸਿੰਘ ਨੂੰ ਵਿਸ਼ੇਸ਼ ਚਾਂਦੀ ਦੀ ਤਸ਼ਤਰੀ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।