SGPC News: ਸ਼੍ਰੋੋਮਣੀ ਕਮੇਟੀ ਨੇ ਸਾਰਾਗੜ੍ਹੀ ਨਿਵਾਸ ਦੇ ਨਾਂ ’ਤੇ ਚਲਦੀ ਜਾਅਲੀ ਵੈੱਬਸਾਈਟ ਕਰਵਾਈ ਬੰਦ
ਸ਼੍ਰੋਮਣੀ ਕਮੇਟੀ ਦੇ ਇੰਟਰਨੈੱਟ ਵਿਭਾਗ ਨੇ ਸਾਰਾਗੜ੍ਹੀ ਨਿਵਾਸ ਦੇ ਨਾਂ ’ਤੇ ਚਲਾਈ ਜਾ ਰਹੀ ਜਾਅਲੀ ਵੈੱਬਸਾਈਟ ਦਾ ਆਈ.ਪੀ. ਐਡਰੈਸ ਪਤਾ ਲਗਾ ਕੇ ਇਸ ਕਾਰਵਾਈ ਨੂੰ ਪੂਰਾ ਕੀਤਾ
SGPC News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਰਾਗੜ੍ਹੀ ਨਿਵਾਸ ਵਿਖੇ ਕਮਰਾ ਰਾਖਵਾਂ ਕਰਨ ਦੇ ਨਾਂ ’ਤੇ ਸੰਗਤਾਂ ਨਾਲ ਨਕਲੀ ਵੈੱਬਸਾਈਟ ਜ਼ਰੀਏ ਠੱਗੀ ਮਾਰਨ ਵਾਲੇ ਖਾਤੇ ਨੂੰ ਬੰਦ ਕਰਵਾ ਦਿਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਇੰਟਰਨੈੱਟ ਵਿਭਾਗ ਨੇ ਸਾਰਾਗੜ੍ਹੀ ਨਿਵਾਸ ਦੇ ਨਾਂ ’ਤੇ ਚਲਾਈ ਜਾ ਰਹੀ ਜਾਅਲੀ ਵੈੱਬਸਾਈਟ ਦਾ ਆਈ.ਪੀ. ਐਡਰੈਸ ਪਤਾ ਲਗਾ ਕੇ ਇਸ ਕਾਰਵਾਈ ਨੂੰ ਪੂਰਾ ਕੀਤਾ ਹੈ।
ਇਸ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਪਰੰਤੂ ਪੁਲਿਸ ਵਲੋਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰਗਤਾਂ ਨਾਲ ਜੁੜਿਆ ਇਹ ਬੇਹੱਦ ਗੰਭੀਰ ਮਾਮਲਾ ਹੈ ਕਿਉਂਕਿ ਪਿਛਲੇ ਕੁੱਝ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸਰਾਵਾਂ ਵਿਖੇ ਕਮਰਾ ਰਾਖਵਾਂ ਕਰਵਾਉਣ ਦੇ ਨਾਂ ’ਤੇ ਕੁੱਝ ਸ਼ਰਧਾਲੂਆਂ ਨਾਲ ਠੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਨਕਲੀ ਵੈੱਬਸਾਈਟ ਦਾ ਆਈ.ਪੀ. ਐਡਰੈਸ ਪਤਾ ਲਗਾ ਕੇ ਇਸ ਨੂੰ ਫ਼ਿਲਹਾਲ ਬੰਦ ਕਰਵਾਇਆ ਹੈ ਅਤੇ ਹੁਣ ਪੁਲਿਸ ਪ੍ਰਸ਼ਾਸਨ ਦੀ ਜ਼ੁੰਮੇਵਾਰੀ ਹੈ ਕਿ ਉਹ ਇਸ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਹੀ ਠੱਗੀ ਦਾ ਸ਼ਿਕਾਰ ਹੋਈਆਂ ਸੰਗਤਾਂ ਦੇ ਪੈਸੇ ਵੀ ਵਾਪਸ ਕਰਵਾਏ ਜਾਣ।
ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸਰਾਵਾਂ ਦੇ ਮੈਨੇਜਰ ਸ. ਗੁਰਪ੍ਰੀਤ ਸਿੰਘ ਨੇ ਦਸਿਆ ਕਿ ਇਕ ਠੱਗ ਵਲੋਂ ਸਾਰਾਗੜ੍ਹੀ ਨਿਵਾਸ ਦੇ ਨਾਂ ’ਤੇ ਇਕ ਨਕਲੀ ਵੈੱਬਸਾਈਟ ਬਣਾ ਕੇ ਕਮਰੇ ਬੁੱਕ ਕਰਨ ਸਬੰਧੀ ਧੋਖਾਧੜੀ ਕੀਤੀ ਜਾ ਰਹੀ ਸੀ ਜਿਸ ਦਾ ਪਤਾ ਲਗਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਇੰਟਰਨੈੱਟ ਵਿਭਾਗ ਨੇ ਅਪਣੀ ਕਾਰਵਾਈ ਆਰੰਭੀ ਅਤੇ ਇਹ ਨਕਲੀ ਵੈੱਬਸਾਈਟ ਬੰਦ ਕਰਵਾਈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਆਨਲਾਈਨ ਤਰੀਕੇ ਨਾਲ ਕਮਰਾ ਰਾਖਵਾਂ ਕਰਵਾਉਣ ਲਈ ਸ਼੍ਰੋੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ www.sgpcsarai.com ਦੀ ਹੀ ਵਰਤੋਂ ਕਰਨ।