ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਖ਼ੁਰਦ ਬੁਰਦ ਹੋਏ ਸਮਾਨ ਦੇ ਨਿਤ ਨਵੇਂ ਤੱਥ ਆ ਰਹੇ ਹਨ ਸਾਹਮਣੇ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਖ਼ਰ ਗੁਰੂ ਗੋਬਿੰਦ ਸਿੰਘ ਦੇ ਦਸਤਖ਼ਤਾਂ ਵਾਲੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਥੇ ਗਈ?

Sikh Reference Library

ਅੰਮ੍ਰਿਤਸਰ : ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਖ਼ੁਰਦ ਬੁਰਦ ਹੋਏ ਸਮਾਨ ਦੇ ਨਿਤ ਨਵੇਂ ਤੱਥ ਸਾਹਮਣੇ ਆ ਰਹੇ ਹਨ। ਰੋਜ਼ਾਨਾ ਸਪੋਕਸਮੈਨ ਵਲੋਂ ਜਦ 8 ਜੂਨ ਦੇ ਅੰਕ ਵਿਚ ਇਸ ਮਾਮਲੇ ਨੂੰ ਪ੍ਰਮੁਖਤਾ ਨਾਲ ਪ੍ਰਕਾਸ਼ਤ ਕੀਤਾ ਸੀ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ 'ਤੇ 13 ਜੂਨ ਨੂੰ ਮੀਟਿੰਗ ਕਰ ਕੇ ਇਕ ਹਾਈ ਪਾਵਰ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ। ਕਰੀਬ 16 ਜੂਨ ਨੂੰ ਸ਼੍ਰੋਮਣੀ ਕਮੇਟੀ ਨੇ ਇਕ ਹਾਈ ਪਾਵਰ ਕਮੇਟੀ ਦੇ ਗਠਨ ਕੀਤਾ ਸੀ ਜਿਸ ਵਿਚ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੋਫ਼ੈਸਰ  ਕ੍ਰਿਪਾਲ ਸਿੰਘ ਬਡੂੰਗਰ , ਮੁੱਖ ਸਕੱਤਰ ਡਾਕਟਰ ਰੂਪ ਸਿੰਘ, ਸਾਬਕਾ ਸਕੱਤਰ ਸ. ਦਿਲਮੇਘ ਸਿੰਘ ਅਤੇ ਪ੍ਰੋਫ਼ੈਸਰ ਅਮਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ।

ਇਸ ਕਮੇਟੀ ਦੀਆਂ ਦੋ ਮੀਟਿੰਗਾਂ ਹੋ ਚੁਕੀਆਂ ਹਨ ਪਰ ਇਹ ਮੀਟਿੰਗਾਂ ਬਿਨਾਂ ਨਤੀਜੇ ਦੇ ਖ਼ਤਮ ਹੋ ਗਈਆਂ। ਦਸਿਆ ਜਾ ਰਿਹਾ ਹੈ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਸਮਾਨ ਦਾ ਵੱਡਾ ਹਿੱਸਾ ਫ਼ੌਜ ਵਲੋਂ ਵਾਪਸ ਕਰ ਦਿਤਾ ਗਿਆ ਸੀ, ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਹਵਾ ਤਕ ਨਹੀਂ ਸੀ ਨਿਕਲਣ ਦਿਤੀ ਤੇ ਲਾਇਬ੍ਰੇਰੀ ਦਾ ਬੇਸ਼ਕੀਮਤੀ ਸਮਾਨ ਖ਼ੁਰਦ ਬੁਰਦ ਹੋਣਾ ਸ਼ੁਰੂ ਹੋ ਗਿਆ ਸੀ। ਇਸ ਸਮਾਨ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤਾਂ ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਸੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਬੀੜ ਵਿਦੇਸ਼ ਵਿਚ ਲਿਜਾ ਕੇ 4000 ਪਾਉਂਡ ਵਿਚ ਵੇਚ ਦਿਤੀ ਗਈ ਸੀ। ਇਸ ਵਿਚ ਸ਼੍ਰੋਮਣੀ ਕਮੇਟੀ ਦੇ ਇਕ ਪ੍ਰਚਾਰਕ ਦੇ ਨਾਲ ਨਾਲ ਕੁੱਝ ਜ਼ਿੰਮੇਵਾਰ ਵਿਅਕਤੀਆਂ ਦਾ ਨਾਮ ਵੀ ਆ ਰਿਹਾ ਸੀ। ਇਹ ਮਾਮਲਾ 8 ਜੂਨ ਤੋਂ ਲੈ ਕੇ ਅੱਜ ਤਕ ਧੁਖਦਾ ਰਿਹਾ।

ਇਸ ਵਿਚ ਨਵਾਂ ਮੋੜ ਉਸ ਸਮੇਂ ਆਇਆ ਜਦ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਦੇ ਸਾਬਕਾ ਮੈਂਬਰ ਹਰਬੰਸ ਸਿੰਘ ਮੰਝਪੁਰ ਨੇ ਸਾਫ਼ ਸ਼ਬਦਾਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਰਹੇ ਬਲਬੀਰ ਸਿੰਘ ਚੰਗਿਆੜਾ ਦਾ ਨਾਮ ਲਿਆ ਤੇ ਦਸਿਆ ਕਿ ਇਹ ਬੀੜ ਤੇ ਕੁੱਝ ਪੁਰਾਣੇ ਸ਼ਸਤਰ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਨਾਲ ਬਲਬੀਰ ਸਿੰਘ ਚੰਗਿਆੜਾ ਹੀ ਵਿਦੇਸ਼ ਲੈ ਕੇ ਗਏ ਸਨ। ਅੱਜ ਬਲਬੀਰ ਸਿੰਘ ਚੰਗਿਆੜਾ ਨੇ ਅਪਣੇ ਦੋਸਤ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਨਾਲ ਸੋਸ਼ਲ ਸਾਇਟ ਫ਼ੇਸਬੁਕ 'ਤੇ ਗੱਲ ਕਰਦਿਆਂ ਉਨ੍ਹਾਂ ਨੂੰ ਦਸਿਆ ਕਿ ਉਹ ਇਹ ਸਰੂਪ ਅਕਾਲ ਤਖ਼ਤ ਸਾਹਿਬ ਤੇ ਝੰਡੇ ਬੁੰਗੇ ਜਿਥੇ ਬਿਰਧ ਸਰੂਪ ਜਮ੍ਹਾਂ ਕਰਵਾਏ ਜਾਂਦੇ ਹਨ ਵਿਖੇ ਪਲੰਘ 'ਤੇ ਛਡ ਕੇ ਅਰਦਾਸੀਆ ਸਿੰਘ ਕੋਲੋਂ ਅਰਦਾਸ ਕਰਵਾ ਕੇ ਆਏ ਸਨ।

ਅਰਦਾਸ ਕਰਵਾ ਕੇ ਉਨ੍ਹਾਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਵੀ ਦਸਿਆ ਸੀ ਤੇ ਉਨਾਂ ਭਾਵ ਵੇਦਾਂਤੀ ਨੇ ਬਿਆਨ ਵੀ ਦਿਤਾ ਸੀ ਕਿ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆ ਗਿਆ ਹੈ। ਇਹ ਹੱਥ ਲਿਖਤ ਸਰੂਪ ਹੈ ਤੇ ਅਸੀ ਰਾਮਸਰ ਤੋਂ ਲੈ ਕੇ ਗਏ ਸਾਂ। ਇਸ ਬਿਆਨ ਤੋਂ ਬਾਅਦ ਨਵਾਂ ਵਿਵਾਦ ਪੈਦਾ ਹੋ ਗਿਆ ਹੈ ਕਿ ਆਖ਼ਰ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਦੇ ਦਸਤਖ਼ਤਾਂ ਵਾਲੀ ਬੀੜ ਗਈ ਕਿਥੇ? ਜਿਸ ਤਰੀਕੇ ਨਾਲ ''ਹਾਈ ਪਾਵਰ'' ਕਮੇਟੀ ਦੀ ਜਾਂਚ ਚਲ ਰਹੀ ਹੈ ਉਸ ਨੂੰ ਦੇਖ ਕੇ ਨਹੀਂ ਲਗਦਾ ਕਿ ਇਹ ਜਾਂਚ ਕਿਸੇ ਤਨ ਪਤਣ ਲੱਗੇਗੀ।