ਈਕੋਸਿੱਖ ਸੰਸਥਾ ਦੁਆਰਾ ਮੋਗੇ 'ਚ ਗੁਰੂ ਨਾਨਕ ਬਾਗ਼ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਾਸ਼ਿੰਗਟਨ ਸਥਿਤ ਸੰਸਥਾ, ਈਕੋਸਿੱਖ ਵਲੋਂ ਇਕ ਨਿਵੇਕਲੇ ਉਪਰਾਲੇ ਤਹਿਤ ਗੁਰਬਾਣੀ ਦੇ ਆਸ਼ੇ ਅਨੁਸਾਰ, ਪੰਜਾਬ ਵਿਚ ਅਪਣੀ ਕਿਸਮ ਦੇ ਪਹਿਲੇ ਹਰਿਆਵਲ-ਭਰਪੂਰ ਬਾਗ਼.............

Planting Plants by member of EcoSikh Institution

ਮੋਗਾ : ਵਾਸ਼ਿੰਗਟਨ ਸਥਿਤ ਸੰਸਥਾ, ਈਕੋਸਿੱਖ ਵਲੋਂ ਇਕ ਨਿਵੇਕਲੇ ਉਪਰਾਲੇ ਤਹਿਤ ਗੁਰਬਾਣੀ ਦੇ ਆਸ਼ੇ ਅਨੁਸਾਰ, ਪੰਜਾਬ ਵਿਚ ਅਪਣੀ ਕਿਸਮ ਦੇ ਪਹਿਲੇ ਹਰਿਆਵਲ-ਭਰਪੂਰ ਬਾਗ਼ ਦਾ ਉਦਘਾਟਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈਕੋਸਿੱਖ ਸੰਸਥਾ ਦੇ ਕੌਮਾਂਤਰੀ ਪ੍ਰਧਾਨ ਸੁਪਰੀਤ ਕੌਰ ਨੇ ਦਸਿਆ ਕਿ ਈਕੋਸਿੱਖ ਸੰਸਥਾ ਵਲੋਂ 2019 ਵਿਚ ਆ ਰਹੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ, ਪੱਤੋ ਹੀਰਾ ਸਿੰਘ ਦੇ ਸਮੂਹ ਨਗਰ ਨਿਵਾਸੀ ਅਤੇ ਪੱਤੋ ਈਕੋ ਟ੍ਰੀ ਐਂਡ ਲੈਂਡਸਕੇਪ ਸੁਸਾਇਟੀ (ਪੈਟਲਸ) ਦੇ ਸਹਿਯੋਗ ਨਾਲ 'ਗੁਰੂ ਨਾਨਕ ਬਾਗ਼' ਦੀ ਸ਼ੁਰੂਆਤ ਕੀਤੀ ਗਈ ਹੈ,

ਜਿਥੇ ਕਿ 5-ਕਿਲੇ ਜ਼ਮੀਨ 'ਤੇ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ ਗਏ ਹਨ। ਧਾਰਮਕ ਮਹੱਤਤਾ ਦੇ ਪੱਖ ਤੋਂ ਮੋਗਾ ਦੇ ਇਸ ਅਸਥਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ-ਨਾਲ ਪਾਤਸ਼ਾਹੀ ਛੇਵੀਂ, ਸੱਤਵੀਂ ਅਤੇ ਦਸਵੀਂ ਦੀ ਚਰਨ-ਛੋਹ ਪ੍ਰਾਪਤ ਹੈ। ਸੁਪ੍ਰੀਤ ਕੌਰ ਨੇ ਕਿਹਾ, “ਸਿੱਖ ਇਤਿਹਾਸ ਵਿਚ ਇਹ ਅਜਿਹਾ ਪਹਿਲਾ ਅਸਥਾਨ ਬਣਨ ਜਾ ਰਿਹਾ ਹੈ ਜਿਥੇ ਕਿ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਕਈ ਪਰਜਾਤੀਆਂ ਦੇ ਰੁੱਖ ਇਕੋ ਥਾਂ ਲਗਾਏ ਗਏ ਹੋਣ। 

ਈਕੋਸਿੱਖ ਸੰਸਥਾ ਦੇ ਅੰਤਰ-ਰਾਸ਼ਟਰੀ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ, “ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਕੁਦਰਤ-ਪ੍ਰੇਮ ਪ੍ਰਤੀ ਦਿਤੀਆਂ ਗਈਆਂ ਸਿਖਿਆਵਾਂ ਅਤੇ ਸਿੱਖ ਧਰਮ ਦੇ ਕੁਦਰਤ ਦੇ ਸਬੰਧਾਂ ਵਾਲੇ ਫ਼ਲਸਫ਼ੇ ਨੂੰ ਸਮੁੱਚੇ ਸੰਸਾਰ ਤਕ ਪਹੁੰਚਾਉਣ ਦਾ ਟੀਚਾ ਲੈ ਕੇ ਚਲੇ ਹਾਂ ਜਿਸ ਲਈ ਇਹ ਸੱਭ ਤੋਂ ਵਧੀਆ ਢੰਗ ਹੈ। ਸਾਡਾ ਵਿਸ਼ਵਾਸ ਹੈ ਕਿ ਇਹ ਪ੍ਰਾਜੈਕਟ ਨਾ ਕੇਵਲ ਪੰਜਾਬ ਬਲਕਿ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆਂ ਨੂੰ ਸਾਡੇ ਗੁਰੂਆਂ ਦੀ ਵਿਚਾਰਧਾਰਾ ਪ੍ਰਤੀ ਪ੍ਰੇਰਤ ਕਰੇਗਾ।