ਭਾਈ ਮੰਡ ਨੇ ਗਿਆਨੀ ਇਕਬਾਲ ਸਿੰਘ ਨੂੰ ਪੰਥ ਵਿਚੋਂ ਛੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਅਗੱਸਤ ਤਕ ਮਾਫ਼ੀ ਨਾ ਮੰਗੀ ਤਾਂ ਕਾਰਵਾਈ ਹੋਵੇਗੀ

File Photo

ਅੰਮ੍ਰਿਤਸਰ: ਭਾਈ ਧਿਆਨ ਸਿੰਘ ਮੰਡ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਵਿਚੋਂ ਛੇਕਣ ਦੀਆਂ ਸਾਰੀਆਂ ਪ੍ਰੰਪਰਾਵਾਂ ਨੂੰ ਛਿੱਕੇ ਟੰਗਦਿਆਂ ਅੱਜ ਇਕ ਗਲੀ ਵਿਚ ਖੜੇ ਹੋ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪੰਥ ਵਿਚੋਂ ਛੇਕ ਦਿਤਾ।

5 ਅਗੱਸਤ ਨੂੰ ਅਯੋਧਿਆ ਵਿਚ ਰਾਮ ਮੰਦਰ ਦੇ ਸਮਾਗਮ ਵਿਚ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦਸਣ ਵਾਲੇ ਅਤੇ ਸਿੱਖਾਂ ਦੀ ਅਜ਼ਾਦ ਹਸਤੀ ਤੇ ਅਡਰੀ ਹੌਂਦ ਨੂੰ ਚੁਨੌਤੀ ਦੇਣ ਵਾਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਬਾਰੇ ਫ਼ੈਸਲਾ ਸੁਣਾਉਂਦੇ ਹੋਏ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਦੇ ਨਾਮ ਨਾਲੋਂ ਸਿੰਘ, ਗਿਆਨੀ ਤੇ ਜਥੇਦਾਰ ਸ਼ਬਦ ਹਟਾ ਦਿਤਾ ਗਿਆ ਤੇ ਉਸ ਨੂੰ ਪੰਥ ਵਿਚੋਂ ਖ਼ਾਰਜ ਕਰ ਦਿਤਾ ਗਿਆ ਹੈ।

ਉਨ੍ਹਾਂ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਕੋਈ ਵੀ ਸਿੱਖ ਗਿਆਨੀ ਇਕਬਾਲ ਸਿੰਘ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੇ। ਅੱਜ ਪੱਤਰਕਾਰਾਂ ਨੂੰ ਇਸ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਭਾਈ ਮੰਡ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੂੰ ਅਪਣਾ ਪੱਖ ਪੇਸ਼ ਕਰਨ ਲਈ 20 ਅਗੱਸਤ ਤਕ ਦਾ ਸਮਾਂ ਦਿਤਾ ਸੀ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿਤਾ ਜਿਸ ਤੋਂ ਬਾਅਦ ਪੰਥਕ ਰਹੁਰੀਤਾਂ ਮੁਤਾਬਕ ਉਨ੍ਹਾਂ ਵਿਰੁਧ ਇਹ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਵੀ 27 ਅਗੱਸਤ ਤਕ ਸਿੱਖ ਕੌਮ ਕੋਲੋਂ ਮਾਫ਼ੀ ਮੰਗ ਲੈਣ ਨਹੀਂ ਤਾਂ ਉਨ੍ਹਾਂ ਵਿਰੁਧ ਧਾਰਾ 295 ਏ ਮੁਤਾਬਕ ਮਾਮਲੇ ਦਰਜ ਕਰਵਾਏ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਪਣੇ ਭਾਸ਼ਨ ਵਿਚ ਗੋਬਿੰਦ ਰਮਾਇਣ ਦਾ ਜ਼ਿਕਰ ਕੀਤੇ ਜਾਣ ਬਾਰੇ ਬੋਲਦਿਆਂ ਭਾਈ ਮੰਡ ਨੇ ਕਿਹਾ ਕਿ ਅਸੀ ਉਨ੍ਹਾਂ ਨੂੰ 27 ਅਗੱਸਤ ਤਕ ਦਾ ਸਮਾਂ ਦਿਤਾ ਹੈ।

ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਅਗੱਸਤ ਤਕ ਪੰਥ ਕੋਲੋਂ ਮਾਫ਼ੀ ਨਾ ਮੰਗੀ ਤਾਂ ਅਸੀ ਉਸ ਵਿਰੁਧ ਧਾਰਾ 295 ਏ ਤਹਿਤ ਪਰਚੇ ਦਰਜ ਕਰਵਾਵਾਂਗੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 6 ਸਤੰਬਰ ਤਕ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਉਹ ਬਰਗਾੜੀ ਮੋਰਚੇ ਵਿਚ ਕੀਤੇ ਵਾਅਦੇ ਪੂਰੇ ਕਰਨ। ਅੱਜ ਦੇ ਇਸ ਹੁਕਮਨਾਮੇ ਤੇ ਭਾਈ  ਜਥੇਦਾਰ ਰਾਜਾਰਾਜ ਸਿੰਘ, ਬਾਬਾ ਨਛੱਤਰ ਸਿੰਘ ਕਲਰਭੈਣੀ, ਬਲਵੰਤ ਸਿੰਘ ਗੋਪਾਲਾ ਤੇ ਬਾਬਾ ਹਿੰਮਤ ਸਿੰਘ ਦੇ ਦਸਤਖ਼ਤ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।