Panthak News: ਸਿੱਖ ਬੰਦੀਆਂ ਦੇ ਹਮਾਇਤੀਆਂ ਤੇ ਗ਼ਦਾਰਾਂ ਦੀ ਪਛਾਣ ਕਰਨ ਦੀ ਲੋੜ : ਰਮਨਦੀਪ ਸਿੰਘ ਸੋਨੂੰ
Panthak News: ‘ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਤੋਂ ਬੰਦੀਆਂ ਦੀ ਰਿਹਾਈ ਲਈ ਲੜਦਾ ਆ ਰਿਹੈ’
Panthak News: ਸਿੱਖ ਬੰਦੀਆਂ ਦੀ ਰਿਹਾਈ ਲਈ ਅਸਲ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਨੇ ਵਿੱਢਿਆ ਹੋਇਆ ਹੈ। ਰੱਖੜ ਪੁੰਨਿਆ ਮੌਕੇ, ਬਾਬਾ ਬਕਾਲਾ ਵਿਖੇ ਹੋਈ ਸਿਆਸੀ ਕਾਨਫ਼ਰੰਸ ਵਿਚ ਸਿੱਖ ਬੰਦੀ ਭਾਈ ਗੁਰਦੀਪ ਸਿੰਘ ਖੇੜਾ ਨੇ ਭਾਰੀ ਇਕੱਠ ਵਿਚ ਸਿੱਖ ਬੰਦੀਆਂ ਦੇ ਨਾਂ ’ਤੇ ਖੇਡੀ ਜਾ ਰਹੀ ਸਿਆਸਤ ਦਾ ਪਰਦਾਫਾਸ਼ ਕਰ ਕੇ, ਦੱਸ ਦਿਤਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿੱਖ ਬੰਦੀਆਂ ਦੇ ਹੱਕਾਂ ਲਈ ਕਿਸ ਹੱਦ ਤਕ ਸਮਰਪਤ ਸਨ ਤੇ ਹਨ। ਅੱਜ ਇੱਥੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਨੇ ਕੀਤਾ।
ਉਨ੍ਹਾਂ ਕਿਹਾ ਕਿ ਭਾਈ ਖੇੜਾ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਥਕ ਕਹਾਉਂਦੇ ਲੋਕਾਂ ਨੇ ਬੰਦੀਆਂ ਦੇ ਨਾਮ ’ਤੇ ਕਿਵੇਂ ਵਿਦੇਸ਼ਾਂ ਤੋਂ ਡਾਲਰ ਇਕੱਠੇ ਕਰ ਕੇ ਅਪਣੇ ਘਰ ਭਰੇ ਹਨ, ਪਰ ਬੰਦੀਆਂ ਲਈ ਕੱਖ ਨਹੀਂ ਕੀਤਾ, ਉਹੀ ਪੰਥਕ ਬਣ ਬੈਠੇ ਬੰਦੇ, ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਭੰਡ ਰਹੇ ਹਨ ਤਾਂ ਕਿ ਸਿੱਖਾਂ ਦੀ ਰਾਜਸੀ ਸ਼ਕਤੀ ਨੂੂੰ ਖ਼ਤਮ ਕੀਤਾ ਜਾ ਸਕੇ। ਸੋਨੂੰ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬੰਦੀਆਂ ਦੀ ਰਿਹਾਈ ਲਈ ਕੇਂਦਰ ਕੋਲ ਆਵਾਜ਼ ਚੁੱਕਦਾ ਆ ਰਿਹਾ ਹੈ, ਪਰ ਦਿੱਲੀ ਕਮੇਟੀ ਵਰਗੀ ਪੰਥਕ ਕਮੇਟੀਆਂ ’ਤੇ ਕਾਬਜ਼ ਬੰਦੇ ‘ਸਰਕਾਰੀ ਪਿੱਠੂ’ ਬਣ ਕੇ ਸਿੱਖ ਬੰਦੀਆਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ’ਤੇ ਤੁੱਲੇ ਹੋਏ ਹਨ।