ਗਿਆਨੀ ਹਰਪ੍ਰੀਤ ਸਿੰਘ ਦਾ ਆਰਐਸਐਸ ਵਿਰੁਧ ਬਿਆਨ, ਬਾਦਲਾਂ ਦੀ ਸ਼ਹਿ 'ਤੇ : ਭਾਈ ਰਣਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰਣਜੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਸ਼ਾਨਾਂਮਤੇ ਇਤਿਹਾਸ ਅਤੇ ਇਸ ਦੀ ਪਵਿੱਤਰ ਅਜ਼ਮਤ ਨੂੰ ਬਾਦਲ ਨੇ ਅਪਣੇ ਪੈਰਾਂ ਥੱਲੇ ਲੰਮੇ ਸਮੇਂ ਤੋਂ ਰੋਲਿਆ ਹੈ।

Bhai Ranjit Singh

ਬਠਿੰਡਾ  (ਸੁਖਜਿੰਦਰ ਮਾਨ) : ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਆਰ.ਐਸ.ਐਸ ਤੋਂ ਸਿੱਖਾਂ ਤੋਂ ਖ਼ਤਰੇ ਵਾਲੇ ਦਿਤੇ ਬਿਆਨ ਨੂੰ ਬਾਦਲ ਪਰਵਾਰ ਦੀ ਗਿਣੀ-ਮਿਥੀ ਸਿਆਸਤ ਕਰਾਰ ਦਿਤਾ ਹੈ।

ਅੱਜ ਸਥਾਨਕ ਗੁਰਦੁਆਰਾ ਗੁਰੂ ਨਾਨਕ ਪੁਰਾ ਵਿਖੇ ਇਕ ਸਮਾਗਮ ਵਿਚ ਹਿੱਸਾ ਲੈਣ ਪੁੱਜੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਸ਼ਾਨਾਂਮਤੇ ਇਤਿਹਾਸ ਅਤੇ ਇਸ ਦੀ ਪਵਿੱਤਰ ਅਜ਼ਮਤ ਨੂੰ ਬਾਦਲ ਨੇ ਅਪਣੇ ਪੈਰਾਂ ਥੱਲੇ ਲੰਮੇ ਸਮੇਂ ਤੋਂ ਰੋਲਿਆ ਹੈ।

ਉਨ੍ਹਾਂ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਲਈ ਵੀ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ,''ਬਾਦਲ ਨੇ ਅਕਾਲੀ ਦਲ, ਪ੍ਰਬੰਧਕ ਕਮੇਟੀ ਅਤੇ ਪਾਵਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਾਹੀਂ ਪੰਥ ਕੋਲੋਂ ਰਾਜਸੀ ਤਾਕਤ ਲਈ ਹੈ, ਪਰ ਅੱਜ ਪੰਥ ਦੀਆਂ ਇਨ੍ਹਾਂ ਸੰਸਥਾਵਾਂ ਨੂੰ ਹੀ ਪੰਥ ਅਤੇ ਗ੍ਰੰਥ ਦੇ ਵਿਰੁਧ ਖੜਾ ਕਰ ਦਿਤਾ ਹੈ।'' ਇਸ ਤੋਂ ਇਲਾਵਾ ਸਥਾਨਕ ਸਿਵਲ ਲਾਈਨ ਕਲੱਬ ਨੂੰ ਲੈ ਕੇ ਬਲਜੀਤ ਸਿੰਘ ਦਾਦੂਵਾਲ ਅਤੇ ਕਮੇਟੀ ਵਿਚਕਾਰ ਚਲ ਰਹੇ ਮਾਮਲੇ 'ਤੇ ਟਿਪਣੀ ਕਰਦਿਆਂ

ਉਨ੍ਹਾਂ ਕਿਹਾ,''ਅਕਾਲ ਤਖ਼ਤ ਸਾਹਿਬ ਵਲੋਂ ਪਹਿਲਾਂ ਹੀ ਜ਼ਮੀਨੀ ਵਿਵਾਦਤ ਮਾਮਲਿਆਂ ਅਤੇ ਕਲੱਬਾਂ ਆਦਿ ਵਿਚ ਸਮਾਗਮ ਕਰਨ ਦੀ ਮਨਾਹੀ ਕੀਤੀ ਹੋਈ ਹੈ।'' ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਵਲੋਂ ਰਣਜੀਤ ਸਿੰਘ ਦਾ ਸਨਮਾਨ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।