ਮੁੱਖ ਮੰਤਰੀ ਹਰਿਆਣਾ ਨੇ ਵੋਟਾਂ ਰੱਦ ਕਰਨ ਦੇ ਦਿਤੇ ਹਨ ਹੁਕਮ, ਦਿੱਲੀ ਕਮੇਟੀ ਦਾ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਰਸਾ ਦੀ ਅਗਵਾਈ ਹੇਠ ਦਿੱਲੀ ਕਮੇਟੀ ਦੇ ਵਫ਼ਦ ਵਲੋਂ ਖੱਟਰ ਨਾਲ ਮੁਲਾਕਾਤ

File Photo

ਨਵੀਂ ਦਿੱਲੀ, 20 ਅਕਤੂਬਰ (ਅਮਨਦੀਪ ਸਿੰਘ): ਸੌਦਾ ਸਾਧ ਤੇ ਨਿਰੰਕਾਰੀਆਂ ਦੇ ਪੈਰੋਕਾਰਾਂ ਦੀਆਂ ਹਰਿਆਣਾ ਗੁਰਦਵਾਰਾ ਕਮੇਟੀ ਚੋਣਾਂ ਵਿਚ ਵੋਟਾਂ ਨਹੀਂ ਬਣ ਸਕਣਗੀਆਂ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹੁਣ ਤਕ ਬਣੀਆਂ ਉਕਤ ਦੋਹਾਂ ਦੇ ਪੈਰੋਕਾਰਾਂ ਦੀਆਂ ਵੋਟਾਂ ਰੱਦ ਕਰਨ ਦੇ ਹੁਕਮ ਦੇ ਦਿਤੇ ਹਨ।
ਇਥੇ ਦਿੱਲੀ ਕਮੇਟੀ ਵਲੋਂ ਮੀਡੀਆ ਦੇ ਨਾਮ ਜਾਰੀ ਇਕ ਬਿਆਨ ਵਿਚ ਇਹ ਦਾਅਵਾ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।

ਉਨ੍ਹਾਂ ਦਸਿਆ,“ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜੱਥੇ: ਗਿਆਨੀ ਹਰਪ੍ਰੀਤ ਸਿੰਘ ਵਲੋਂ ਸੌਦਾ ਸਾਧ ਤੇ ਨਿਰੰਕਾਰੀਆਂ ਦੀਆਂ ਵੋਟਾਂ ਦਾ ਮਸਲਾ ਚੁਕਿਆ ਗਿਆ ਸੀ ਜਿਸ ਪਿਛੋਂ ਭਾਜਪਾ ਦੇ  ਕੌਮੀ ਸਕੱਤਰਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਖ਼ੁਦ ਕਾਹਲੋਂ ਤੇ ਹੋਰਨਾਂ ਦੇ ਵਫ਼ਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਇਹ ਮਾਮਲਾ ਚੁਕਿਆ ਹੈ ਜਿਸ ’ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਤੁਰਤ ਸੌਦਾ ਸਾਧ ਤੇ ਨਿਰੰਕਾਰੀਆਂ ਦੀਆਂ ਹੁਣ ਤਕ ਬਣ ਚੁਕੀਆਂ ਵੋਟਾਂ ਰੱਦ ਕਰਨ ਦੇ ਹੁਕਮ ਦੇ ਦਿਤੇ ਹਨ। ਇਹ ਮਸਲਾ ਪੱਕੇ ਤੌਰ ’ਤੇ ਹੱਲ ਹੋ ਗਿਆ ਹੈ।’’