ਗਵਾਲੀਅਰ ਤੋਂ ਸ਼ੁਰੂ ਹੋਈ ਸੀ ਸਿੱਖਾਂ ਦੀ ਦੀਵਾਲੀ!

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਛੇਵੇਂ ਗੁਰੂ ਨੇ 52 ਰਾਜਿਆਂ ਨੂੰ ਕਰਾਇਆ ਸੀ ਆਜ਼ਾਦ

The sixth Guru liberated 52 kings.

ਗਵਾਲੀਅਰ (ਸ਼ਾਹ) : ਪੂਰੇ ਭਾਰਤ ਵਿਚ ਦੀਵਾਲੀ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦੈ, ਸਿਰਫ਼ ਹਿੰਦੂ ਹੀ ਨਹੀਂ ਬਲਕਿ ਸਾਰੇ ਧਰਮਾਂ ਦੇ ਲੋਕ ਇਸ ਤਿਓਹਾਰ ਨੂੰ ਸ਼ਰਧਾ ਭਾਵਨਾ ਮਨਾਉਂਦੇ ਨੇ। ਸਿੱਖ ਧਰਮ ਦੀ ਵੀ ਆਪਣੀ ਇਕ ਖ਼ਾਸ ਇਤਿਹਾਸ ਐ ਜੋ ਮੱਧ ਪ੍ਰਦੇਸ਼ ਦੇ ਗਵਾਲੀਅਰ ਨਾਲ ਜੁੜਿਆ ਹੋਇਆ ਏ। ਸੋ ਆਓ ਤੁਹਾਨੂੰ ਦੱਸਦੇ ਆਂ, ਕਿਵੇਂ ਸ਼ੁਰੂ ਹੋਈ ਸਿੱਖਾਂ ਦੀ ਦੀਵਾਲੀ ਅਤੇ ਕੀ ਇਸ ਦਾ ਗਵਾਲੀਅਰ ਨਾਲ ਸਬੰਧ?

ਦੀਵਾਲੀ ਦੇ ਤਿਓਹਾਰ ਦੇ ਭਾਰਤ ਭਰ ਵਿਚ ਹਿੰਦੂ ਭਾਈਚਾਰੇ ਦੇ ਲੋਕਾਂ ਵੱਲੋਂ ਬਹੁਤ ਧੂਮਧਾਮ ਨਾਲ ਮਨਾਇਆ ਜਾਂਦੈ ਪਰ ਇਸ ਦਾ ਇਤਿਹਾਸ ਸਿੱਖ ਭਾਈਚਾਰੇ ਦੇ ਨਾਲ ਵੀ ਜੁੜਿਆ ਹੋਇਐ, ਜਿਸ ਕਰਕੇ ਉਨ੍ਹਾਂ ਵੱਲੋਂ ਇਸ ਤਿਓਹਾਰ ਨੂੰ ਬਹੁਤ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦੈ। ਸਿੱਖਾਂ ਵੱਲੋਂ ਇਸ ਤਿਓਹਾਰ ਨੂੰ ‘ਬੰਦੀ ਛੋੜ ਦਿਵਸ’ ਵਜੋਂ ਮਨਾਇਆ ਜਾਂਦੈ, ਜਿਸ ਦਾ ਇਤਿਹਾਸ ਗਵਾਲੀਅਰ ਨਾਲ ਜੁੜਿਆ ਹੋਇਐ। ਗਵਾਲੀਆ ਦੇ ਵਿਸ਼ਵ ਪ੍ਰਸਿੱਧ ਕਿਲ੍ਹੇ ਦੀ ਉਚਾਈ ’ਤੇ ਇਕ ਵੱਡੇ ਹਿੱਸੇ ਵਿਚ ਇਤਿਹਾਸ ਗੁਰਦੁਆਰਾ ਸਾਹਿਬ ਮੌਜੂਦ ਐ, ਜਿਸ ਦਾ ਨਾਮ ‘ਦਾਤਾ ਬੰਦੀ ਛੋੜ’ ਹੈ। ਇਸ ਗੁਰਦੁਆਰਾ ਸਾਹਿਬ ਦੇ ਪਿੱਛੇ ਦੀ ਕਹਾਣੀ ਬਹੁਤ ਹੀ ਦਿਲਚਸਪ ਐ। ਇੱਥੋਂ ਹੀ ਸਿੱਖ ਭਾਈਚਾਰੇ ਵੱਲੋਂ ਦੀਵਾਲੀ ਮਨਾਏ ਜਾਣ ਦੀ ਸ਼ੁਰੂਆਤ ਹੋਈ।

ਦੱਸਿਆ ਜਾਂਦੈ ਕਿ ਜਦੋਂ ਸਿੱਖ ਧਰਮ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਸੀ ਪਰ ਕਿਲ੍ਹੇ ਵਿਚ ਪਹਿਲਾਂ ਤੋਂ ਹੀ 52 ਹਿੰਦੂ ਰਾਜੇ ਕੈਦ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਜੇਲ੍ਹ ਪੁੱਜੇ ਤਾਂ ਸਾਰੇ ਰਾਜਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਦੋ ਸਾਲ ਤਿੰਨ ਮਹੀਨੇ ਤੱਕ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ। ਇਸ ਤੋਂ ਬਾਅਦ ਜਹਾਂਗੀਰ ਦੀ ਸਿਹਤ ਖ਼ਰਾਬ ਹੋਣ ਲੱਗੀ। ਇਸੇ ਦੌਰਾਨ ਕਿਸੇ ਮੁਸਲਿਮ ਫ਼ਕੀਰ ਨੇ ਜਹਾਂਗੀਰ ਨੂੰ ਦੱਸਿਆ ਕਿ ਜੇਕਰ ਤੁਸੀਂ ਠੀਕ ਹੋਣਾ ਚਾਹੁੰਦੇ ਹੋ ਤਾਂ ਗਵਾਲੀਅਰ ਦੇ ਕਿਲ੍ਹੇ ’ਤੇ ਨਜ਼ਰਬੰਦ ਗੁਰੂ ਹਰਗੋਬਿੰਦ ਸਾਹਿਬ ਨੂੰ ਮੁਕਤ ਕਰ ਦਿਓ। ਇਹ ਸੁਣ ਕੇ ਜਹਾਂਗੀਰ ਤੁਰੰਤ ਗੁਰੂ ਸਾਹਿਬ ਨੂੰ ਰਿਹਾਅ ਕਰਨ ਲਈ ਤਿਆਰ ਹੋ ਗਿਆ। 
ਇਸ ਤੋਂ ਬਾਅਦ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਹਾਨੂੰ ਇੱਥੋਂ ਮੁਕਤ ਕੀਤਾ ਜਾਂਦਾ ਹੈ... ਪਰ ਗੁਰੂ ਸਾਹਿਬ ਨੇ ਇਕੱਲੇ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਜਹਾਂਗੀਰ ਨੇ ਜਦੋਂ ਗੁਰੂ ਸਾਹਿਬ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਇੱਥੇ ਕੈਦ 52 ਹਿੰਦੂ ਰਾਜਿਆਂ ਨੂੰ ਵੀ ਆਪਣੇ ਨਾਲ ਲੈ ਕੇ ਜਾਵਾਂਗਾ। ਜਹਾਂਗੀਰ ਨੇ ਗੁਰੂ ਸਾਹਿਬ ਦੀ ਸ਼ਰਤ ਨੂੰ ਸਵੀਕਾਰ ਕਰਦਿਆਂ ਆਪਣੀ ਇਕ ਸ਼ਰਤ ਰੱਖ ਦਿੱਤੀ। ਜਹਾਂਗੀਰ ਨੇ ਆਖਿਆ ਕਿ ਕੈਦ ਵਿਚੋਂ ਗੁਰੂ ਸਾਹਿਬ ਜੀ ਦੇ ਨਾਲ ਸਿਰਫ਼ ਉਹੀ ਰਾਜੇ ਬਾਹਰ ਜਾ ਸਕਣਗੇ, ਜਿਨ੍ਹਾਂ ਨੇ ਜੇਲ੍ਹ ਵਿਚੋਂ ਬਾਹਰ ਜਾਂਦੇ ਗੁਰੂ ਜੀ ਦਾ ਕੋਈ ਕੱਪੜਾ ਫੜਿਆ ਹੋਵੇਗਾ। ਗੁਰੂ ਸਾਹਿਬ ਨੇ ਜਹਾਂਗੀਰ ਦੀ ਇਹ ਸ਼ਰਤ ਸਵੀਕਾਰ ਕਰ ਲਈ। ਇਸ ਮਗਰੋਂ ਗੁਰੂ ਸਾਹਿਬ ਨੇ ਜਹਾਂਗੀਰ ਦੀ ਚਲਾਕੀ ਨੂੰ ਮਾਤ ਦੇਣ ਲਈ ਇਕ 52 ਕਲੀਆਂ ਵਾਲਾ ਕੁਰਤਾ ਸਿਲਵਾਇਆ, ਜਿਸ ਦੀ ਇਕ-ਇਕ ਕਲੀ ਫੜ ਕੇ 52 ਹਿੰਦੂ ਰਾਜੇ ਜਹਾਂਗੀਰ ਦੀ ਕੈਦ ਤੋਂ ਆਜ਼ਾਦ ਹੋ ਗਏ।

ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ, ਜਹਾਂਗੀਰ ਦੀ ਕੈਦ ਤੋਂ 52 ਰਾਜਿਆਂ ਨੂੰ ਲੈ ਕੇ ਬਾਹਰ ਨਿਕਲੇ ਤਾਂ ਉਸ ਦਿਨ ਦੀਵਾਲੀ ਦਾ ਤਿਓਹਾਰ ਸੀ ਪਰ ਸਿੱਖਾਂ ਵੱਲੋਂ ਇਸ ਤਿਓਹਾਰ ਨੂੰ ‘ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦੈ। ਇਸ ਕਰਕੇ ਇਸ ਕਿਲ੍ਹੇ ਵਿਚ ਬਣੇ ਗੁਰਦੁਆਰਾ ਸਾਹਿਬ ਦਾ ਨਾਮ ਵੀ ‘ਦਾਤਾ ਬੰਦੀ ਛੋੜ’ ਪੈ ਗਿਆ। ਗਵਾਲੀਅਰ ਦੇ ਕਿਲ੍ਹੇ ਵਿਚ ਸੁਸ਼ੋਭਿਤ ਇਸ ਗੁਰੂ ਘਰ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਨੇ। ਇਸ ਨੂੰ ਵਿਸ਼ਵ ਭਰ ਵਿਚ ਸਿੱਖਾਂ ਦਾ ਛੇਵਾਂ ਸਭ ਤੋਂ ਵੱਡਾ ਤੀਰਥ ਅਸਥਾਨ ਮੰਨਿਆ ਜਾਂਦੈ। ਇੱਥੇ ਸਿਰਫ਼ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਲੋਕ ਆਪਣੀ ਅਰਦਾਸ ਕਰਨ ਲਈ ਪੁੱਜਦੇ ਨੇ। 
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ