ਬਾਬਾ ਧੁੰਮਾ ਵਲੋਂ ਬੀਜੇਪੀ ਨੂੰ ਬਿਨਾਂ ਸ਼ਰਤ ਸਮਰਥਨ ਦੇਣਾ ਗ਼ੈਰ-ਵਾਜਬ : ਗਿਆਨੀ ਹਰਪ੍ਰੀਤ ਸਿੰਘ
ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰਨਾ ਕਿਸੇ ਵੀ ਢੰਗ ਨਾਲ ਸਹੀ ਨਹੀਂ ਕਿਹਾ ਜਾ ਸਕਦਾ।
ਅੰਮ੍ਰਿਤਸਰ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ‘ਜਥੇਦਾਰ’ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਵਲੋਂ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਗਠਜੋੜ ਨੂੰ ਮਹਾਰਾਸ਼ਟਰ ਚੋਣਾਂ ਵਿਚ ਬਿਨਾਂ ਸ਼ਰਤ ਸਮਰਥਨ ਦੇਣ ਦਾ ਫ਼ੈਸਲਾ ਗ਼ੈਰ-ਵਾਜਬ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ‘ਜਥੇਦਾਰ’ ਨੇ ਕਿਹਾ ਕਿ ਅਕਾਲੀ ਦਲ ਨੇ ਵੀ 25 ਸਾਲ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿਤਾ ਜਿਸ ਦਾ ਪੰਜਾਬ ਤੇ ਪੰਥ ਨੂੰ ਨੁਕਸਾਨ ਹੀ ਹੋਇਆ। ਚੰਗੀ ਗੱਲ ਹੁੰਦੀ ਜੇ ਬਾਬਾ ਹਰਨਾਮ ਸਿੰਘ ਪੰਥ ਦੀਆਂ ਮੰਗਾਂ ਮਨਵਾ ਲੈਂਦੇ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਦੀ ਸ਼ਰਤ ਰਖਦੇੇ।
ਪੰਥ ਤੇ ਪੰਜਾਬ ਨਾਲ ਸਬੰਧਤ ਮਾਮਲੇ ਹੱਲ ਕਰਵਾ ਲੈਂਦੇ ਤੇ ਫਿਰ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦਿੰਦੇ ਪਰ ਇਸ ਤਰ੍ਹਾਂ ਬਿਨਾਂ ਕੋਈ ਮਸਲਾ ਹੱਲ ਕਰਵਾਏ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰਨਾ ਕਿਸੇ ਵੀ ਢੰਗ ਨਾਲ ਸਹੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਇਹ ਭੁੱਲ ਗਏ ਕਿ ਕੇਂਦਰ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਸਮਾਗਮ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਆਰਡੀਨੈਂਸ ਵੀ ਜਾਰੀ ਕੀਤਾ ਸੀ ਪਰ ਬਾਅਦ ਵਿਚ ਅਪਣਾ ਹੀ ਆਰਡੀਨੈਂਸ ਮੰਨਣ ਤੋਂ ਇਨਕਾਰ ਕਰ ਦਿਤਾ।