ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ, ਹਿੰਦੂ ਧਰਮ ਬਚਾਉਣ ਲਈ ਦਿੱਤੀ ਸੀ ਮਹਾਨ ਸ਼ਹਾਦਤ
ਔਰੰਗਜ਼ੇਬ ਦੇ ਜ਼ੁਲਮਾਂ ਦਾ ਦਿੱਤਾ ਸੀ ਮੂੰਹ ਤੋੜਵਾਂ ਜਵਾਬ
ਜਦੋਂ-ਜਦੋਂ ਵੀ ਦੁਨੀਆ ਵਿਚ ਜ਼ੁਲਮ ਵਧੇ ਹਨ, ਉਦੋਂ-ਉਦੋਂ ਹੀ ਪ੍ਰਮਾਤਮਾ ਨੇ ਆਪਣੇ ਰਹਿਬਰਾਂ ਅਤੇ ਸੂਰਬੀਰ ਯੋਧਿਆਂ ਨੂੰ ਮਜ਼ਲੂਮਾਂ ਦੀ ਮਦਦ ਲਈ ਭੇਜਿਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਵੀ ਅਜਿਹੇ ਹੀ ਰਹਿਬਰ ਸਨ, ਜਿਨ੍ਹਾਂ ਨੇ ਡੁੱਬ ਰਹੇ ਸਨਾਤਨ ਧਰਮ ਨੂੰ ਬਚਾਉਣ ਲਈ ਸਿਰਫ਼ ਆਵਾਜ਼ ਬੁਲੰਦ ਹੀ ਨਹੀਂ ਕੀਤੀ, ਬਲਕਿ ਆਪਣਾ ਸੀਸ ਤੱਕ ਭੇਂਟ ਕਰ ਦਿੱਤਾ। ਇਹ ਉਹ ਸਮਾਂ ਸੀ ਜਦੋਂ ਜ਼ਾਲਮ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖ਼ਤਮ ਕਰਨ ਦੀ ਠਾਣ ਰੱਖੀ ਸੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਵੇਂ ਸਿੱਖਾਂ ਦੇ 9ਵੇਂ ਗੁਰੂ ਹਨ ਪਰ ਉਨ੍ਹਾਂ ਦੀ ਮਹਾਨ ਸ਼ਹਾਦਤ ਸਿੱਖ ਧਰਮ ਲਈ ਨਹੀਂ, ਬਲਕਿ ਸਮੁੱਚੇ ਭਾਰਤੀ ਲੋਕਾਂ ਦੇ ਲਈ ਸੀ। ਉਨ੍ਹਾਂ ਦਾ ਜਨਮ 1 ਅਪ੍ਰੈਲ 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਘਰ ਹੋਇਆ। ਆਪ ਜੀ ਗੁਰੂ ਸਾਹਿਬ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸਪੁੱਤਰ ਸਨ।
ਆਪ ਜੀ ਦੇ ਬਚਪਨ ਦਾ ਨਾਮ ਤਿਆਗ ਮੱਲ ਸੀ ਪਰ 1635 ਵਿਚ ਕਰਤਾਰਪੁਰ ਦੀ ਲੜਾਈ ਵਿਚ ਗੁਰੂ ਹਰਗੋਬਿੰਦ ਜੀ ਨੇ ਆਪ ਜੀ ਦੀ ਬਹਾਦਰੀ ਨੂੰ ਦੇਖਦਿਆਂ ਆਪ ਜੀ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 9 ਸਾਲ ਦੇ ਕਰੀਬ ਅੰਮ੍ਰਿਤਸਰ ਗੁਜ਼ਾਰੇ ਅਤੇ ਫਿਰ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਵਿਖੇ ਚਲੇ ਗਏ।
ਆਪ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਗੁਰਬਾਣੀ ਪ੍ਰਚਾਰ ਤੋਂ ਇਲਾਵਾ ਅਨੇਕਾਂ ਮਹਾਨ ਕਾਰਜ ਕੀਤੇ, ਜਿਨ੍ਹਾਂ ਵਿਚ ਚੱਕ ਨਾਨਕੀ ਨਗਰ ਵਸਾਉਣਾ ਵੀ ਸ਼ਾਮਲ ਹੈ, ਜਿਸ ਨੂੰ ਹੁਣ ਅਨੰਦਪੁਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 16 ਜੂਨ 1665 ਈਸਵੀ ਵਿੱਚ ਬਿਲਾਸਪੁਰ ਦੇ ਰਾਜੇ ਭੀਮ ਚੰਦ ਦੀ ਰਾਣੀ ਜਲਾਲ ਦੇਵੀ ਤੋਂ 500 ਰੁਪਏ ਨਾਲ ਪਿੰਡ ਮਾਖੋਵਾਲ ਵਿੱਚ ਜ਼ਮੀਨ ਖਰੀਦ ਕੇ ਇਹ ਨਗਰ ਵਸਾਇਆ ਸੀ। 22 ਦਸੰਬਰ 1666 ਈਸਵੀ ਨੂੰ ਪਟਨਾ ਸਾਹਿਬ ਵਿਖੇ ਆਪ ਜੀ ਦੇ ਘਰ ਪੁੱਤਰ ਨੇ ਜਨਮ ਲਿਆ, ਜਿਨ੍ਹਾਂ ਦਾ ਨਾਂ ਗੋਬਿੰਦ ਰਾਏ ਰੱਖਿਆ ਗਿਆ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਮਜ਼ਲੂਮਾਂ ਦੀ ਮਦਦ ਲਈ ਹਮੇਸ਼ਾਂ ਤਿਆਰ ਬਰ ਤਿਆਰ ਰਹਿੰਦੇ ਸੀ। ਇਹ 1675 ਈਸਵੀ ਦੀ ਗੱਲ ਹੈ, ਜਦੋਂ ਔਰੰਗਜ਼ੇਬ ਨੇ ਆਪਣੇ ਜ਼ੁਲਮਾਂ ਦੀ ਅੱਤ ਕੀਤੀ ਹੋਈ ਸੀ ਅਤੇ ਹਿੰਦੂਆਂ ਦੇ ਧਰਮ ਤਬਦੀਲ ਕਰਵਾਏ ਜਾ ਰਹੇ ਸੀ,ਜੋ ਇਸਲਾਮ ਕਬੂਲ ਨਹੀਂ ਸੀ ਕਰਦਾ, ਉਸ ਨੂੰ ਦਰਦਨਾਕ ਮੌਤ ਦਿੱਤੀ ਜਾਂਦੀ ਸੀ। ਕਸ਼ਮੀਰੀ ਪੰਡਤ ਵੀ ਉਸ ਦੇ ਜ਼ੁਲਮਾਂ ਤੋਂ ਬਹੁਤ ਤੰਗ ਆ ਚੁੱਕੇ ਸੀ।
ਮਦਦ ਲੈਣ ਲਈ ਭਾਵੇਂ ਕਸ਼ਮੀਰੀ ਪੰਡਿਤ ਕੇਦਾਰਨਾਥ, ਬਦਰੀਨਾਥ, ਦੁਆਰਕਾ ਪੁਰੀ, ਕਾਂਚੀ, ਮਥੁਰਾ ਅਤੇ ਹੋਰ ਬਹੁਤ ਸਾਰੇ ਹਿੰਦੂ ਅਸਥਾਨਾਂ ’ਤੇ ਗਏ ਪਰ ਕਿਸੇ ਨੇ ਵੀ ਉਨ੍ਹਾਂ ਦੀ ਫ਼ਰਿਆਦ ਨਾ ਸੁਣੀ। ਆਖ਼ਰਕਾਰ 25 ਮਈ 1675 ਈਸਵੀ ਨੂੰ ਕਸ਼ਮੀਰੀ ਪੰਡਿਤਾਂ ਦਾ ਇਕ ਜੱਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਚੱਕ ਨਾਨਕੀ ਵਿਖੇ ਆਇਆ। ਜਦੋਂ ਕਸ਼ਮੀਰੀ ਪੰਡਿਤਾਂ ਨੇ ਮਦਦ ਲਈ ਫਰਿਆਦ ਕੀਤੀ ਤਾਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਪੰਡਿਤਾਂ ਨੂੰ ਉਨ੍ਹਾਂ ਦੀ ਮਦਦ ਕਰਨ ਦਾ ਭਰੋਸਾ ਦੇ ਦਿੰਦਿਆਂ ਆਖਿਆ ਕਿ ਉਹ ਔਰੰਗਜ਼ੇਬ ਨੂੰ ਦੱਸ ਦੇਣ ਕਿ ਜੇ ਉਹ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਪੰਡਿਤ ਮੁਸਲਮਾਨ ਬਣ ਜਾਣਗੇ।
ਦਰਅਸਲ ਗੁਰੂ ਤੇਗ ਬਹਾਦੁਰ ਸਾਹਿਬ ਸਮਝ ਗਏ ਸੀ ਕਿ ਡੁੱਬਦੇ ਹਿੰਦੂ ਧਰਮ ਨੂੰ ਹੁਣ ਸ਼ਹੀਦੀ ਦੇ ਕੇ ਬਚਾਇਆ ਜਾ ਸਕਦਾ ਹੈ। ਉਨ੍ਹਾਂ ਆਪਣੇ ਪੁੱਤਰ ਗੋਬਿੰਦ ਰਾਇ ਨੂੰ ਦੱਸਿਆ ਕਿ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਕਿਸੇ ਮਹਾਂਪੁਰਖ਼ ਦੀ ਸ਼ਹੀਦੀ ਰਾਹੀਂ ਹੀ ਰੋਕਿਆ ਜਾ ਸਕਦਾ ਤਾਂ ਗੋਬਿੰਦ ਰਾਇ ਜੀ ਨੇ ਆਖਿਆ ‘‘ਪਿਤਾ ਜੀ, ਆਪ ਜੀ ਤੋਂ ਬਿਹਤਰ ਹੋਰ ਕੋਈ ਮਹਾਂਪੁਰਖ ਨਹੀਂ ਹੋ ਸਕਦਾ। ਇਸ ਤਰ੍ਹਾਂ ਗੁਰੂ ਤੇਗ ਬਹਾਦੁਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣ ਦਾ ਫ਼ੈਸਲਾ ਕਰ ਲਿਆ। ਉਧਰ ਜਦੋਂ ਕਸ਼ਮੀਰੀ ਪੰਡਿਤਾਂ ਦਾ ਸੁਨੇਹਾ ਔਰੰਗਜ਼ੇਬ ਕੋਲ ਪੁੱਜਾ ਤਾਂ ਉਸ ਨੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਇੱਧਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 8 ਜੁਲਾਈ 1675 ਈਸਵੀ ਵਿਚ ਆਪਣੇ ਸਪੁੱਤਰ ਗੋਬਿੰਦ ਰਾਇ ਨੂੰ ਗੁਰਗੱਦੀ ਥਾਪ ਦਿੱਤੀ ਅਤੇ ਆਪਣੇ ਤਿੰਨ ਸ਼ਰਧਾਲੂਆਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਜੈਤਾ ਅਤੇ ਭਾਈ ਦਿਆਲਾ ਸਮੇਤ ਕੁੱਝ ਹੋਰ ਸਿੱਖਾਂ ਨਾਲ ਦਿੱਲੀ ਵੱਲ ਚਾਲੇ ਪਾ ਦਿੱਤੇ।
ਜਦੋਂ ਗੁਰੂ ਸਾਹਿਬ ਆਗਰੇ ਪੁੱਜੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਆਗਰੇ ਤੋਂ ਦਿੱਲੀ ਲਿਆਂਦਾ ਗਿਆ। ਇਸ ਮਗਰੋਂ ਗੁਰੂ ਸਾਹਿਬ ਨੂੰ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਗਿਆ। ਔਰੰਗਜ਼ੇਬ ਨੇ ਉਨ੍ਹਾਂ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ। ਇਸਲਾਮ ਕਬੂਲ ਕਰ ਲਓ ਜਾਂ ਕੋਈ ਚਮਤਕਾਰ ਦਿਖਾਓ ਜਾਂ ਫਿਰ ਸ਼ਹੀਦ ਹੋਣ ਲਈ ਤਿਆਰ ਰਹੋ।
ਗੁਰੂ ਸਾਹਿਬ ਨੇ ਆਖਿਆ, ਹਰੇਕ ਜੀਵ ਨੂੰ ਆਪਣਾ ਧਰਮ ਨਿਭਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਧਰਮ ਬਦਲਣ ਲਈ ਕਿਸੇ ਨੂੰ ਮਜ਼ਬੂਰ ਨਹੀਂ ਕਰਨਾ ਚਾਹੀਦਾ। ਦੂਜੇ ਸਵਾਲ ਦੇ ਉਤਰ ਵਿਚ ਉਨ੍ਹਾਂ ਆਖਿਆ ਕਿ ਚਮਤਕਾਰ ਦਿਖਾਉਣੇ ਗੁਰੂ ਦੀ ਰਜ਼ਾ ਦੇ ਉਲਟ ਹੈ ਅਤੇ ਤੀਜੀ ਸ਼ਰਤ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਜਿਉਣਾ ਅਤੇ ਮਾਰਨਾ ਰੱਬ ਦੇ ਹੱਥ ਵਿਚ ਹੈ, ਇਸ ਲਈ ਉਹ ਮਰਨ ਤੋਂ ਨਹੀਂ ਡਰਦੇ। ਗੁਰੂ ਸਾਹਿਬ ਦੇ ਕੋਰੇ ਜਵਾਬ ਸੁਣ ਕੇ ਔਰੰਗਜ਼ੇਬ ਗੁੱਸੇ ਵਿਚ ਲਾਲ ਹੋ ਗਿਆ ਅਤੇ ਉਸ ਨੇ ਗੁਰੂ ਸਾਹਿਬ ਨੂੰ ਪਿੰਜਰੇ ਵਿਚ ਕੈਦ ਕਰਨ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਤਸੀਹੇ ਦੇ ਕੇ ਮਾਰਨ ਦੇ ਹੁਕਮ ਜਾਰੀ ਕਰ ਦਿੱਤੇ।
ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਨੂੰ ਲੱਕੜ ਦੇ ਇਕ ਬਕਸੇ ਵਿਚ ਜਕੜ ਕੇ ਆਰੇ ਨਾਲ ਵਿਚਕਾਰੋਂ ਚੀਰਿਆ ਗਿਆ, ਫਿਰ ਭਾਈ ਸਤੀ ਦਾਸ ਨੂੰ ਰੂੰ ਵਿੱਚ ਬੰਨ੍ਹ ਕੇ ਸਾੜਿਆ ਗਿਆ ਅਤੇ ਫਿਰ ਭਾਈ ਦਿਆਲਾ ਨੂੰ ਉਬਲਦੀ ਦੇਗ ਵਿਚ ਬਿਠਾ ਕੇ ਗੁਰੂ ਸਾਹਿਬ ਦੀਆਂ ਅੱਖਾਂ ਸਾਹਮਣੇ ਹੀ ਸ਼ਹੀਦ ਕਰ ਦਿੱਤਾ ਗਿਆ। ਦਰਅਸਲ ਔਰੰਗਜ਼ੇਬ ਗੁਰੂ ਸਾਹਿਬ ਨੂੰ ਡਰਾਉਣਾ ਚਾਹੁੰਦਾ ਸੀ ਪਰ ਗੁਰੂ ਸਾਹਿਬ ਤਾਂ ਵਾਹਿਗੁਰੂ ਦਾ ਭਾਣਾ ਮੰਨੀ ਬੈਠੇ ਸੀ।
ਆਖ਼ਰਕਾਰ 11 ਨਵੰਬਰ, 1675 ਈਸਵੀ ਨੂੰ ਕਾਜ਼ੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕਰਨ ਦਾ ਫ਼ਤਵਾ ਜਾਰੀ ਕਰ ਦਿੱਤਾ। ਇਸ ਤੋਂ ਬਾਅਦ ਜੱਲਾਦ ਜਲਾਲਦੀਨ ਨੇ ਤਲਵਾਰ ਦੇ ਵਾਰ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਕਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ, ਪਰ ਜ਼ਾਲਮ ਔਰੰਗਜ਼ੇਬ ਨੂੰ ਫਿਰ ਵੀ ਸਬਰ ਨਾ ਆਇਆ। ਉਸ ਨੇ ਗੁਰੂ ਸਾਹਿਬ ਦੀ ਦੇਹ ਦੇ ਚਾਰ ਟੁਕੜੇ ਕਰ ਕੇ ਦਿੱਲੀ ਸ਼ਹਿਰ ਦੇ ਚਾਰੇ ਦਰਵਾਜ਼ਿਆਂ ’ਤੇ ਲਟਕਾ ਦੇਣ ਦੇ ਹੁਕਮ ਦਿੱਤੇ ਪਰ ਹਨ੍ਹੇਰਾ ਹੋ ਜਾਣ ਕਰਕੇ ਉਸ ਦੇ ਇਸ ਹੁਕਮ ਦੀ ਪਾਲਣਾ ਨਾ ਹੋ ਸਕੀ।
ਇਸੇ ਦੌਰਾਨ ਗੁਰੂ ਸਾਹਿਬ ਅਨਿੰਨ ਸੇਵਕ ਭਾਈ ਜੈਤਾ ਜੀ ਬੜੀ ਚਲਾਕੀ ਨਾਲ ਗੁਰੂ ਸਾਹਿਬ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ, ਜਿੱਥੇ ਉਨ੍ਹਾਂ ਦੇ ਸੀਸ ਦਾ ਸਸਕਾਰ ਕੀਤਾ ਗਿਆ। ਜਦਕਿ ਗੁਰੂ ਸਾਹਿਬ ਦੀ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਆਪਣੇ ਘਰ ਲੈ ਗਿਆ, ਜਿਸ ਤੋਂ ਬਾਅਦ ਉਸ ਨੇ ਗੁਰੂ ਸਾਹਿਬ ਦੇ ਧੜ ਨੂੰ ਆਪਣੇ ਘਰ ਦੇ ਅੰਦਰ ਰੱਖ ਕੇ ਸਾਰੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਗੁਰੂ ਸਾਹਿਬ ਦੀ ਧੜ ਦਾ ਸੰਸਕਾਰ ਕਰ ਦਿੱਤਾ। ਅੱਜ ਇਸ ਅਸਥਾਨ ’ਤੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਸੁਸ਼ੋਭਿਤ ਐ।
ਦੱਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 15 ਰਾਗਾਂ ਵਿਚ 59 ਸ਼ਬਦ ਅਤੇ 57 ਸਲੋਕ ਦਰਜ ਹਨ। ਇਤਿਹਾਸ ਵਿੱਚ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹੀਦੀ ਵਿਲੱਖਣ ਅਤੇ ਵਿਸ਼ੇਸ਼ ਅਰਥ ਰੱਖਦੀ ਹੈ ਕਿਉਂਕਿ ਇਹ ਸ਼ਹੀਦੀ ਸ਼ਹੀਦੀ ਆਪਣੇ ਜਾਂ ਆਪਣੇ ਭਾਈਚਾਰੇ ਲਈ ਨਹੀਂ ਬਲਕਿ ਸਮੁੱਚੀ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ ਸੀ। ਇਸੇ ਕਰਕੇ ਆਪ ਜੀ ਨੂੰ ‘ਹਿੰਦ ਦੀ ਚਾਦਰ’ ਦੇ ਲਕਬ ਨਾਲ ਨਿਵਾਜ਼ਿਆ ਜਾਂਦਾ ਹੈ। ਇਸ ਗੌਰਵਮਈ ਸ਼ਹਾਦਤ ਨੇ ਨਾ ਕੇਵਲ ਸਿੱਖ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਬਲਕਿ ਸਮੁੱਚੀ ਲੋਕਾਈ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਵੀ ਮਰ-ਮਿਟਣ ਦਾ ਜਜ਼ਬਾ ਵੀ ਪ੍ਰਦਾਨ ਕੀਤਾ। ਉਨ੍ਹਾਂ ਦੀ ਇਹ ਮਹਾਨ ਸ਼ਹਾਦਤ ਅੱਜ ਵੀ ਪੂਰੀ ਦੁਨੀਆ ਦੇ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਹੀ ਐ।
ਰੋਜ਼ਾਨਾ ਸਪੋਕਸਮੈਨ ਟੀਵੀ ਤੋਂ ਮੱਖਣ ਸ਼ਾਹ ਦੀ ਰਿਪੋਰਟ