ਜੀਕੇ ਦੇ ਭ੍ਰਿਸ਼ਟਾਚਾਰ ਦਾ ਮਾਮਲਾ ਪੁਲਿਸ ਕਮਿਸ਼ਨਰ ਤੇ ਐਂਟੀ ਕੁਰੱਪਸ਼ਨ ਬ੍ਰਾਂਚ ਹਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਸਰਕਾਰ ਦੇ ਗੁਰਦਵਾਰਾ ਚੋਣ ਡਾਇਰੈਕਟੋਰੇਟ ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਦੇ ਅਖੌਤੀ ਭ੍ਰਿਸ਼ਟਾਚਾਰ.......

Gurdwara Election Directorate

ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਗੁਰਦਵਾਰਾ ਚੋਣ ਡਾਇਰੈਕਟੋਰੇਟ ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਦੇ ਅਖੌਤੀ ਭ੍ਰਿਸ਼ਟਾਚਾਰ ਦੀ ਪੜਤਾਲ ਲਈ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿੱਖ ਕੇ, ਕਮੇਟੀ ਦੇ ਖਾਤਿਆਂ ਦੀ ਫ਼ੋਰੈਂਸਿਕ ਪੜਤਾਲ ਕਰਵਾਉੇਣ ਬਾਰੇ ਕਿਹਾ ਗਿਆ ਹੈ। 17 ਦਸੰਬਰ ਨੂੰ ਜਾਰੀ ਕੀਤੀ ਗਈ ਚਿੱਠੀ ਦੀਆਂ ਕਾਪੀਆਂ ਐਂਟੀ ਕੁਰਪਸ਼ਨ ਬ੍ਰਾਂਚ ਦੇ ਏਸੀਪੀ, ਪ੍ਰਧਾਨ ਮੰਤਰੀ ਦਫ਼ਤਰ ਦੇ ਸੈਕਸ਼ਨ ਅਫ਼ਸਰ, ਗ੍ਰਹਿ ਮੰਤਰਾਲੇ, ਦਿੱਲੀ ਦੇ ਉਪ ਰਾਜਪਾਲ, ਮੁੱਖ ਮੰਤਰੀ ਕੇਜਰੀਵਾਲ ਦੇ ਓਐਸਡੀ ਸਣੇ ਸ਼ਿਕਾਇਤਕਰਤਾ, ਸ.ਇੰਦਰਮੋਹਨ ਸਿੰਘ, ਸ.ਗੁਰਮੀਤ ਸਿੰਘ ਸ਼ੰਟੀ ਸਣੇ

ਸ.ਪਰਮਜੀਤ ਸਿੰਘ ਸਰਨਾ ਨੂੰ ਵੀ ਭੇਜੀਆਂ ਗਈਆਂ ਹਨ। ਇਸ ਪਿਛੋਂ ਅੱਜ ਦਿੱਲੀ ਗੁਰਦਵਾਰਾ ਕਮੇਟੀ ਦੇ 12 ਮੈਂਬਰਾਂ ਨੇ ਇਕਸੁਰ ਹੋ ਕੇ, ਦਿੱਲੀ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੂੰ ਨਸੀਹਤ ਦਿਤੀ ਹੈ ਕਿ ਦੋਸ਼ ਮੁਕਤ ਹੋਣ ਤਕ ਉਨ੍ਹਾਂ ਨੂੰ ਕਮੇਟੀ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉਨ੍ਹਾਂ ਦਾ ਮਾਮਲਾ ਐਂਟੀ ਕੁਰੱਪਸ਼ਨ ਬ੍ਰਾਂਚ ਕੋਲ ਭੇਜੇ ਜਾਣ ਨਾਲ ਦਿੱਲੀ ਗੁਰਦਵਾਰਾ ਕਮੇਟੀ ਵਰਗੀ ਵਕਾਰੀ ਸੰਸਥਾ ਦੇ ਅਕਸ ਨੂੰ ਵੱਡੀ ਢਾਅ ਵੱਜੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਦਿੱਲੀ ਕਮੇਟੀ ਵਿਚ ਸਿਖਰਲੇ ਅਹੁਦੇਦਾਰਾਂ ਦੇ ਤਾਕਤਾਂ ਦੇ ਰੇੜਕੇ ਨੂੰ ਲੈ ਕੇ, ਦੋ ਧੜੇ ਬਣ ਚੁਕੇ ਹੋਏ ਹਨ,

ਜਿਨ੍ਹਾਂ ਵਿਚੋਂ ਇਕ ਧੜਾ ਜੀ ਕੇ ਨੂੰ ਹਰ ਹਾਲ ਗੱਦੀਉਂ ਲਾਹੁਣਾ ਚਾਹੁੰਦਾ ਹੈ ਤੇ ਹੁਣ 12 ਮੈਂਬਰ ਜੀ ਕੇ ਨੂੰ ਨਸੀਹਤ ਦੇ ਰਹੇ ਹਨ। ਚੇਤੇ ਰਹੇ ਕਿ ਅੱਜ ਸ਼ਾਮ ਨੂੰ 5: 11 ਵਜੇ ਵਟਸਐੱਪ 'ਤੇ ਬਣੇ ਹੋਏ ਦਿੱਲੀ ਗੁਰਦਵਾਰਾ ਕਮੇਟੀ ਦੇ ਮੀਡੀਆ ਗਰੁਪ ਵਿਚ ਕਮੇਟੀ ਦੇ ਹੀ ਇਕ ਮੈਂਬਰ ਸ.ਹਰਮਿੰਦਰ ਸਿੰਘ ਸਵੀਟਾ ਨੇ ਪੰਜਾਬੀ, ਅੰਗ੍ਰੇਜ਼ੀ ਤੇ ਹਿੰਦੀ ਦੇ ਪ੍ਰੈੱਸ ਨੋਟ ਤੇ ਮੈਂਬਰਾਂ ਦੀਆਂ ਫ਼ੋਟੋਆਂ ਜਾਰੀ ਕੀਤੀਆਂ ਹਨ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਸ.ਜੀ.ਕੇ. ਕਮੇਟੀ ਦੇ ਸਾਬਕਾ ਪ੍ਰਧਾਨ ਹਨ ਤੇ ਸਾਰੇ ਮੈਂਬਰਾਂ ਨੇ ਜੀ ਕੇ ਨੂੰ ਕਮੇਟੀ ਤੋਂ ਪਾਸੇ ਰਹਿਣ ਦੀ ਸਲਾਹ ਦਿਤੀ ਹੈ।

ਪਿਛੋਂ ਗਰੁਪ ਵਿਚ ਹੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਨੇ ਪ੍ਰੈੱਸ ਨੋਟ ਬਾਰੇ ਸਪਸ਼ਟ ਕੀਤਾ, “ਜਿਨ੍ਹਾਂ ਮੈਂਬਰਾਂ ਦੇ ਨਾਂਅ ਹਨ, ਉਨ੍ਹਾਂ ਸੱਭ ਨੇ ਮਿਲ ਕੇ ਜਾਰੀ ਕੀਤਾ ਹੈ।'' ਬਿਆਨ ਵਿਚ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰਾਂ ਸ.ਹਰਮਿੰਦਰ ਸਿੰਘ ਸਵੀਟਾ, ਬੀਬੀ ਰਣਜੀਤ ਕੌਰ, ਸ.ਪਰਮਜੀਤ ਸਿੰਘ ਚੰਢੋਕ, ਸ.ਨਿਸ਼ਾਨ ਸਿੰਘ ਮਾਨ, ਸ.ਸਵਰਨ ਸਿੰਘ ਬਰਾੜ, ਸ.ਜਸਮੇਨ ਸਿੰਘ ਨੋਨੀ, ਸ.ਹਰਜੀਤ ਸਿੰਘ ਪੱਪਾ, ਸ.ਗੁਰਮੀਤ ਸਿੰਘ ਭਾਟੀਆ, ਸ.ਜਗਦੀਪ ਸਿੰਘ ਕਾਹਲੋ—, ਸ.ਸਤਿੰਦਰਪਾਲ ਸਿੰਘ ਨਾਗੀ, ਸ.ਸਰਬਜੀਤ ਸਿੰਘ ਵਿਰਕ ਅਤੇ ਸ.ਮਨਮੋਹਨ ਸਿੰਘ ਵਿਕਾਸਪੁਰੀ ਨੇ ਕਿਹਾ, “ਦਿੱਲੀ ਕਮੇਟੀ ਦੇ ਕਿਸੇ ਪ੍ਰਧਾਨ 'ਤੇ ਪਹਿਲੀ ਵਾਰ ਭ੍ਰਿਸ਼ਟਾਚਾਰ ਦੇ

ਸਨਸਨੀਖੇਜ ਦੋਸ਼ ਲੱਗੇ ਹਨ। ਇਹ ਮੰਦਭਾਗਾ ਹੈ ਕਿ ਇਹ ਮਸਲਾ ਅਦਾਲਤ ਵਿਚ ਪੁੱਜ ਗਿਆ ਹੈ ਤੇ ਇਹ ਮਾਮਲਾ ਪੜਤਾਲ ਲਈ ਗੁਰਦਵਾਰਾ ਡਾਇਰੈਕਟਰ ਨੇ ਐਂਟੀ ਕੁਰਪੱਸ਼ਨ ਬ੍ਰਾਂਚ ਕੋਲ ਭੇਜ ਦਿਤਾ ਹੈ।  ਜਦੋਂ ਤਕ ਸ.ਜੀ.ਕੇ. ਦੋਸ਼ ਮੁਕਤ ਨਹੀਂ ਹੋ ਜਾਂਦੇ, ਉਦੋਂ ਤਕ ਉਨ੍ਹਾਂ ਨੂੰ ਕਮੇਟੀ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਭਾਵੇਂ ਕਿ ਉਨ੍ਹਾਂ ਐਲਾਨ ਕੀਤਾ ਸੀ ਕਿ ਦੋਸ਼ ਮੁਕਤ ਹੋਣ ਤੱਕ ਉਹ ਕਮੇਟੀ ਤੋਂ ਪਾਸੇ ਰਹਿਣਗੇ, ਪਰ ਉਹ ਕਮੇਟੀ ਦੇ ਕੰੰਮ ਵਿਚ ਦਖ਼ਲ ਦੇ ਰਹੇ ਹਨ। ਦੋਸ਼ਾਂ ਕਾਰਨ ਹੀ ਅਕਾਲੀ ਹਾਈਕਮਾਂਡ ਨੂੰ ਦਿੱਲੀ ਇਕਾਈ ਭੰਗ ਕਰਨ ਲਈ ਮਜਬੂਰ ਹੋਣਾ ਪਿਆ ਹੈ।''

ਮੈਂ ਹਰ ਤਰ੍ਹਾਂ ਦੀ ਪੜਤਾਲ ਦਾ ਸਾਹਮਣਾ ਕਰਨ ਲਈ ਤਿਆਰ ਹਾਂ : ਜੀਕੇ 

ਇਸ ਵਿਚਕਾਰ ਜਦੋਂ ਸ਼ਾਮ ਨੂੰ 'ਸਪੋਕਸਮੈਨ' ਵਲੋਂ ਦਿੱਲੀ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੂੰ 12 ਮੈਂਬਰਾਂ ਦੀ ਨਸੀਹਤ ਬਾਰੇ ਪੁਛਿਆ ਤਾਂ ਉਨ੍ਹਾਂ ਸਪਸ਼ਟ ਕੀਤਾ, “ਮੈਂ ਪਹਿਲਾਂ ਹੀ ਅਪਣਾ ਚਾਰਜ ਸੀਨੀਅਰ ਮੀਤ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ  ਨੂੰ ਦੇ ਚੁਕਾ ਹੋਇਆ ਹਾਂ। ਮੈਂਬਰਾਂ ਨੂੰ ਸ਼ਾਇਦ ਕੋਈ ਗ਼ਲਤੀ ਲੱਗ ਗਈ ਹੈ, ਪਰ ਮੈਂ ਪਹਿਲਾਂ ਹੀ ਆਖ ਚੁਕਾ ਹੋਇਆ ਹਾਂ ਕਿ ਦੋਸ਼ ਮੁਕਤ ਹੋਣ ਤੱਕ ਮੈਂ ਕਮੇਟੀ ਤੋਂ ਪਾਸੇ ਹੀ ਰਹਾਂਗਾ। ਜਿਥੋਂ ਤਕ ਗੁਰਦਵਾਰਾ ਡਾਇਰੈਕਟੋਰੇਟ ਵਲੋਂ ਪੁਲਿਸ ਕਮਿਸ਼ਨਰ ਤੇ ਐਂਟੀ ਕੁਰਪੱਸ਼ਨ ਬ੍ਰਾਂਚ ਨੂੰ ਮਾਮਲਾ ਭੇਜਣ ਦੀ ਗੱਲ ਹੈ ਤਾਂ ਮੈਂ ਹਰ ਤਰ੍ਹਾਂ ਦੀ ਪੜਤਾਲ ਦਾ ਸਾਹਮਣਾ ਕਰਨ ਲਈ ਤਿਆਰ ਹਾਂ।''