Kotkapura firing: ਬਾਦਲ ਸਰਕਾਰ ਦੀ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋਏ ਸਿੱਖ ਨੌਜਵਾਨ ਦਾ ਦਰਦ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੁਛਿਆ, ਨਿਰਦੋਸ਼ ਸਿੱਖਾਂ ਨੂੰ ਇਲਾਜ ਕਰਵਾਉਣ ਤੋਂ ਕਿਉਂ ਰੋਕਿਆ ਪੁਲਿਸ ਨੇ?

Pain of Sikh youth who was injured by police bullet during Kotkapura firing incident

Kotkapura firing: ਬੇਅਦਬੀ ਮਾਮਲਿਆਂ ਸਬੰਧੀ ਸੁਖਬੀਰ ਸਿੰਘ ਬਾਦਲ ਵਲੋਂ ਮੰਗੀ ਮਾਫ਼ੀ ਅਤੇ ਰੁੱਸੇ ਅਕਾਲੀ ਆਗੂਆਂ ਨੂੰ ਘਰ ਵਾਪਸੀ ਦੀ ਕੀਤੀ ਅਪੀਲ ਤੋਂ ਬਾਅਦ ਭਾਵੇਂ ਬਾਦਲ ਵਿਰੋਧੀ ਖ਼ੇਮੇ ਦੇ ਵਖੋ ਵਖਰੇ ਪ੍ਰਤੀਕਰਮ ਪੜ੍ਹਨ-ਸੁਣਨ ਨੂੰ ਮਿਲ ਰਹੇ ਹਨ ਅਤੇ ਬੇਅਦਬੀ ਮਾਮਲਿਆਂ ਦੇ ਬਹੁਤ ਨੇੜੇ ਰਹੇ ਸਾਬਕਾ ਪੁਲਿਸ ਅਧਿਕਾਰੀ ਤੇ ਮੌਜੂਦਾ ‘ਆਪ’ ਵਿਧਾਇਕ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਵੀ ਇਸ ਮਾਮਲੇ ਵਿਚ ਸੋਸ਼ਲ ਮੀਡੀਏ ’ਤੇ ਰੋਜ਼ਾਨਾ ਦੀ ਤਰ੍ਹਾਂ ਅਪਣੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿਤੇ ਹਨ ਪਰ ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਸਥਾਨਕ ਬੱਤੀਆਂ ਵਾਲੇ ਚੌਕ ਵਿਚ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋਏ ਸਿੱਖ ਨੌਜਵਾਨ ਬੂਟਾ ਸਿੰਘ ਬਰਾੜ ਵਾਸੀ ਪਿੰਡ ਰੋੜੀਕਪੂਰਾ ਦਾ ਪ੍ਰਤੀਕਰਮ ਵਖਰਾ ਅਤੇ ਦਿਲ ਨੂੰ ਝੰਜੋੜਨ ਵਾਲਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਬੂਟਾ ਸਿੰਘ ਨੇ ਦਸਿਆ ਕਿ ਉਹ ਕੋਟਕਪੂਰਾ ਗੋਲੀਕਾਂਡ ਦੇ ਕੇਸ ਵਿਚ ਗਵਾਹ ਹੈ ਕਿਉਂਕਿ 14 ਅਕਤੂਬਰ 2015 ਨੂੰ ਗੋਲੀਕਾਂਡ ਮੌਕੇ ਉਸ ਦੇ ਸੱਜੇ ਪੱਟ ਵਿਚ ਗੋਲੀ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜ਼ਖ਼ਮੀ ਹੋਣ ਦੇ ਬਾਵਜੂਦ ਪੁਲਿਸ ਨੇ ਉਸ ਦਾ ਬੇਰਹਿਮੀ ਨਾਲ ਕੁਟਾਪਾ ਚਾੜਿ੍ਹਆ, ਕੁੱਝ ਲੋਕਾਂ ਨੇ ਉਸ ਨੂੰ ਨੇੜਲੇ ਪਿੰਡ ਕੋਠੇ ਵੜਿੰਗ ਦੇ ਗੁਰਦਵਾਰਾ ਸਾਹਿਬ ਵਿਖੇ ਪਹੁੰਚਾਇਆ ਤੇ ਪ੍ਰਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕਰਨ ਉਪਰੰਤ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਪੰਜਾਬ ਪੁਲਿਸ ਦੇ ਇਕ ਡੀਐਸਪੀ ਨੂੰ ਨਿਜੀ ਦਖ਼ਲ ਦੇ ਕੇ ਉਸ ਨੂੰ ਇਲਾਜ ਕਰਵਾਉਣ ਤੋਂ ਵਰਜਦਿਆਂ ਹਸਪਤਾਲ ਵਿਚੋਂ ਭਜਾ ਦਿਤਾ।

ਡਾਕਟਰਾਂ ਨੂੰ ਡੀਐਸਪੀ ਨੇ ਆਖਿਆ ਕਿ ਉਸ ਨੂੰ ਵੱਡਿਆਂ ਦਾ ਹੁਕਮ ਹੈ ਕਿ ਕਿਸੇ ਦਾ ਇਲਾਜ ਨਹੀਂ ਕਰਨਾ, ਬੇਵੱਸ ਹੋ ਕੇ ਦਰਦ ਨਾਲ ਕੁਰਲਾਅ ਰਹੇ ਬੂਟਾ ਸਿੰਘ ਨੂੰ ਪਿੰਡ ਦੇ ਇਕ ਆਰਐਮਪੀ ਡਾਕਟਰ ਕੋਲ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪਿਆ, ਉਸ ਦੇ ਪੱਟ ਵਿਚੋਂ ਗੋਲੀ ਕੱਢੀ ਗਈ ਤੇ ਅੱਜ ਵੀ ਬੂਟਾ ਸਿੰਘ ਅਤੇ ਉਸ ਦੇ ਸਮੁੱਚੇ ਪ੍ਰਵਾਰ ਦਾ ਮੰਨਣਾ ਹੈ ਕਿ ਉਕਤ ਬਿਰਤਾਂਤ ਅਰਥਾਤ ਪੁਲਿਸ ਵਲੋਂ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਅਤਿਆਚਾਰ ਨੇ ਜਲਿਆਂਵਾਲੇ ਬਾਗ਼ ਦੀ ਯਾਦ ਤਾਜ਼ਾ ਕਰਵਾ ਦਿਤੀ। ਬੂਟਾ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਉਸ ਸਮੇਂ ਗ੍ਰਹਿ ਵਿਭਾਗ ਤੁਹਾਡੇ ਅਧੀਨ ਹੋਣ ਕਰ ਕੇ ਸਾਰੀ ਪੰਜਾਬ ਪੁਲਿਸ ਤੁਹਾਡੀ ਪ੍ਰਵਾਨਗੀ ਤੋਂ ਬਿਨਾਂ ਅਤਿਆਚਾਰ ਢਾਹੁਣ ਵਿਚ ਕਾਮਯਾਬ ਕਿਵੇਂ ਹੋ ਗਈ?

ਕੀ ਉਸ ਸਮੇਂ ਪੁਲਿਸ ਦੇ ਤਸ਼ੱਦਦ ਨਾਲ ਸ਼ਿਕਾਰ ਹੋਈਆਂ ਨਿਰਦੋਸ਼ ਸੰਗਤਾਂ ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਕਿਸੇ ਸਰਕਾਰੀ ਜਾਂ ਨਿਜੀ ਹਸਪਤਾਲ ਵਿਚ ਇਲਾਜ ਕਰਵਾਉਣ ਦੀ ਵੀ ਇਜਾਜ਼ਤ ਨਹੀਂ ਸੀ? ਬਾਦਲ ਸਰਕਾਰ ਦੀ ਸਮੁੱਚੀ ਕਮਾਨ ਤੁਹਾਡੇ ਹੱਥ ਵਿਚ ਹੋਣ ਦੇ ਬਾਵਜੂਦ ਤੁਹਾਡੀ ਪੁਲਿਸ ਵਲੋਂ ਮੈਨੂੰ ਬਠਿੰਡਾ ਵਿਖੇ ਵੀ ਇਲਾਜ ਕਰਵਾਉਣ ਤੋਂ ਕਿਉਂ ਰੋਕਿਆ ਗਿਆ? ਗੋਲੀ ਨਾਲ ਜ਼ਖ਼ਮੀ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਮੈਨੂੰ ਬੇਰਹਿਮੀ ਨਾਲ ਕਿਉਂ ਕੁੱਟਿਆ? ਆਖ਼ਰ ਮੇਰਾ ਜਾਂ ਕੁਟਾਪੇ ਦਾ ਸ਼ਿਕਾਰ ਹੋਏ ਹੋਰ ਸਿੱਖਾਂ ਦਾ ਕੀ ਕਸੂਰ ਸੀ? ਕੀ ਸੁਖਬੀਰ ਸਿੰਘ ਬਾਦਲ ਮੇਰੇ ਵਰਗੇ ਹੋਰਨਾਂ ਨਿਰਦੋਸ਼ ਕੁਟਾਪੇ ਦਾ ਸ਼ਿਕਾਰ ਹੋਏ ਸਿੱਖਾਂ ਤੋਂ ਵੀ ਮਾਫ਼ੀ ਮੰਗਣਗੇ ਜਾਂ ਸਿਆਸੀ ਰੋਟੀਆਂ ਸੇਕਣ ਦੀ ਮਨਸ਼ਾ ਨਾਲ ਸੰਗਤਾਂ ਨੂੰ ਇਕ ਵਾਰ ਹੋਰ ਗੁਮਰਾਹ ਕਰਨ ਦੀ ਸਾਜ਼ਸ਼ ਤਹਿਤ ਡਰਾਮੇਬਾਜ਼ੀ ਕਰਨਗੇ?