ਬਾਈਧਾਰ ਦੀਆਂ ਪਹਾੜੀ ਰਿਆਸਤਾਂ ਵਿਚੋਂ ਇੱਕ ਸੀ ਮੰਡੀ ਰਿਆਸਤ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਬਿਆਸ ਦਰਿਆ ਦੇ ਕੰਢੇ ਗੁਰਦੁਆਰਾ ਪਾਡਲ ਸਾਹਿਬ ਸਥਾਪਤ ਕੀਤਾ ਗਿਆ ਹੈ ਜਿੱਥੇ ਗੁਰੂ ਸਾਹਿਬ ਜੀ ਦੀ ਇਕ ਮੰਜੀ, ਇਕ ਰਬਾਬ...

Gurdwara Sri Padal Sahib

ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਬਿਆਸ ਦਰਿਆ ਦੇ ਕੰਢੇ ਗੁਰਦੁਆਰਾ ਪਾਡਲ ਸਾਹਿਬ ਸਥਾਪਤ ਕੀਤਾ ਗਿਆ ਹੈ ਜਿੱਥੇ ਗੁਰੂ ਸਾਹਿਬ ਜੀ ਦੀ ਇਕ ਮੰਜੀ, ਇਕ ਰਬਾਬ, ਇਕ ਬੰਦੂਕ, ਇਕ ਬੰਦੂਕ ਦੀ ਕੁੱਪੀ ਅਤੇ ਤਲਾਈ ਸੁਸ਼ੋਭਤ ਹਨ। ਇਥੇ ਹੀ ਮਨੀਕਰਨ ਨੂੰ ਜਾਣ ਵਾਲੇ ਸ਼ਰਧਾਲੂ ਅਪਣਾ ਪਹਿਲਾ ਪੜਾਅ ਕਰਦੇ ਹਨ। 

ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜਾਂ ਨਾਲ ਘਿਰੀ ਮੰਡਿਆਲ ਰਾਜਪੂਤਾਂ ਦੀ ਰਾਜਧਾਨੀ ਮੰਡੀ ਕਿਸੇ ਸਮੇਂ ਕਾਂਗੜੇ ਰਿਆਸਤ ਦੀ ਪ੍ਰਸਿੱਧ ਰਾਜਧਾਨੀ ਰਹੀ ਹੈ। ਸਮੁੰਦਰ ਤੋਂ 2000 ਫ਼ੁਟ ਉਚਾਈ ’ਤੇ ਵਸੀ ਇਸ ਮੰਡੀ ਨੂੰ 1527 ਵਿਚ ਅਜ਼ਬਰ ਸੇਨ ਵਲੋਂ ਵਸਾਇਆ ਗਿਆ ਸੀ। ਮੰਡੀ ਸ਼ਹਿਰ ਨੂੰ ਜੇਕਰ ਮਨੀਕਰਨ ਦਾ ਮੁੱਖ ਦਰਵਾਜ਼ਾ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਮਨੀਕਰਨ ਜਾਣ ਵਾਲੇ ਯਾਤਰੂਆਂ ਦਾ ਪਹਿਲਾ ਪੜਾਅ ਇਥੇ ਹੀ ਹੁੰਦਾ ਹੈ।

ਮੰਡੀ ਅਤੇ ਸੁਕੇਤ ਦੇ ਮੁਖੀਆਂ ਨੂੰ ਬੰਗਾਲ ਦੇ ਸੈਨਾ ਰਾਜਵੰਸ਼ ਦੇ ਰਾਜਪੂਤਾਂ ਦੀ ਚੰਦਰਵੰਸ਼ੀ ਵੰਸ਼ ਦੇ ਇਕ ਸਾਂਝੇ ਪੂਰਵਜ ਵਿਚੋਂ ਮਨਿਆ ਜਾਂਦਾ ਹੈ ਜੋ ਮਹਾਂਭਾਰਤ ਦੇ ਪਾਂਡਵਾਂ ਤੋਂ ਅਪਣੇ ਵੰਸ਼ ਦਾ ਦਾਅਵਾ ਕਰਦੇ ਹਨ। ਇਨ੍ਹਾਂ ਦੋਹਾਂ ਰਿਆਸਤਾਂ ਦਾ ਸਮੁੱਚਾ ਇਤਿਹਾਸ ਆਪਸ ਵਿਚ ਅਤੇ ਨਾਲ ਲਗਦੀਆਂ ਦੂਜੀਆਂ ਰਿਆਸਤਾਂ ਦੀਆਂ ਲੜਾਈਆਂ ਨਾਲ ਭਰਿਆ ਪਿਆ ਹੈ। ਇਹ ਦੋਵੇਂ ਰਿਆਸਤਾਂ ਹਮੇਸ਼ਾ ਇਕ ਦੂਜੇ ਦੀਆਂ ਵਿਰੋਧੀ ਬਣ ਦੁਸ਼ਮਣ ਰਹੀਆਂ ਹਨ ਜਿਸ ਦਾ ਕੋਈ ਵਧੀਆ ਨਤੀਜਾ ਨਹੀਂ ਨਿਕਲਿਆ। 


ਸੰਨ 1100 ਈਸਵੀ ਵਿਚ ਉਸ ਸਮੇਂ ਸੁਕੇਤ ਦੇ ਸ਼ਾਸਕ ਵਿਜੇ ਸੇਨ ਦੇ ਦੋ ਪੁੱਤਰਾਂ ਸਾਹੂ ਸੇਨ ਅਤੇ ਬਾਹੂ ਸੇਨ ਵਿਚ ਝਗੜਾ ਹੋ ਗਿਆ। ਬਾਹੂ ਸੇਨ ਇਸ ਇਲਾਕੇ ਨੂੰ ਛੱਡ ਕੇ ਕੁੱਲੂ ਦੇ ਮੰਗਲਾਨ ਵਿਚ ਜਾ ਵਸਿਆ ਅਤੇ ਕੁੱਲੂ ਰਿਆਸਤ ਦਾ ਰਾਜਾ ਬਣਿਆ ਜਿਥੇ ਉਸ ਦੀ ਵੰਸ਼ਜ 11 ਪੀੜ੍ਹੀਆਂ ਤਕ ਰਹੀ ਅਤੇ ਸਾਹੂ ਸੇਨ ਨੇ ਸੁਕੇਤ ਰਿਆਸਤ ਦੀ ਵਾਗਡੋਰ ਸੰਭਾਲੀ। ਸੰਨ 1200 ਈਸਵੀ ਵਿਚ ਮੰਡੀ ਸੁਕੇਤ ਰਿਆਸਤ ਤੋਂ ਵੱਖ ਹੋ ਗਈ। ਸੋਲ੍ਹਵੀਂ ਸਦੀ ਦੇ ਸ਼ੁਰੂ ਵਿਚ ਮੰਡੀ ਇਕ ਵਖਰੇ ਰਾਜ ਵਜੋਂ ਉਭਰੀ ਜਿਥੇ ਬਾਹੂ ਸੇਨ ਦੇ ਉਤਰਾਧਿਕਾਰੀਆਂ ਦੀ ਕਤਾਰ ਵਿਚੋਂ ਉਨ੍ਹੀਵਾਂ ਰਾਜਾ ਅਜਬਰ ਸੇਨ ਆਇਆ ਜਿਸ ਨੇ ਸੰਨ 1527 ਵਿਚ ਮੰਡੀ ਰਿਆਸਤ ਨੂੰ ਇਕ ਵਖਰੇ ਰੂਪ ਵਿਚ ਸਥਾਪਤ ਕਰ ਕੇ ਇਸ ਨੂੰ ਰਾਜਧਾਨੀ ਦਾ ਦਰਜ਼ਾ ਦਿਤਾ।

ਇਹ ਸ਼ਾਸਕ ਇਸ ਰਿਆਸਤ ਦਾ ਪਹਿਲਾ ਰਾਜਾ ਸੀ ਜਿਸ ਨੇ ਵਿਰਾਸਤ ਵਿਚ ਮਿਲੇ ਇਲਾਕਿਆਂ ਅਤੇ ਅਪਣੇ ਆਸ ਪਾਸ ਦੀਆਂ ਰਿਆਸਤਾਂ ਤੋਂ ਖੋਹੇ ਖੇਤਰਾਂ ਨੂੰ ਆਪਸ ਵਿਚ ਮਿਲਾਉਣ ਦਾ ਕੰਮ ਕੀਤਾ। ਉਸ ਨੇ ਇਥੇ ਇਕ ਮਹਿਲ ਬਣਵਾਇਆ ਅਤੇ ਇਸ ਨੂੰ ਚਾਰ ਬੁਰਜਾਂ ਨਾਲ ਸ਼ਿੰਗਾਰਿਆ। ਇਸ ਤੋਂ ਇਲਾਵਾ ਉਸ ਨੇ ਭੂਤ ਨਾਥ ਦਾ ਮੰਦਰ ਅਤੇ ਅਪਣੀ ਰਾਣੀ ਲਈ ਤਿ੍ਰਲੋਕ ਨਾਥ ਦਾ ਮੰਦਰ ਵੀ ਬਣਵਾਇਆ। ਸੰਨ 1554 ਈਸਵੀ ਨੂੰ ਮੰਡੀ ਰਿਆਸਤ ਦੇ ਤੀਸਰੇ ਰਾਜਾ ਸਾਹਿਬ ਸੇਨ ਨੇ ਕਮਾਨ ਸੰਭਾਲੀ ਜਿਸ ਨੇ ਬਿਲਾਸਪੁਰ ਰਿਆਸਤ ਦੇ ਰਾਜਾ ਬਿਕਰਮ ਚੰਦ ਦੀ ਪੁੱਤਰੀ ਰਾਣੀ ਪ੍ਰਕਾਸ਼ ਦੇਵੀ ਨਾਲ ਵਿਆਹ ਕਰਵਾ ਲਿਆ।

ਰਾਜਾ ਹਰੀ ਸੇਨ ਸੰਨ 1616 ਈਸਵੀ ਨੂੰ ਇਸ ਰਿਆਸਤ ਦੇ ਸ਼ਾਸਕ ਬਣੇ ਜਿਸ ਨੇ ਅਪਣੀ ਪੁੱਤਰੀ ਰਾਣੀ ਚੰਪਾ ਦਾ ਵਿਆਹ ਬਿਲਾਸਪੁਰ ਦੇ ਰਾਜਾ ਦੀਪ ਚੰਦ ਨਾਲ ਕੀਤਾ। ਰਾਣੀ ਚੰਪਾ ਦੇ ਸਹੁਰੇ ਕਲਿਆਣ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਵਰ ਦੇ ਕਿਲ੍ਹੇ ’ਚੋਂ ਆਜ਼ਾਦ ਕਰਵਾਇਆ ਸੀ ਇਸ ਕਰ ਕੇ ਇਹ ਰਾਣੀ ਗੁਰੂ ਘਰ ਦੀ ਸ਼ਰਧਾਲੂ ਬਣ ਗਈ। ਇਸ ਰਾਣੀ ਦੀ ਬੇਨਤੀ ਕਬੂਲਦਿਆਂ ਗੁਰੂ ਸਾਹਿਬਾਨ ਨੇ ਬਿਲਾਸਪੁਰ ਰਿਆਸਤ ਦੀ ਜ਼ਮੀਨ ਖ਼ਰੀਦ ਕੇ ਤਿੰਨ ਸਿੱਖ ਨਗਰ ਕੀਰਤਪੁਰ ਸਾਹਿਬ, ਚੱਕ ਨਾਨਕੀ ਅਤੇ ਆਨੰਦਪੁਰ ਸਾਹਿਬ ਵਸਾਏ। ਇਸੇ ਰਿਆਸਤ ਦੇ ਅਠਵੇਂ ਰਾਜਾ ਸ਼ਿਆਮ ਸੇਨ ਦੀ ਪੁਤਰੀ ਰਾਣੀ ਜਲਾਲ ਦੇਵੀ ਨਾਲ ਵੀ ਬਿਲਾਸਪੁਰ ਦੇ ਰਾਜਾ ਦੀਪ ਚੰਦ ਨਾਲ ਵਿਆਹ ਕਰਨ ਦਾ ਜ਼ਿਕਰ ਮਿਲਦਾ ਹੈ।


ਸਤਾਰ੍ਹਵੀਂ ਸਦੀ ਦੇ ਅੰਤ ਵਿਚ ਸੰਨ 1684 ਈਸਵੀ ਨੂੰ ਰਾਜਾ ਸਿਧ ਸੇਨ ਨੇ ਮੰਡੀ ਰਿਆਸਤ ਦੀ ਵਾਗਡੋਰ ਅਪਣੇ ਹੱਥਾਂ ਵਿਚ ਲਈ। ਇਸ ਘਰ ਦੀ ਲੜਕੀ ਅਤੇ ਬਿਲਾਸਪੁਰ ਰਿਆਸਤ ਦੀ ਰਾਣੀ ਚੰਪਾ ਪਹਿਲਾਂ ਹੀ ਗੁਰੂ ਘਰ ਨਾਲ ਪਿਆਰ ਭਾਵਨਾ ਰਖਦੀ ਸੀ। ਇਸ ਕਰ ਕੇ ਰਾਜਾ ਸਿਧ ਸੇਨ ਵੀ ਗੁਰੂ ਘਰ ਦਾ ਮੁਰੀਦ ਬਣ ਗਿਆ। ਨਾਦੌਣ ਦੀ ਜੰਗ ਤੋਂ ਬਾਅਦ ਮਾਰਚ 1692 ਨੂੰ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਬਾਈ ਧਾਰ ਦੇ ਪਹਾੜੀ ਰਾਜਿਆਂ ਨੂੰ ਮੰਡੀ ਦੇ ਰਿਵਾਲਸਰ ਵਿਚ ਇਕਠੇ ਕੀਤਾ। ਇਸ ਇਕਠ ਵਿਚ ਪਹਾੜੀ ਰਾਜਿਆਂ ਨੇ ਮੁਗ਼ਲ ਸਰਕਾਰ ਵਲੋਂ ਕੀਤੇ ਜਾਣ ਵਾਲੇ ਹਮਲਿਆਂ ਦੇ ਡਰ ਹੇਠ ਗੁਰੂ ਗੋਬਿੰਦ ਸਿੰਘ ਜੀ ਦੀ ਸਰਪ੍ਰਸਤੀ ਹਾਸਲ ਕਰਨ ਦੀ ਖਾਹਿਸ਼ ਜ਼ਾਹਰ ਕੀਤੀ।

ਗੁਰੂ ਸਾਹਿਬ 29 ਮਾਰਚ 1692 ਨੂੰ ਰਿਵਾਲਸਰ ਪਹੁੰਚੇ ਅਤੇ ਪਹਾੜੀ ਰਾਜਿਆਂ ਨੂੰ ਯਕੀਨ ਦੁਆਇਆ ਕਿ ਜੇਕਰ ਉਹ ਮੁਗ਼ਲਾਂ ਦੀ ਗ਼ੁਲਾਮੀ ਵਿਚ ਨਾ ਰਹਿਣਾ ਚਾਹੁਣ ਤਾਂ ਗੁਰੂ ਸਾਹਿਬ ਉਨ੍ਹਾਂ ਦੀ ਸਰਪ੍ਰਸਤੀ ਕਰਨ ਨੂੰ ਤਿਆਰ ਹਨ। ਇਸ ਇਕੱਠ ਵਿਚ ਸਾਰੇ ਪਹਾੜੀ ਰਾਜਿਆਂ ਨੇ ਗੁਰੂ ਜੀ ਦਾ ਹਰ ਹੁਕਮ ਮੰਨਣ ਦਾ ਦਾਅਵਾ ਕੀਤਾ। ਇਸ ਸਮੇਂ ਰਾਜਾ ਸਿਧ ਸੇਨ ਨੇ ਗੁਰੂ ਜੀ ਨੂੰ ਉਨ੍ਹਾਂ ਦੀ ਰਿਆਸਤ ਵਿਚ ਆਉਣ ਦੀ ਬੇਨਤੀ ਕੀਤੀ। ਇਸ ਰਾਜੇ ਦੀ ਬੇਨਤੀ ਸਵੀਕਾਰ ਕਰਦਿਆਂ ਗੁਰੂ ਜੀ ਮੰਡੀ ਤੋਂ 80 ਕਿਲੋਮੀਟਰ ਦੂਰ ਪਿੰਡ ਕਮਲਾ ਵਿਚ ਸਥਿਤ ਕਿਲ੍ਹਾ ਕਮਲਾਹ ਅੰਦਰ ਪਹੁੰਚੇ ਜਿਸ ਨੂੰ ਕਿਲ੍ਹਾ ਗੋਬਿੰਦਗੜ੍ਹ ਵੀ ਕਿਹਾ ਜਾਂਦਾ ਹੈ। ਸਤਾਰ੍ਹਵੀਂ ਸਦੀ ਵਿਚ ਇਸ ਕਿਲ੍ਹੇ ਦਾ ਨਿਰਮਾਣ ਮੰਡੀ ਰਿਆਸਤ ਦੇ ਰਾਜਾ ਹਰੀ ਸੇਨ ਨੇ ਸ਼ੁਰੂ ਕੀਤਾ ਜਿਸ ਨੂੰ ਉਸ ਦੇ ਪੁੱਤਰ ਰਾਜਾ ਸੂਰਜ ਸੇਨ ਨੇ ਸੰਨ 1625 ਈਸਵੀ ਨੂੰ ਬਣਵਾਇਆ ਸੀ।

ਇਸ ਰਿਆਸਤ ਦੇ ਰਾਜਾ ਸਿਧ ਸੇਨ ਨੇ ਗੁਰੂ ਸਾਹਿਬ ਦੀ ਪਿਆਰ ਭਾਵਨਾ ਨਾਲ ਆਉ ਭਗਤ ਕੀਤੀ। ਜਦੋਂ ਗੁਰੂ ਜੀ ਇਸ ਰਿਆਸਤ ਤੋਂ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਰਾਜੇ ਨੇ ਗੁਰੂ ਜੀ ਨੂੰ ਔਰੰਗਜ਼ੇਬ ਦੀਆਂ ਫ਼ੌਜਾਂ ਤੋਂ ਉਸ ਦੀ ਰਿਆਸਤ ’ਤੇ ਕੀਤੇ ਜਾਣ ਵਾਲੇ ਜ਼ੁਲਮਾਂ ਦਾ ਖਦਸ਼ਾ ਪ੍ਰਗਟ ਕੀਤਾ। ਇਸ ਸਮੇਂ ਗੁਰੂ ਜੀ ਨੇ ਇਕ ਹਾਂਡੀ ’ਤੇ ਅਪਣਾ ਨਿਸ਼ਾਨਾ ਲਗਾਇਆ। ਹਾਂਡੀ ਦੇ ਨਿਸ਼ਾਨੇ ਤੋਂ ਬਚ ਜਾਣ ਉਤੇ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿ “ਜੈਸੇ ਬਚੀ ਹਾਂਡੀ, ਤੈਸੇ ਬਚੇਗੀ ਮੰਡੀ” ਜੋ ਮੰਡੀ ਨੂੰ ਲੁਟੇਂਗੇ ਆਸਮਾਨੀ ਗੋਲੇ ਛੂਟੇਂਗੇ।

ਇਸ ਰਿਆਸਤ ਦੇ ਸੁੰਦਰ ਪਹਾੜਾਂ ਅਤੇ ਰਾਜੇ ਵਲੋਂ ਕੀਤੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਮੰਡੀ ਵਿਚ ਕਈ ਦਿਨ ਠਹਿਰੇ। ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਬਿਆਸ ਦਰਿਆ ਦੇ ਕੰਢੇ ਗੁਰਦੁਆਰਾ ਪਾਂਡਲ ਸਾਹਿਬ ਸਥਾਪਤ ਕੀਤਾ ਗਿਆ ਹੈ ਜਿੱਥੇ ਗੁਰੂ ਸਾਹਿਬ ਜੀ ਦੀ ਇਕ ਮੰਜੀ, ਇਕ ਰਬਾਬ, ਇਕ ਬੰਦੂਕ, ਇਕ ਬੰਦੂਕ ਦੀ ਕੁੱਪੀ ਅਤੇ ਤਲਾਈ ਸੁਸ਼ੋਭਤ ਹਨ। ਇਥੇ ਹੀ ਮਨੀਕਰਨ ਨੂੰ ਜਾਣ ਵਾਲੇ ਸ਼ਰਧਾਲੂ ਅਪਣਾ ਪਹਿਲਾ ਪੜਾਅ ਕਰਦੇ ਹਨ। 


28 ਦਸੰਬਰ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜਾਂ ਵਲ ਕੂਚ ਕੀਤਾ। ਉਸ ਦਾ ਪਹਿਲਾ ਹਮਲਾ ਬਿਲਾਸਪੁਰ ’ਤੇ ਹੀ ਸੀ ਕਿਉਂਕਿ ਇਸ ਰਿਆਸਤ ਦੇ ਰਾਜਾ ਅਜਮੇਰ ਚੰਦ ਕਰ ਕੇ ਹੀ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਛਡਣਾ ਪਿਆ। ਸਿੱਖਾਂ ਤੋਂ ਟੈਕਸ ਵਸੂਲਣ ਦੀ ਖ਼ਾਹਿਸ਼ ਰੱਖਣ ਵਾਲੇ ਅਜਮੇਰ ਚੰਦ ਨੇ ਬੰਦਾ ਸਿੰਘ ਬਹਾਦਰ ਨੂੰ ਟੈਕਸ ਦੇਣਾ ਮਨਜ਼ੂਰ ਕਰ ਲਿਆ। ਇਸ ਰਿਆਸਤ ਨੂੰ ਜਿੱਤ ਲੈਣ ਉਪਰੰਤ ਬੰਦਾ ਸਿੰਘ ਨੇ ਕੱੁਝ ਹੋਰ ਪਹਾੜੀ ਰਾਜਿਆਂ ਨੂੰ ਵੀ ਈਨ ਮੰਨਣ ਵਾਸਤੇ ਪੈਗ਼ਾਮ ਭੇਜੇ। ਇਸ ਸਮੇਂ ਮੰਡੀ ਦੇ ਰਾਜਾ ਸਿਧ ਸੇਨ ਨੇ ਸੱਭ ਤੋਂ ਪਹਿਲਾਂ ਬੰਦਾ ਸਿੰਘ ਨੂੰ ਜੀ ਆਇਆਂ ਕਿਹਾ। ਬੰਦਾ ਸਿੰਘ ਨੂੰ ਪਤਾ ਸੀ ਕਿ ਇਹ ਰਿਆਸਤ ਗੁਰੂ ਘਰ ਦੀ ਪਹਿਲਾਂ ਤੋਂ ਹੀ ਸ਼ਰਧਾਲੂ ਰਹੀ ਹੈ, ਇਸ ਲਈ ਉਨ੍ਹਾਂ ਮੰਡੀ ਰਿਆਸਤ ਦੀ ਵਫ਼ਾਦਾਰੀ ਕਾਰਨ ਰਾਜਾ ਸਿਧ ਸੇਨ ਨੂੰ ਇੱਜ਼ਤ ਅਤੇ ਖ਼ਿੱਲਤ ਦੇ ਕੇ ਮਾਨ ਸਨਮਾਨ ਕੀਤਾ।
ਸੰਨ 1752 ਈਸਵੀ ਵਿਚ ਜਦੋਂ ਮੀਰ ਮੰਨੂੰ ਨੇ ਸਿੱਖਾਂ ਉੱਤੇ ਜ਼ੁਲਮੀ ਹਮਲੇ ਸ਼ੁਰੂ ਕੀਤੇ ਤਾਂ ਸਿੱਖਾਂ ਨੇ ਪਹਾੜੀ ਇਲਾਕੇ ਵਿਚ ਪਨਾਹ ਲੈ ਲਈ। ਇਸ ਸਮੇਂ ਭਾਵੇਂ ਬਹੁਤ ਸਾਰੇ ਪਹਾੜੀ ਰਾਜੇ ਸਿੱਖਾਂ ਦੇ ਵਿਰੁਧ ਸਨ ਪਰ ਫਿਰ ਵੀ ਮੰਡੀ ਰਿਆਸਤ ਦੇ ਗਿਆਰ੍ਹਵੇਂ ਰਾਜੇ ਸ਼ਮਸ਼ੇਰ ਸੇਨ ਨੇ ਇਸ ਔਖੀ ਘੜੀ ਵਿਚ ਸਿੱਖਾਂ ਦਾ ਪੂਰਾ ਸਾਥ ਦਿਤਾ। ਜਦੋਂ ਮੀਰ ਮੰਨੂੰ ਨੂੰ ਇਸ ਗੱਲ ਦਾ ਪਤਾ ਲਗਿਆ ਤਾਂ ਜੁਲਾਈ 1752 ਦੇ ਅਖ਼ੀਰ ਵਿਚ ਉਸ ਨੇ ਪਹਾੜੀ ਰਾਜਿਆਂ ਤੋਂ ਵਾਧੂ ਟੈਕਸ ਮੰਗ ਲਿਆ ਅਤੇ ਅਦਾ ਨਾ ਕਰਨ ’ਤੇ ਭਾਰੀ ਜੁਰਮਾਨਾ ਲਗਾਇਆ। ਇਸ ਸਮੇਂ ਮੰਡੀ ਰਿਆਸਤ ਦੇ ਰਾਜੇ ਨੇ ਸਿੱਖਾਂ ਨਾਲ ਰਾਬਤਾ ਕੀਤਾ।

ਇਸ ਵੇਲੇ ਪਹਾੜਾਂ ਵਿਚ ਸਿੱਖ ਫ਼ੌਜਾਂ ਦੀ ਅਗਵਾਈ ਜੱਸਾ ਸਿੰਘ ਆਹਲੂਵਾਲੀਆ ਕਰ ਰਹੇ ਸਨ। ਸਿੱਖ ਜਰਨੈਲ ਆਹਲੂਵਾਲੀਆ ਦੀ ਕਮਾਂਡ ਹੇਠ ਪਹਾੜੀ ਰਾਜਿਆਂ ਨੇ ਸਿੱਖ ਫ਼ੌਜਾਂ ਨਾਲ ਮਿਲ ਕੇ ਮੁਗ਼ਲ ਫੌਜ਼ਾਂ ਨੂੰ ਪਹਾੜੀ ਇਲਾਕੇ ਵਿਚੋਂ ਜਾਣ ਲਈ ਮਜਬੂਰ ਕਰ ਦਿਤਾ। ਇਸ ਲੜਾਈ ਵਿਚ ਜਿੱਤ ਪ੍ਰਾਪਤ ਕਰਨ ਉਪਰੰਤ ਪਹਾੜੀ ਰਾਜਿਆਂ ਨੇ ਖ਼ੁਸ਼ੀ ਵਿਚ ਸਿੱਖਾਂ ਨੂੰ ਸ਼ੁਕਰਾਨੇ ਵਜ਼ੋਂ ਕੀਮਤੀ ਤੋਹਫ਼ੇ ਦੇ ਕੇ ਵਿਦਾ ਕੀਤਾ। ਸੰਨ 1840 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਵੈਂਟੂਰਾ ਨੇ ਇਸ ਇਲਾਕੇ ਦੇ 360 ਕਿਲ੍ਹਿਆਂ ਵਿਚੋਂ ਪ੍ਰਸਿੱਧ ਅਤੇ ਸੱਭ ਤੋਂ ਸੁਰੱਖਿਅਤ ਰਹੇ ਕਮਲਾਹ ਕਿਲ੍ਹੇ ’ਤੇ ਅਪਣਾ ਕਬਜ਼ਾ ਕਰ ਲਿਆ ਜੋ ਪਿੱਛਲੇ ਲੰਮੇ ਸਮੇਂ ਤੋਂ ਅਜਿੱਤ ਰਿਹਾ ਸੀ।    


21 ਫ਼ਰਵਰੀ 1846 ਨੂੰ ਇਸ ਰਿਆਸਤ ਦੇ 15ਵੇਂ ਰਾਜੇ ਬਲਵੀਰ ਸੇਨ ਨੇ ਬਿ੍ਰਟਿਸ਼ ਸਰਕਾਰ ਵਲੋਂ ਥਾਪੇ ਪਹਾੜੀ ਰਿਆਸਤ ਦੇ ਸੁਪਰਡੈਂਟ ਮਿਸਟਰ ਏਰਸਕਾਈਨ ਨਾਲ ਮੁਲਾਕਾਤ ਕਰ ਕੇ ਉਸ ਨੂੰ ਅਪਣੀ ਵਫ਼ਾਦਾਰੀ ਦਾ ਯਕੀਨ ਕਰਵਾਉਣ ਦੇ ਨਾਲ ਨਾਲ ਮੰਡੀ ਰਿਆਸਤ ਨੂੰ ਸੁਰੱਖਿਆ ਦੇਣ ਬਾਰੇ ਵੀ ਬੇਨਤੀ ਕੀਤੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਆਦ 9 ਮਾਰਚ 1846 ਨੂੰ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਇਕ ਸਮਝੌਤਾ ਹੋਇਆ ਜਿਸ ਵਿਚ ਇਸ ਰਿਆਸਤ ਨੂੰ ਅੰਗਰੇਜ਼ ਰਾਜ ਵਿਚ ਸ਼ਾਮਲ ਕਰ ਲਿਆ ਗਿਆ। 


15 ਅਪ੍ਰੈਲ 1948 ਨੂੰ ਸੁਕੇਤ ਅਤੇ ਮੰਡੀ ਦੋਵੇਂ ਰਿਆਸਤਾਂ ਦਾ ਰਲੇਵਾਂ ਕਰ ਕੇ ਮੰਡੀ ਨੂੰ ਪ੍ਰਮੁੱਖਤਾ ਦਿਤੀ ਗਈ ਸੀ। 15 ਅਗੱਸਤ 1947 ਨੂੰ ਦੇਸ਼ ਵੰਡ ਵੇਲੇ ਮੰਡੀ ਰਿਆਸਤ ਨੂੰ ਭਾਰਤ ਦੇ ਹਵਾਲੇ ਕਰ ਦਿਤਾ ਗਿਆ ਸੀ।


ਪਿੰਡ-ਰਸੂਲਪੁਰ, ਡਾਕਖਾਨਾ-ਮੋਰਿੰਡਾ
ਜ਼ਿਲ੍ਹਾ-ਰੂਪਨਗਰ।
ਸੁਰਿੰਦਰ ਸਿੰਘ ਰਸੂਲਪੁਰ
ਮੋ. 94173 70699