ਸ਼੍ਰੋਮਣੀ ਕਮੇਟੀ ਵਲੋਂ ਕੱਢੇ ਗਏ 523 ਮੁਲਾਜ਼ਮਾਂ ਨੇ ਦਿਤਾ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਵਿਚੋਂ ਹਟਾਏ ਗਏ 523 ਮੁਲਾਜ਼ਮਾਂ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ  ਦੇ ਬਾਹਰ ਧਰਨਾ ਸ਼ੁਰੂ ਕੀਤਾ ਜੋ ਖ਼ਬਰ ਲਿਖੇ ਜਾਣ ਤਕ ਜਾਰੀ

523 employees of Shiromani Samiti protested

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਵਿਚੋਂ ਹਟਾਏ ਗਏ 523 ਮੁਲਾਜ਼ਮਾਂ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ  ਦੇ ਬਾਹਰ ਧਰਨਾ ਸ਼ੁਰੂ ਕੀਤਾ ਜੋ ਖ਼ਬਰ ਲਿਖੇ ਜਾਣ ਤਕ ਜਾਰੀ ਸੀ। ਇਸ ਧਰਨੇ ਨੂੰ ਉਸ ਵੇਲੇ ਸਫ਼ਲਤਾ ਮਿਲਦੀ ਨਜ਼ਰ ਰਹੀ ਸੀ ਜਦ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜੋ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਗੁਰਦਵਾਰਾ ਕਰਤਾਰਪੁਰ ਸਾਹਿਬ ਲਾਂਘੇ ਦੇ ਸਬੰਧ ਵਿਚ ਮਿਲਣ ਆਏ ਸਨ, ਨੇ ਇਨ੍ਹਾਂ ਦੀਆਂ ਮੰਗਾਂ ਬਾਰੇ ਪ੍ਰਧਾਨ ਨਾਲ ਗੱਲ ਕਰਨ ਦੀ ਵਿਸ਼ਵਾਸ ਦਿਵਾਇਆ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼ਮਸ਼ੇਰ ਸਿੰਘ ਅਤੇ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਹੁਣ ਸਿਰਫ਼ 220 ਦੇ ਕਰੀਬ ਮੁਲਾਜ਼ਮ ਬਾਕੀ ਰਹਿ ਗਏ ਹਨ

ਜਿਨ੍ਹਾਂ ਨੂੰ ਨੌਕਰੀਆਂ ਦੇਣੀਆਂ ਬਾਕੀ ਹਨ। ਇਹ ਉਹ ਮੁਲਾਜ਼ਮ ਹਨ ਜਿਨ੍ਹਾਂ ਦੀਆਂ ਤਨਖ਼ਾਹਾਂ 10 ਹਜ਼ਾਰ ਰੁਪਏ ਤੋਂ ਵੀ ਘੱਟ ਹਨ। ਉਨ੍ਹਾਂ ਕਿਹਾ ਕਿ ਜੇਕਰ ਕਮੇਟੀ ਚਾਹੇ ਤਾਂ ਸਾਨੂੰ ਕਿਧਰੇ ਨਾ ਕਿਧਰੇ ਕੰਮ ਦੇ ਸਕਦੀ ਹੈ ਪਰ ਜਾਣ-ਬੁਝ ਕੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਨਵਾਂ ਆਇਆ ਪ੍ਰਧਾਨ ਪੁਰਾਣੇ ਪ੍ਰਧਾਨ ਵਲੋਂ ਰਖੇ ਮੁਲਾਜ਼ਮ ਕਢ ਕੇ ਅਪਣੀ ਮਰਜ਼ੀ ਦੇ ਮੁਲਾਜ਼ਮ ਭਰਤੀ ਕਰ ਲੈਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਜਾਣ-ਬੁਝ ਕੇ ਸਾਡਾ ਮਾਮਲਾ ਵਿਗਾੜ ਰਹੇ ਹਨ।

27 ਨਵੰਬਰ 2018 ਨੂੰ ਸ. ਵਿਰਕ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 15 ਦਿਨਾਂ ਵਿਚ ਉਹ ਸਾਨੂੰ ਬਹਾਲ ਕਰ ਦੇਣਗੇ ਪਰ ਵਿਰਕ ਦਾ ਵਾਅਦਾ ਪੂਰਾ ਨਹੀਂ ਹੋਇਆ। ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਅੰਮ੍ਰਿਤਸਰ ਵਿਚ ਸੀ। ਹਟਾਏ ਗਏ ਮੁਲਾਜ਼ਮ ਇੱਕਲੇ ਇੱਕਲੇ ਅੰਤਿੰ੍ਰਗ ਕਮੇਟੀ ਮੈਂਬਰ ਦੇ ਤਰਲੇ ਲੈਂਦੇ ਨਜ਼ਰ ਆ ਰਹੇ ਸਨ ਕਿ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ ਤਾਕਿ ਉਹ ਅਪਣੇ ਘਰਾਂ ਦੇ ਖ਼ਰਚ ਚਲਾ ਸਕਣ। ਪਟਿਆਲਾ ਤੋਂ ਆਈ  ਸਤਿੰਦਰ ਕੌਰ ਨੇ ਰਂੌਦੇ ਹੋਏ ਦਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁਕੀ ਹੈ

ਤੇ ਉਹ ਤਿੰਨ ਬੱਚਿਆਂ ਦਾ ਅਤੇ ਘਰ ਦਾ ਖ਼ਰਚ ਚੁਕਣ ਲਈ ਗੁਰਦਵਾਰਾ ਦੂਖ ਨਿਵਾਰਣ ਸਾਹਿਬ ਵਿਖੇ ਲੰਗਰ ਪਕਾਉਣ ਲਈ ਡਿਊਟੀ ਕਰਦੀ ਸੀ ਜਿਸ ਦੇ ਇਵਜ਼ ਵਿਚ ਉਸ ਨੂੰ ਮਹਿਜ਼ 200 ਰੁਪਏ ਮਿਲਦੇ ਸਨ। ਜਤਿੰਦਰ ਕੌਰ ਸਿੰਘਪੁਰਾ ਨੇ ਦਸਿਆ ਕਿ ਉਹ 175 ਰੁਪਏ ਮਿਲਦੇ ਸਨ ਪਰ ਹੁਣ ਉਹ ਬੇਰੋਜ਼ਗਾਰ ਹੈ। ਇਨ੍ਹਾਂ ਸਾਰਿਆਂ ਨੇ ਕਿਹਾ ਕਿ ਜਦ ਤਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀ ਧਰਨਾ ਜਾਰੀ ਰਖਾਂਗੇ।

ਇਸ ਮੌਕੇ ਜਰਨੈਲ ਸਿੰਘ, ਤਰਸੇਮ ਸਿੰਘ, ਖ਼ੁਸ਼ਵੰਤ ਕੌਰ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਜ਼ੀਰਾ ਨੇ ਕਿਹਾ ਕਿ ਇਹ ਬੇਹਦ ਮੰਦਭਾਗਾ ਹੈ ਕਿ ਇੰਨਾ ਵੱਡਾ ਬਜਟ ਹੋਣ ਦੇ ਬਾਵਜੂਦ ਕਮੇਟੀ 200 ਦੇ ਕਰੀਬ ਮੁਲਾਜ਼ਮਾਂ ਨੂੰ ਵੀ ਨਹੀਂ ਰੱਖ ਸਕਦੀ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸੁਖਬੀਰ ਸਿੰਘ ਬਾਦਲ ਦੇ ਹੁਕਮ ਦੀ ਉਡੀਕ ਕਰ ਰਹੇ ਹਨ।