ਕੀ ਆਈ.ਜੀ ਉਮਰਾਨੰਗਲ ਤੋਂ ਬਾਅਦ ਸਾਬਕਾ ਡੀਜੀਪੀ ਸੈਣੀ ਤੇ ਬਾਦਲਾਂ ਦੀ ਵਾਰੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਰਗਾੜੀ ਕਾਂਡ ਵਿਚ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਤੇ ਆਈ.ਜੀ ਪ੍ਰਮਪਾਲ ਸਿੰਘ ਉਮਰਾਨੰਗਲ ਬਾਅਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਗ੍ਰਿਫ਼ਤਾਰ ਕੀਤੇ

Parkash Singh Badal

ਅੰਮ੍ਰਿਤਸਰ : ਬਰਗਾੜੀ ਕਾਂਡ ਵਿਚ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਤੇ ਆਈ.ਜੀ ਪ੍ਰਮਪਾਲ ਸਿੰਘ ਉਮਰਾਨੰਗਲ ਬਾਅਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਸਿਆਸੀ ਹਲਕਿਆ ਅਨੁਸਾਰ ਸਿਟ ਬਾਦਲਾਂ ਤੇ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਵੱਲ ਸ਼ਿਕੰਜਾ ਕੱਸ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ 'ਤੇ ਵੀ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ।

 ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੀ ਆਖ ਚੁੱਕੇ ਹਨ ਕਿ ਭਾਵੇਂ ਕੋਈ ਕਿੱਡਾ ਵੀ ਸਿਆਸਤਦਾਨ ਤੇ ਅਫ਼ਸਰ ਹੋਵੇ ਉਸ ਨੂੰ ਬੇਅਦਬੀ ਦੇ ਮਾਮਲੇ ਵਿਚ ਕਾਨੂੰਨ ਅਨੁਸਾਰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਸਿੱਖ ਸੰਗਤਾਂ ਤੇ ਪੰਥਕ ਸੰਗਠਨ ਅੰਦੋਲਨ ਕਰ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਬੇਅਦਬੀਆਂ ਕਾਂਡ ਦੇ ਦੋਸ਼ੀਆਂ ਤੇ ਦੋ ਸਿੱਖਾਂ ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਗੁਰਜੀਤ ਸਿੰਘ ਦੀ ਮੌਤ ਲਈ ਜ਼ੁੰਮੇਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਗ੍ਰਿਫ਼ਤਾਰ ਕੀਤੇ ਜਾਣ, ਜਿਨ੍ਹਾਂ ਦੇ ਰਾਜਕਾਲ ਸਮੇਂ ਇਹ ਕਾਂਡ ਵਾਪਰੇ।

ਜੇਕਰ ਬਾਦਲ ਸਰਕਾਰ ਗੰਭੀਰ ਹੁੰਦੀ ਤਾਂ ਮੈਰਿਟ 'ਤੇ ਇਸ ਕੇਸ ਦਾ ਫ਼ੈਸਲਾ ਹੋ ਸਕਦਾ ਸੀ ਪਰ ਸੌਦਾ ਸਾਧ ਦੀਆਂ ਵੋਟਾਂ ਖ਼ਾਤਰ ਸਿੱਖ ਭਾਵਨਾਵਾਂ ਨੂੰ ਅਣਡਿੱਠ ਕੀਤਾ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਪਤਨ ਵਲ ਵਧ ਚੁਕਾ ਹੈ। ਕਾਂਗਰਸੀ ਆਗੂਆਂ ਦਾ ਵੀ ਮੁੱਖ ਮੰਤਰੀ 'ਤੇ ਦਬਾਅ ਹੈ ਕਿ ਉਹ ਬਾਦਲਾਂ ਵਿਰੁਧ ਕਾਰਵਾਈ ਕਰਨ ਜਿਨ੍ਹਾਂ ਨੇ ਬੇਅਦਬੀ ਕਾਂਡ ਨੂੰ ਅੰਜਾਮ ਦਿਤਾ। ਦੋ ਕਾਂਗਰਸੀ ਮੰਤਰੀ ਵੀ ਬਰਗਾੜੀ ਇਨਸਾਫ਼ ਮੋਰਚੇ 'ਚ ਬੋਲ ਕੇ ਆਏ ਸਨ ਕਿ ਦੋਸ਼ੀਆਂ ਵਿਰੁਧ ਕਾਰਵਾਈ ਹੋਵੇਗੀ।