ਜਿਉ ਮੰਦਰ ਕਉ ਥਾਮੈ ਥੰਮਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਅਕਤੀ ਜਨਮ ਤੋਂ ਕਿਸੇ ਨਾ ਕਿਸੇ ਗੁਰੂ ਦੇ ਲੜ ਲਗਿਆ ਰਹਿੰਦਾ ਹੈ। ਬਚਪਨ ਵਿਚ ਮਾਤਾ-ਪਿਤਾ ਬੱਚੇ ਦੇ ਗੁਰੂ ਹੁੰਦੇ ਹਨ। ਵਿਦਿਆਰਥੀ ਜੀਵਨ ਵਿਚ ਉਸ ਦੇ ਅਧਿਆਪਕ ਉਸ

File Photo

ਵਿਅਕਤੀ ਜਨਮ ਤੋਂ ਕਿਸੇ ਨਾ ਕਿਸੇ ਗੁਰੂ ਦੇ ਲੜ ਲਗਿਆ ਰਹਿੰਦਾ ਹੈ। ਬਚਪਨ ਵਿਚ ਮਾਤਾ-ਪਿਤਾ ਬੱਚੇ ਦੇ ਗੁਰੂ ਹੁੰਦੇ ਹਨ। ਵਿਦਿਆਰਥੀ ਜੀਵਨ ਵਿਚ ਉਸ ਦੇ ਅਧਿਆਪਕ ਉਸ ਦਾ ਮਾਰਗ ਦਰਸ਼ਨ ਕਰਦੇ ਹਨ। ਬਾਕੀ ਜੀਵਨ ਵਿਚ ਅਸੀਂ ਧਰਮ ਗੁਰੂਆਂ ਦਾ ਸਹਾਰਾ ਲੈਂਦੇ ਹਾਂ। ਸਿੱਖ ਧਰਮ ਵਿਚ ਗੁਰੂ ਨੂੰ ਸਰਬ ਪ੍ਰਥਮ ਸਥਾਨ ਹਾਸਲ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਅਰੰਭ ਵਿਚ ਹੀ ਦਰਜ ਹੈ :

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂੰਨੀ ਸੈਭੰ ਗੁਰ ਪ੍ਰਸਾਦਿ
ਅਰਥਾਤ ਪ੍ਰਮਾਤਮਾ ਇਕ ਹੈ, ਉਸ ਦਾ ਨਾਮ ਸੱਚਾ ਹੈ। ਉਹ ਸੱਭ ਕੁੱਝ ਕਰਨ ਵਾਲਾ ਹੈ। ਉਹ ਬਿਨਾਂ ਕਿਸੇ ਭੈਅ ਤੇ ਵੈਰ ਤੋਂ ਹੈ। ਉਸ ਦੀ ਕੋਈ ਮੂਰਤ ਨਹੀਂ ਹੈ ਤੇ ਉਹ ਜਨਮ ਮਰਨ ਦੇ ਚੱਕਰ ਤੋਂ ਰਹਿਤ ਹੈ। ਅਜਿਹਾ ਪ੍ਰਮਾਤਮਾ ਗੁਰੂ ਦੀ ਕ੍ਰਿਪਾ ਨਾਲ ਹੀ ਪ੍ਰਾਪਤ ਹੁੰਦਾ ਹੈ

ਸਤਿਕਾਰਤ ਗੁਰੂ ਸਾਹਿਬਾਨ ਵਲੋਂ ਉਚਾਰੀ ਬਾਣੀ ਹੀ ਗੁਰਬਾਣੀ ਅਖਵਾਉਂਦੀ ਹੈ। ਅਜਿਹੇ ਵਚਨ ਜਿਨ੍ਹਾਂ ਤੋਂ ਗੁਰੂ ਸਾਹਿਬਾਨ ਦੇ ਕਾਰਜ ਤੇ ਅਨੁਭਵ ਪ੍ਰਤੀਤ ਹੁੰਦੇ ਹਨ। ਸੰਸਾਰ ਵਿਚ ਹਨੇਰਾ ਹੀ ਹਨੇਰਾ ਹੈ, ਹਰ ਕੋਈ ਅਪਣੇ ਸੁਆਰਥ ਲਈ ਭਜਿਆ ਫਿਰਦਾ ਹੈ। ਜੀਵ ਆਤਮਾ ਤੇ ਪ੍ਰਮਾਤਮਾ ਵਿਚ ਇਕ ਝੂਠੀ ਦੀਵਾਰ ਖੜੀ ਹੋ ਗਈ ਹੈ। ਇਸ ਦੀਵਾਰ ਨੂੰ ਤੋੜਨ ਤੇ ਹਨੇਰੇ ਵਿਚ ਚਾਨਣ ਲਈ ਇਕੋ ਇਕ ਸ਼ਕਤੀ ਹੈ ਗੁਰਬਾਣੀ:  

ਗਿਆਨ ਅੰਜਨੁ ਗੁਰ ਦੀਆ, ਅਗਿਆਨ ਅੰਧੇਰ ਬਿਨਾਸੁ
ਸਿੱਖ ਧਰਮ ਵਿਚ ਗੁਰੂ ਸਾਹਿਬਾਨ ਨੇ ਅਪਣੇ ਜੀਵਨ ਕਾਲ ਵਿਚ ਅਪਣੇ ਸਿੱਖਾਂ ਦਾ ਅਜਿਹਾ ਮਾਰਗ ਦਰਸ਼ਨ ਕੀਤਾ ਤਾਕਿ ਉਹ ਇਸ ਕਲਯੁਗ ਦੀ ਘੁੰਮਣ ਘੇਰੀ ਵਿਚੋਂ ਬਾਹਰ ਨਿਕਲ ਕੇ ਆਉਣ। ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਉਨ੍ਹਾਂ ਨੇ ਅਪਣੇ ਸਿੱਖਾਂ ਲਈ ਅਨੇਕਾਂ ਦ੍ਰਿਸ਼ਟਾਂਤ ਦਿਤੇ ਤਾਕਿ ਸਿੱਖ ਭਟਕ ਨਾ ਜਾਣ। ਜਿਸ ਵੀ ਸਿੱਖ ਨੇ ਗੁਰੂਆਂ ਦੀ ਬਾਣੀ ਜਾਂ ਗੁਰੂ ਆਸ਼ੇ ਮੁਤਾਬਕ ਅਪਣਾ ਜੀਵਨ ਢਾਲਿਆ, ਉਹ ਭਵ ਸਾਗਰ ਤੋਂ ਪਾਰ ਹੋ ਗਿਆ ਹੈ :

ਸਤਿਗੁਰੂ ਹੈ ਬੋਹਿਥਾ ਵਿਰਲਾ ਕਿਨੈ ਵੀਚਾਰਿਆ, ਕਰ ਕ੍ਰਿਪਾ ਪਾਰ ਉਤਾਰਿਆ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਾਰ-ਵਾਰ ਗੁਰੂ ਮਹਿਮਾ ਉਪਰ ਜ਼ੋਰ ਦਿਤਾ ਗਿਆ ਹੈ :            
ਗੁਰੂ ਬਿਨ ਸੁਰਤਿ ਨ ਸਿਧਿ,ਗੁਰੂ ਬਿਨ ਸਮਝਿ ਨ ਆਵੈ

ਜੇਕਰ ਅਸੀਂ ਗੁਰੂ ਜੀ ਦੇ ਬਚਨਾਂ ਮੁਤਾਬਕ ਅਪਣਾ ਜੀਵਨ ਢਾਲ ਲਵਾਂਗੇ ਤਾਂ ਸਾਡਾ ਜੀਵਨ ਸੰਤੋਖਮਈ ਹੋਵੇਗਾ। ਗੁਰੂ ਜੀ ਹੀ ਸਾਨੂੰ ਦਸਦੇ ਹਨ ਕਿ ਜੇ ਪ੍ਰਮਾਤਮਾ ਸਾਨੂੰ ਭੁੱਖ, ਦੁੱਖ ਤੇ ਸੁੱਖ ਦਿੰਦਾ ਹੈ ਤਾਂ ਸਾਨੂੰ ਹਰ ਹਾਲਤ ਵਿਚ ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਹੋਵੇਗਾ। ਗੁਰੂ ਬਚਨ ਹੀ ਇਹ ਦਸਦੇ ਹਨ ਕਿ ਸਾਡਾ ਜੀਵਨ ਹੀਰੇ ਵਰਗਾ ਹੈ ਜਿਸ ਨੂੰ ਸਿਰਫ਼ ਖਾ ਪੀ ਕੇ ਜਾਂ ਆਰਾਮ ਕਰ ਕੇ ਹੀ ਨਹੀਂ ਗਵਾਉਣਾ ਚਾਹੀਦਾ ਸਗੋਂ ਪ੍ਰਭੂ ਦਾ ਸ਼ੁਕਰ ਵੀ ਮਨਾਉਣਾ ਚਾਹੀਦਾ ਹੈ। ਗੁਰੂ ਮਹਿਮਾ ਦਾ ਵਰਨਣ ਕਰਦੇ ਹੋਏ ਗੁਰੂ ਰਵਿਦਾਸ ਜੀ ਬਾਣੀ ਵਿਚ ਇਸ ਤਰ੍ਹਾਂ ਫ਼ਰਮਾਉਂਦੇ ਹਨ :

ਜਨ ਰਵਿਦਾਸ ਰਾਮ ਰੰਗਿ ਰਾਤਾ
ਇਉਂ ਗੁਰ ਪ੍ਰਸਾਦਿ ਨਰਕ ਨਹੀਂ ਜਾਤਾ

ਭਾਵ ਗੁਰੂ ਦੀ ਕ੍ਰਿਪਾ ਨਾਲ ਹੀ ਪ੍ਰਮਾਤਮਾ ਦਾ ਮਿਲਾਪ ਹੋਇਆ ਹੈ, ਹੁਣ ਮੈਨੂੰ ਨਰਕ ਸੁਰਗ ਦੇ ਭਰਮ ਤੋਂ ਮੁਕਤੀ ਮਿਲ ਗਈ ਹੈ, ਇਸੇ ਤਰ੍ਹਾਂ ਗੁਰੂ ਰਵਿਦਾਸ ਜੀ ਫ਼ਰਮਾਉਂਦੇ ਹਨ :  
 

ਗੁਰਦੇਵ ਕਰਤਾ ਸਭ ਪਾਪ ਹਰਤਾ
ਗੁਰਦੇਵ ਪਤਿਤ ਪਵਿਤ ਕਰਤਾ
ਗੁਰਦੇਵ ਆਦਿ ਜੁਗਾਦਿ ਜੁਗ ਜੁਗ
ਗੁਰਦੇਵ ਮੰਤੁ ਹਰਿ ਜਪੁ ਉਧਰਾ

ਗੁਰਬਾਣੀ ਅਨੁਸਾਰ ਗੁਰੂ ਤੋਂ ਬਿਨਾਂ ਘੁੱਪ ਹਨੇਰਾ ਹੈ। ਗੁਰੂ ਦੇ ਬਚਨ ਸੁਣ ਕੇ ਸਾਡੇ ਮਨ ਵਿਚ ਅੰਮ੍ਰਿਤ ਬਾਣੀ ਵਸ ਜਾਂਦੀ ਹੈ। ਇਸੇ ਨਾਲ ਹੀ ਅਸੀਂ ਪ੍ਰਮਾਤਮਾ ਦੇ ਦਰ ਉਤੇ ਪ੍ਰਵਾਨ ਚੜ੍ਹਦੇ ਹਾਂ ਅਰਥਾਤ ਸਵੀਕਾਰੇ ਜਾਂਦੇ ਹਾਂ। ਜਿਹੜਾ ਸੱਚੇ ਗੁਰੂ ਨੂੰ ਮਿਲ ਕੇ ਇਕ ਪ੍ਰਭੂ ਦੀ ਉਸਤਤ ਕਰਦਾ ਹੈ, ਉਸ ਦੇ ਭਾਗ ਚੰਗੇ ਹੁੰਦੇ ਹਨ:                                                     

ਜੋ ਗੁਰ ਮਿਲਿ ਏਕੁ ਪਛਾਣੈ
ਜਿਸੁ ਹੋਵੇ ਭਾਗੁ ਮਥਾਣੈ

ਕਬੀਰ ਜੀ ਵੀ ਗੁਰੂ ਦੀ ਵਡਿਆਈ ਕਰਦੇ ਹੋਏ ਕਹਿੰਦੇ ਹਨ। ਮੈਂ ਗੁਰੂ ਦੀ ਕ੍ਰਿਪਾ ਨਾਲ ਨਰਕ ਸੁਰਗ ਦੇ ਭਰਮ ਤੋਂ ਮੁਕਤ ਹੋ ਗਿਆ ਹਾਂ। ਯਕੀਨਨ ਹੀ ਅਜਿਹਾ ਵਿਅਕਤੀ ਜੋ ਗੁਰੂ ਤੋਂ ਬੇਮੁੱਖ ਹੁੰਦਾ ਹੈ, ਉਸ ਦਾ ਕਿਹਾ ਮਨ ਵਿਚ ਨਹੀਂ ਰਖਦਾ, ਨਰਕਾਂ ਦਾ ਭਾਗੀ ਬਣਦਾ ਹੈ। ਗੁਰਬਾਣੀ ਮੁਤਾਬਕ ਗੁਰੂ ਗਿਆਨ ਦਾ ਸਾਗਰ ਹੈ, ਗੁਰੂ ਦੀ ਕ੍ਰਿਪਾ ਨਾਲ ਹੀ ਗਿਆਨ ਅੱਗੇ ਵੰਡਿਆ ਜਾਂਦਾ ਹੈ :

ਕੁੰਭੇ ਬੱਧਾ ਜਲ ਰਹੈ ਜਲ ਬਿਨ ਕੁੰਭ ਨ ਹੋਇ
ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨ ਹੋਇ

ਮਨਮੁਖ ਵਿਅਕਤੀ ਕੂੜ ਵਿਚ ਹੀ ਵਿਚਰਦਾ ਰਹਿੰਦਾ ਹੈ, ਵਹਿਮ ਭਰਮ ਗੁਰੂ ਤੋਂ ਬਿਨਾਂ ਦੂਰ ਨਹੀਂ ਹੁੰਦੇ। ਬਿਨਾਂ ਗੁਰੂ ਸਾਡੇ ਬੰਦ ਕਪਾਟ ਨਹੀਂ ਖੁਲ੍ਹਦੇ। ਜੇ ਕੋਈ ਸਿਆਣਾ ਬਣ ਕੇ ਪ੍ਰਮਾਤਮਾ ਦਾ ਥਹੁ ਪਾਉਣ ਦੀ ਕੋਸ਼ਿਸ਼ ਕਰੇ ਤਾਂ ਉਸ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ :

ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੇ ਮੋਹ ਗੁਬਾਰਾ
ਸਤਿ ਗੁਰ ਸੇਵਾ ਤੇ ਨਿਸਤਾਰਾ ਗੁਰਮਖਿ ਤਰੈ ਸੰਸਾਰਾ

ਗੁਰੂ ਨਾਨਕ ਦੇਵ ਜੀ ਅਨੁਸਾਰ ਮਨਮੁਖ ਵਿਅਕਤੀ ਅੰਨ੍ਹਾ ਹੁੰਦਾ ਹੈ, ਗੁਰੂ ਬਿਨਾਂ ਸੰਸਾਰ ਵਿਚ ਅੱਜ ਤਕ ਕੋਈ ਨਹੀਂ ਤਰਿਆ :

ਜਿਉ ਮੰਦਰਿ ਕਉ ਥਾਮੈ ਥੰਮਨ
ਤਿਉਂ ਗੁਰ ਕਾ ਸਬਦੁ ਮਨਹਿ ਅਸਥੰਮਨ

ਉਪਰੋਕਤ ਵਰਣਿਤ ਹਵਾਲਿਆਂ ਦੇ ਸੰਦਰਭ ਵਿਚ ਸਪੱਸ਼ਟ ਹੈ ਕਿ ਸਿੱਖ ਧਰਮ ਅਨੁਸਾਰ ਗੁਰੂ ਬਿਨਾਂ ਗਤੀ ਹੋਣੀ ਸੰਭਵ ਨਹੀਂ ਹੈ। ਅੱਜ ਕਲਯੁਗੀ ਜੀਵਾਂ ਨੇ ਦੇਹਧਾਰੀ ਗੁਰੂਆਂ ਦਾ ਰੂਪ ਧਾਰ ਲਿਆ ਹੈ ਜਦ ਕਿ ਅਜਿਹੀ ਪ੍ਰੰਪਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੱਦੀ ਸੌਂਪ ਕੇ ਸਮਾਪਤ ਕਰ ਦਿਤੀ ਸੀ :

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ
ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖਿ ਗੁਰੂ ਨਿਸਤਾਰੈ

ਸੋ ਜੇ ਅਸੀਂ ਅਜੇ ਵੀ ਗੁਰੂ ਆਸ਼ੇ ਤੋਂ ਭਟਕ ਰਹੇ ਹਾਂ ਤਾਂ ਫਿਰ ਅਸੀਂ ਸਰਬੰਸਦਾਨੀ ਦੇ ਉਸ ਹੁਕਮ ਤੋਂ ਵੀ ਮੁਨਕਰ ਹੋ ਰਹੇ ਹੋਵਾਂਗੇ ਜਿਸ ਵਿਚ ਉਨ੍ਹਾਂ ਨੇ ਫ਼ੁਰਮਾਇਆ ਸੀ ਕਿ ਅੱਜ ਤੋਂ ਬਾਅਦ ਦੇਹਧਾਰੀ ਗੁਰੂ ਦੀ ਹੋਂਦ ਖ਼ਤਮ ਹੋ ਜਾਵੇਗੀ। ਜੇਕਰ ਕਿਸੇ ਨੇ ਪ੍ਰਮਾਤਮਾ ਦੀ ਖੋਜ ਕਰਨੀ ਹੈ, ਇਸੇ ਸ਼ਬਦ ਗੁਰੂ ਵਿਚੋਂ ਕਰਨੀ ਹੋਵੇਗੀ :
ਸਭ ਸਿੱਖਨ ਕਉ ਹੁਕਮ ਹੈ

ਗੁਰੂ ਮਾਨਿਯੋ ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਯੋ
ਪ੍ਰਗਟ ਗੁਰਾਂ ਕੀ ਦੇਹ

ਜੋ ਪ੍ਰਭ ਕਉ ਮਿਲ ਵਉ ਚਹੈ, ਖੋਜ ਸ਼ਬਦ ਮਹਿ ਲੇਹ £

ਮੋਬਾਈਲ : 98763-27047                                                                                                                                                  
ਸਰਬਜੀਤ ਸਿੰਘ ਹੇਰਾਂ