Jathedar Raghbir Singh: ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ’ਤੇ ਜਥੇਦਾਰ ਰਘਬੀਰ ਸਿੰਘ ਦਾ ਪਹਿਲਾ ਬਿਆਨ
ਕਿਹਾ ਕਿ ਐਡਵੋਕੇਟ ਧਾਮੀ ਨੂੰ ਨੈਤਿਕ ਆਧਾਰ ’ਤੇ ਆਪਣਾ ਅਸਤੀਫ਼ਾ ਵਾਪਸ ਲੈ ਲੈਣਾ ਚਾਹੀਦਾ ਹੈ
Jathedar Raghbir Singh: ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਡਵੋਕੇਟ ਧਾਮੀ ਨੂੰ ਨੈਤਿਕ ਆਧਾਰ ’ਤੇ ਆਪਣਾ ਅਸਤੀਫ਼ਾ ਵਾਪਸ ਲੈ ਲੈਣਾ ਚਾਹੀਦਾ ਹੈ। ਉਨ੍ਹਾਂ 7 ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਤੇ SGPC ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਸੰਭਾਲਣ ਲੈਣੀਆਂ ਚਾਹੀਦੀਆਂ ਹਨ।
ਮੀਡੀਆ ਵੱਲੋਂ ਪੁੱਛੇ ਸਵਾਲ ’ਤੇ, ਜਥੇਦਾਰ ਨੇ ਆਪਣੇ ਅਸਤੀਫ਼ੇ ਦੀਆਂ ਅਟਕਲਾਂ ਤੋਂ ਇਨਕਾਰ ਨਹੀਂ ਕੀਤਾ ਤੇ ਕਿਹਾ ਕਿ ਜੋ ਵੀ ਗੁਰੂ ਜੀ ਨੂੰ ਮਨਜ਼ੂਰ ਹੋਵੇਗਾ ਉਹ ਹੋਵੇਗਾ।
ਇਸ ਸਮੇਂ ਦੌਰਾਨ ਜਥੇਦਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਸ਼ਕਤੀਆਂ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਜਥੇਦਾਰ ਨੇ ਕਿਹਾ ਕਿ ਪਹਿਲਾਂ ਮੈਂ ਸੋਚਦਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਵਿਸ਼ਵ ਵਿਚ ਰਹਿੰਦੇ ਸਾਰੇ ਸਿੱਖਾਂ ’ਤੇ ਲਾਗੂ ਹੁੰਦਾ ਹੈ। ਬੀਤੇ ਦਿਨ ਮੈਨੂੰ ਪਤਾ ਲੱਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਿਰਫ਼ ਅਕਾਲ ਤਖ਼ਤ ਸਾਹਿਬ ਦੀਆਂ ਚਾਰ ਦੀਵਾਰੀ ਤਕ ਸੀਮਤ ਹੈ।
ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਸਾਂਝੀ ਕੀਤੀ ਪੋਸਟ ’ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕੋਈ ਵੀ ਅਹੁਦਾ ਭਾਵੇਂ ਉਹ ਛੋਟਾ ਜਾਂ ਵੱਡਾ, ਸਭ ਦਾ ਸਤਿਕਾਰ ਕਾਇਮ ਰੱਖਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਇਕ ਚੁਣੀ ਹੋਈ ਸੰਸਥਾ ਹੈ। ਹਰ ਕਿਸੇ ਦਾ ਆਪਣਾ ਅਧਿਕਾਰ ਖੇਤਰ ਹੁੰਦਾ ਹੈ।
ਸ਼੍ਰੋਮਣੀ ਕਮੇਟੀ ਨੇ ਪ੍ਰੈੱਸ ਕਾਨਫ਼ਰੰਸ ਵਿਚ ਇਹ ਵੀ ਕਿਹਾ ਕਿ ਇਹ ਪੋਸਟ ਨਹੀਂ ਲਗਾਈ ਜਾਣੀ ਚਾਹੀਦੀ ਸੀ। ਪਰ, ਪਿਛਲੇ ਕੁਝ ਦਿਨਾਂ ਵਿਚ ਮੇਰੇ ਅੰਦਰ ਜੋ ਵੀ ਵਲਵਲੇ ਸਨ ਉਨ੍ਹਾਂ ਨੂੰ ਮੈਂ ਇਸ ਪੋਸਟ ਵਿਚ ਪ੍ਰਗਟ ਕੀਤਾ। ਮੈਂ ਇਸ ਨੂੰ ਆਪਣੇ ਫੇਸਬੁੱਕ ਅਕਾਊਂਟ ’ਤੇ ਸਾਂਝਾ ਕੀਤਾ ਸੀ।