ਭਾਈ ਖਾਲਸਾ ਦੀ ਮੌਤ ਦੇ ਜ਼ਿਮੇਵਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਹੋਵੇ ਕਾਰਵਾਈ : ਜਥੇਦਾਰ
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ਤੇ ਭਾਈ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲਾਂ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਵਾਜ਼ ਉਠਾਈ
ਅੰਮ੍ਰਿਤਸਰ 21 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦੇ ਆ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹੋਈ ਬੇਵਕਤੀ ਮੌਤ ਤੇ ਬੇਹੱਦ ਅਫਸੋਸ ਪ੍ਰਗਟ ਕਰਦਿਆ ਕਿਹਾ ਕਿ ਇਸ ਸੰਘਰਸ਼ੀ ਯੋਧੇ ਦੇ ਚਲੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ਤੇ ਭਾਈ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲਾਂ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਵਾਜ਼ ਉਠਾਈ ਅਤੇ ਲੰਮੇ ਸੰਘਰਸ਼ ਵਿੱਢੇ ਜਿਸ ਨਾਲ ਲੰਮੇ ਸਮੇਂ ਤੋਂ ਜੇਲਾਂ ਵਿੱਚ ਬੰਦੀ ਸਿੰਘਾਂ ਨੂੰ ਪੈਰੋਲ ਤੇ ਰਿਹਾਅ ਹੋ ਕੇ ਪਰਿਵਾਰਾਂ ਵਿੱਚ ਬੈਠਣਾ ਨਸੀਬ ਹੋਇਆ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਾ ਸਰਕੀ ਹੁਣ ਵੀ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਣਾ ਰੋਸ ਜ਼ਾਹਰ ਕਰਨ ਵਾਸਤੇ ਹੀ ਪਾਣੀ ਦੀ ਟੈਂਕੀ 'ਤੇ ਚੜਿਆ ਜਿਵੇਂ ਕਿ ਹੋਰ ਵੀ ਕਈ ਜਥੇਬੰਦੀਆ ਅਜਿਹਾ ਪਹਿਲਾ ਵੀ ਕਰ ਚੁੱਕੀਆਂ ਹਨ। ਕੀ ਕਾਰਨ ਹਨ ਕਿ ਉਸ ਨੂੰ ਟੈਂਕੀ ਤੋਂ ਛਾਲ ਮਾਰਨ ਵਾਸਤੇ ਮਜ਼ਬੂਰ ਹੋਣਾ ਪਿਆ? ਇਸ ਦੀ ਪੂਰੀ ਘੋਖ ਪੜਤਾਲ ਕਰਵਾ ਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਸ ਦੀ ਬੇਵਕਤੀ ਮੌਤ ਅਜਾਈ ਨਹੀ ਜਾਣ ਦਿੱਤੀ ਜਾਵੇਗੀ। ਸਮੁੱਚੀ ਕੌਮ, ਸਮੁੱਚੀਆਂ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਇਕ ਜੁੱਟ ਹੋ ਕੇ ਕੇਂਦਰ ਅਤੇ ਸਥਾਨਕ ਸਰਕਾਰਾਂ ਉੱਪਰ ਦਬਾਅ ਬਣਾ ਕੇ ਕਾਨੂੰਨੀ ਤੌਰ 'ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਉਪਰਾਲਾ ਕਰਨ, ਉਥੇ ਉੱਘੇ ਵਕੀਲ ਸਾਹਿਬਾਨ ਵੀ ਇਸ ਮਾਮਲੇ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਉਣ ਤਾਂ ਜੋ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਇਨਸਾਫ ਲਈ ਵਿੱਢੇ ਸੰਘਰਸ਼ ਨੂੰ ਕਿਸੇ ਮੁਕਾਮ ਤੇ ਪਹੁੰਚਾਇਆ ਜਾ ਸਕੇ। ਜੇ ਫਿਰ ਵੀ ਅੰਨੀ-ਬੋਲੀ ਕੇਂਦਰ ਸਰਕਾਰ/ਸਥਾਨਕ ਸਰਕਾਰਾਂ ਸਾਨੂੰ ਇਨਸਾਫ ਨਹੀ ਦਿੰਦੀਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਣਨੁਮਾਈ ਹੇਠ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ। ਸੁਮੁੱਚੀ ਕੌਮ ਇਸ ਜੁਝਾਰੂ ਯੋਧੇ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਨਾਲ ਖੜੀ ਹੈ। ਉਹਨਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਦੀ ਇੱਕ ਪਾਈ ਗਈ ਚਿੱਠੀ ਹੁਣੇ ਹੁਣੇ ਹੀ ਮਿਲੀ ਹੈ ਜਿਸ ਵਿੱਚ ਉਸ ਨੇ ਘੱਟ ਗਿਣਤੀ ਸਿੱਖਾਂ ਨਾਲ 1947 ਤੋ ਵਿਤਕਰਾ ਕੀਤੇ ਜਾਣ ਦੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਭਾਈ ਸਾਹਿਬ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਜੇਕਰ ਸਿੱਖ ਪੰਥ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸ਼ਾਤਮਈ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਨੂੰ ਛਾਲ ਮਾਰਨ ਲਈ ਕਿਉ ਮਜਬੂਰ ਕੀਤਾ ਗਿਆ ਤੇ ਪੜਤਾਲ ਕਰਾ ਕੇ ਦੋਸ਼ੀਆ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜਿਸ ਤਰਾ ਸ਼ਾਹਬਾਨੋ ਤੇ ਨੱਥੂ ਰਾਮ ਗੌਡਸੇ ਦੇ ਕੇਸ ਵਿੱਚ ਅਦਾਲਤ ਵੱਲੋ ਜੀਵਨਕਾਲ ਦੀ ਸਜ਼ਾ ਸੁਣਾਏ ਜਾਣ ਦੇ ਬਾਅਦ ਵੀ ਦੋਸ਼ੀਆ ਨੂੰ 16 ਸਾਲਾ ਬਾਅਦ ਰਿਹਾਅ ਕਰ ਦਿੱਤਾ ਗਿਆ ਉਸੇ ਤਰਾ ਸਿੱਖ ਬੰਦੀ ਕੈਦੀਆ ਨੂੰ ਵੀ ਰਿਹਾਅ ਕੀਤਾ ਜਾਵੇ।