'ਨਿਹੰਗ ਸਿੰਘ ਦੇ ਕਤਲ ਮਾਮਲੇ 'ਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ'
ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਕਿਹਾ ਕਿ ਗੁਰਦਵਾਰਾ ਬਿਬਾਨਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਪਿਆਰਾ ਸਿੰਘ ਨੂੰ ਬੇਰਹਿਮੀ ਨਾਲ ਉਨ੍ਹਾਂ ਦੇ ਵਿਰੋਧੀਆਂ
ਫ਼ਤਿਹਗੜ੍ਹ ਸਾਹਿਬ, 18 ਅਗੱਸਤ (ਦਵਿੰਦਰ ਖਰੌੜੀ): ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਤੇ ਹੋਰ ਨਿਹੰਗ ਸਿੰਘਾਂ ਨੇ ਅੱਜ ਫ਼ਤਿਹਗੜ੍ਹ ਸਾਹਿਬ ਦੇ ਐਸ.ਐਸ.ਪੀ. ਅਲਕਾ ਮੀਨਾ ਨਾਲ ਮੁਲਾਕਾਤ ਕਰ ਕੇ ਅਤੇ ਪਿਛਲੇ ਦਿਨੀ ਗੁਰਦਵਾਰਾ ਬਿਬਾਨਗੜ੍ਹ ਸਾਹਿਬ ਵਿਖੇ ਹੋਏ ਇਕ ਨਿਹੰਗ ਸਿੰਘ ਦੇ ਕਤਲ ਮਾਮਲੇ ਵਿਚ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ।
ਉਪ੍ਰੰਤ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਕਿਹਾ ਕਿ ਗੁਰਦਵਾਰਾ ਬਿਬਾਨਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਪਿਆਰਾ ਸਿੰਘ ਨੂੰ ਬੇਰਹਿਮੀ ਨਾਲ ਉਨ੍ਹਾਂ ਦੇ ਵਿਰੋਧੀਆਂ ਵਲੋਂ ਕਤਲ ਕਰਵਾਇਆ ਗਿਆ ਸੀ ਅਤੇ ਪੁਲਿਸ ਨੇ ਇਸ ਮਾਮਲੇ ਵਿਚ ਅਖੌਤੀ ਨਿਹੰਗ ਸਿੰਘ ਕਾਬੂ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਰੋਧੀਆਂ, ਜਿਨ੍ਹਾਂ ਨੇ ਇਹ ਕਤਲ ਕਰਵਾਇਆ ਸੀ, ਉਹ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਮੰਗ ਕੀਤੀ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਕਿ ਇਹ ਕਤਲ ਕਿਉਂ ਕਰਵਾਇਆ ਗਿਆ ਸੀ। ਉਨ੍ਹਾਂ ਦਸਿਆ ਕਿ ਐਸ.ਐਸ.ਪੀ. ਵਲੋਂ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਬਾਕੀ ਰਹਿੰਦੇ ਜੋ ਕਥਿਤ ਦੋਸ਼ੀ ਭਗੌੜੇ ਹਨ, ਉਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।