ਸਾਬਤ ਸੂਰਤ ਸਿੱਖ ਨੌਜੁਆਨਾਂ ਨੂੰ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਮਿਲੇਗੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਕੱਤਰਤਾ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਸੇਵਾਵਾਂ

image

ਰੂਪਨਗਰ, 18 ਅਗੱਸਤ (ਕੁਲਵਿੰਦਰ ਸਿੰਘ ਭਾਟੀਆ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਗਵਾਈ ਹੇਠ ਅੱਜ ਇਥੇ ਇਤਿਹਾਸਕ ਗੁਰਦਵਾਰਾ ਸ੍ਰੀ ਭੱਠਾ ਸਾਹਿਬ ਵਿਖੇ ਅੰਤਰਿੰਗ ਕਮੇਟੀ ਦੀ ਹੋਈ ਅਹਿਮ ਇਕੱਤਰਤਾ ਦੌਰਾਨ ਸਿੱਖ ਕੌਮ ਦੇ ਮਹਾਨ ਵਿਦਵਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣੇ 'ਤੇ ਸ਼ੋਕ ਮਤਾ ਪਾਸ ਕਰਦਿਆਂ ਉਨ੍ਹਾਂ ਦੇ ਅਕਾਲ ਚਲਾਣੇ ਨੂੰ ਸਿੱਖ ਪੰਥ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿਤਾ ਗਿਆ। ਇਕੱਤਰਤਾ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਸੇਵਾਵਾਂ ਸੌਂਪਣ ਦਾ ਅਹਿਮ ਫ਼ੈਸਲਾ ਵੀ ਕੀਤਾ ਗਿਆ।
ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਯੋਗਤਾ, ਲਿਆਕਤ ਅਤੇ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਅੰਤ੍ਰਿੰਗ ਕਮੇਟੀ ਨੇ ਉਨ੍ਹਾਂ ਨੂੰ ਕਾਰਜਕਾਰੀ ਜਥੇਦਾਰ ਤੋਂ ਪੱਕੇ ਤੌਰ 'ਤੇ ਜਥੇਦਾਰ ਦੀ ਜ਼ਿੰਮੇਵਾਰੀ ਸੌਂਪ ਦਿਤੀ ਗਈ। ਅੰਤ੍ਰਿੰਗ ਕਮੇਟੀ ਦੀ ਇਸ ਅਹਿਮ ਬੈਠਕ ਵਿਚ ਲਏ ਗਏ ²ਫ਼ੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦਸਿਆ ਕਿ ਅੱਜ ਦੀ ਇਕੱਤਰਤਾ ਵਿਚ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਕਰ ਕੇ ਉਨ੍ਹਾਂ ਦੀ ਥਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਬਤੌਰ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੌਂਪੀ ਗਈ ਹੈ। ਉਨ੍ਹਾਂ ਦਸਿਆ ਕਿ ਗਿਆਨੀ ਰਘਬੀਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਵੀ ਅਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ ਅਤੇ ਇਸਦੇ ਨਾਲ ਨਾਲ ਕਾਰਜਕਾਰੀ ਤੌਰ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਸੇਵਾ ਵੀ ਨਿਭਾਉਣਗੇ। ਉਨ੍ਹਾਂ ਦਸਿਆ ਕਿ ਇਕੱਤਰਤਾ ਵਿਚ ਇਕ ਹੋਰ ਅਹਿਮ ਫ਼ੈਸਲਾ ਲੈਂਦਿਆਂ ਸਿੱਖ ਨੌਜਵਾਨੀ ਨੂੰ ਅਕਾਦਮਿਕ ਖੇਤਰ ਵਿਚ ਮੁਕਾਬਲੇ ਦੇ ਸਮਰੱਥ ਬਣਾਉਣ ਲਈ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਕੌਮੀ ਅਤੇ ਸੂਬਾਈ ਪੱਧਰ ਦੀਆਂ ਸਿਵਲ ਸੇਵਾਵਾਂ ਪ੍ਰੀਖਿਆਵਾਂ ਲਈ ਉਚ ਪੱਧਰ ਦੀ ਸਿਖਲਾਈ ਦਿਤੀ ਜਾਵੇਗੀ। ਇਸ ਕਾਰਜ ਲਈ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਟਿਊਟ ਆਫ਼ ਅਡਵਾਂਸ ਸਟੱਡੀਜ਼ ਇਨ ਸਿਖਇਜ਼ਮ, ਬਹਾਦਰਗੜ੍ਹ (ਪਟਿਆਲਾ) ਵਿਖੇ ਕੋਚਿੰਗ ਸੈਂਟਰ ਸਥਾਪਤ ਕੀਤਾ ਜਾਵੇਗਾ। ਇਸੇ ਤਰ੍ਹਾਂ ਕੌਮਾਂਤਰੀ ਕਾਮਨਵੈਲਥ ਪਾਵਰਲਿਫਿਟਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਅੰਮ੍ਰਿਤਧਾਰੀ ਖਿਡਾਰੀ ਸੁਖਪਾਲ ਸਿੰਘ ਵਲੋਂ ਡੇਢ ਲੱਖ ਰੁਪਏ ਦੀ ਮੰਗੀ ਆਰਥਿਕ ਸਹਾਇਤਾ ਦੀ ਬਜਾਏ ਉਸ ਨੂੰ ਸ਼੍ਰੋਮਣੀ ਕਮੇਟੀ ਵਲੋਂ ਅਪਣੇ ਵਿਦਿਅਕ ਅਦਾਰੇ ਵਿਚ ਪੜ੍ਹਾਈ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।
ਪ੍ਰੋ: ਬਡੂੰਗਰ ਨੇ ਅੱਗੇ ਦਸਿਆ ਕਿ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਹੋਂਦ ਚਿੱਲੜ ਦੇ ਅਹਿਮ ਕਾਂਡ ਨੂੰ ਸਾਹਮਣੇ ਲਿਆਉਣ ਵਾਲੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੈਰਵਾਈ ਕਰਨ ਵਾਲੇ ਮਨਵਿੰਦਰ ਸਿੰਘ ਗਿਆਸਪੁਰਾ ਦੀ ਧਰਮ ਪਤਨੀ ਬੀਬੀ ਰਮਨਜੀਤ ਕੌਰ ਨੂੰ ਉਸ ਦੀ ਵਿਦਿਅਕ ਯੋਗਤਾ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਵਿਚ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਹੋਰ ਫ਼ੈਸਲਿਆਂ ਵਿਚ ਜਿਥੇ ਸ਼੍ਰੋਮਣੀ ਕਮੇਟੀ ਦੀਆਂ ਤਿੰਨੇ ਪ੍ਰਿੰਟਿੰਗ/ਆਫਸੈਟ ਪ੍ਰੈੱਸਾਂ ਨੂੰ ਇਕੱਠੀਆਂ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ, ਉਥੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਇਮਾਰਤ ਬਣਾਉਣ ਨੂੰ ਵੀ ਪ੍ਰਵਾਨਗੀ ਦਿੰਦਿਆਂ ਇਸ ਦੀ ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਇਕ ਹੋਰ ਫ਼ੈਸਲੇ ਰਾਹੀਂ ਅਖੰਡਪਾਠੀ ਸਿੰਘਾਂ ਦੀਆਂ ਮੰਗਾਂ ਨੂੰ ਰਸਮੀ ਪ੍ਰਵਾਨਗੀ ਦੇ ਦਿਤੀ।
ਅੱਜ ਦੀ ਇਕੱਤਰਤਾ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ 6 ਫ਼ੀ ਸਦੀ ਮਹਿੰਗਾਈ ਭੱਤਾ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਪਾਸ ਕੀਤੇ ਗਏ ਦੋ ਸ਼ੋਕ ਮਤਿਆਂ ਵਿਚ ਜਿਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣੇ 'ਤੇ ਸ਼ੋਕ ਮਤਾ ਪਾਸ ਕਰਦਿਆਂ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਅਤੇ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸ. ਗਿਆਨ ਸਿੰਘ ਸੋਹਨਪਾਲ ਦੇ ਅਕਾਲ ਚਲਾਣੇ 'ਤੇ ਵੀ ਸ਼ੋਕ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਜੈਪਾਲ ਸਿੰਘ ਮੰਡੀਆਂ, ਸ. ਗੁਰਮੇਲ ਸਿੰਘ ਸੰਗਤਪੁਰਾ, ਬੀਬੀ ਜੋਗਿੰਦਰ ਕੌਰ, ਸ. ਸੁਰਜੀਤ ਸਿੰਘ ਕਾਲਾਬੂਲਾ, ਸ. ਕੁਲਵੰਤ ਸਿੰਘ ਮੰਨਣ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ. ਨਿਰਮਲ ਸਿੰਘ ਹਰਿਆਓ ਤੇ ਸ. ਸਤਪਾਲ ਸਿੰਘ ਤਲਵੰਡੀ ਭਾਈ, ਮੈਂਬਰ ਸ. ਰਣਜੀਤ ਸਿੰਘ ਕਾਹਲੋਂ, ਸ. ਗੁਰਬਖਸ਼ ਸਿੰਘ ਖਾਲਸਾ ਤੇ ਸ. ਬਿਕਰਮਜੀਤ ਸਿੰਘ ਕੋਟਲਾ, ਸ਼੍ਰੋਮਣੀ ਕਮੇਟੀ ਸਕੱਤਰ ਡਾ. ਰੂਪ ਸਿੰਘ, ਸ. ਅਵਤਾਰ ਸਿੰਘ ਸੈਂਪਲਾ ਤੇ ਸ. ਮਨਜੀਤ ਸਿੰਘ, ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਡਾ. ਪਰਮਜੀਤ ਸਿੰਘ ਸਰੋਆ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਸ. ਕੇਵਲ ਸਿੰਘ ਤੇ ਸ. ਬਿਜੈ ਸਿੰਘ, ਸ. ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਸ. ਜਸਬੀਰ ਸਿੰਘ ਮੈਨੇਜਰ ਆਦਿ ਹਾਜ਼ਰ ਸਨ।