ਸੰਗਤ ਨੇ ਇਤਿਹਾਸਕ ਗੁਰਦਵਾਰਿਆਂ ਦੇ ਕੀਤੇ ਦਰਸ਼ਨ
ਦਿੱਲੀ ਦੇ ਇਤਿਹਾਸਿਕ ਗੁਰਦਵਾਰਿਆਂ ਦੇ ਦਰਸ਼ਨ ਦੀਦਾਰੇ ਬਸ ਰਾਹੀ ਦੁਸ਼ਟ ਦਮਨ ਸੇਵਕ ਜਥਾ ਮੋਤੀ ਨਗਰ ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ
ਨਵੀਂ ਦਿੱਲੀ, 18 ਅਗੱਸਤ (ਸੁਖਰਾਜ ਸਿੰਘ): ਦਿੱਲੀ ਦੇ ਇਤਿਹਾਸਿਕ ਗੁਰਦਵਾਰਿਆਂ ਦੇ ਦਰਸ਼ਨ ਦੀਦਾਰੇ ਬਸ ਰਾਹੀ ਦੁਸ਼ਟ ਦਮਨ ਸੇਵਕ ਜਥਾ ਮੋਤੀ ਨਗਰ ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਯਾਤਰਾ ਦੀ ਸ਼ੁਰੂਆਤ ਮੋਤੀ ਨਗਰ ਤੋਂ ਅਰਦਾਸ ਉਪਰੰਤ ਹੋਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਿੱਲੀ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਮੋਤੀ ਨਗਰ ਨੇ ਦਸਿਆ ਕਿ ਗੁਰਦਵਾਰਾ ਰਕਾਬਗੰਜ ਸਾਹਿਬ, ਗੁਰਦਵਾਰਾ ਬੰਗਲਾ ਸਾਹਿਬ, ਗੁਰਦਵਾਰਾ ਮਾਤਾ ਸੁੰਦਰੀ ਜੀ, ਗੁਰਦਵਾਰਾ ਸੀਸ ਗੰਜ ਸਾਹਿਬ, ਗੁਰਦਵਾਰਾ ਨਾਨਕ ਪਿਆਊ ਸਾਹਿਬ ਤੋਂ ਹੁੰਦੇ ਹੋਏ ਗੁਰਦਵਾਰਾ ਮਜਨੂੰ ਟਿੱਲਾ ਸਾਹਿਬ ਸੰਗਤ ਪਹੁੰਚੀ। ਸੰਗਤ ਵਲੋਂ ਲੰਗਰ ਪ੍ਰਸ਼ਾਦਾ ਛੱਕਣ ਤੋਂ ਉਪਰੰਤ ਗੁਰਦਵਾਰਾ ਦਮਦਮਾ ਸਾਹਿਬ ਪੁੱਜ ਕੇ ਸੰਗਤਾਂ ਵਲੋਂ ਗੁਰਬਾਣੀ ਕੀਰਤਨ ਗਾਇਨ ਵੀ ਕੀਤਾ ਗਿਆ।ਵਾਪਸੀ ਵਿਚ ਗੁਰਦਵਾਰਾ ਬਾਲਾ ਸਾਹਿਬ ਤੋਂ ਗੁਰਦਵਾਰਾ ਮੋਤੀ ਬਾਗ ਸਾਹਿਬ ਹੁੰਦੇ ਹੋਏ ਯਾਤਰਾ ਦੀ ਸਮਾਪਤੀ ਮੋਤੀ ਨਗਰ ਵਿਖੇ ਹੋਈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ, ਦੁਸ਼ਟ ਦਮਨ ਸੇਵਕ ਜਥੇ ਦੇ ਪ੍ਰਧਾਨ ਰਵਿੰਦਰ ਸਿੰਘ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣ ਮੌਜੂਦ ਸਨ।