ਪ੍ਰਿ. ਸੁਰਿੰਦਰ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਗਾਉਣ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਜਥੇਦਾਰ ਦੀ ਖ਼ਾਲੀ ਹੋਈ ਥਾਂ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਨਵਾਂ ਜਥੇਦਾਰ

image

ਨੂਰਪੁਰਬੇਦੀ, 18 ਅਗੱਸਤ (ਦਿਨੇਸ਼ ਹੱਲਣ, ਗੁਰਦੀਪ ਝੱਜ):  ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਜਥੇਦਾਰ ਦੀ ਖ਼ਾਲੀ ਹੋਈ ਥਾਂ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਨਵਾਂ ਜਥੇਦਾਰ ਲਗਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਇਸ ਲਈ ਕੁੱਝ ਧਾਰਮਕ ਸ਼ਖ਼ਸੀਅਤਾਂ ਵੀ ਸਾਹਮਣੇ ਆ ਰਹੀਆਂ ਹਨ ਪਰ ਨੂਰਪੁਰਬੇਦੀ ਇਲਾਕੇ ਦੀਆਂ ਧਾਰਮਕ ਜਥੇਬੰਦੀਆਂ ਵਲੋਂ ਅਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਨੂੰ ਅਪੀਲ ਕੀਤੀ ਹੈ ਕਿ ਇਲਾਕੇ ਦੇ ਜੰਮਪਲ ਤੇ ਲੰਮੇਂ ਸਮੇਂ ਤੋਂ ਪੰਥਕ ਸੇਵਾਵਾਂ ਨਿਭਾ ਰਹੇ ਪਿੰ੍ਰਸੀਪਲ ਸੁਰਿੰਦਰ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਜਾਵੇ ਕਿਉਂਕਿ ਉਨ੍ਹਾਂ ਅਪਣਾ ਸਮੁੱਚਾ ਜੀਵਨ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਪਰਪਤ ਕਰ ਕੇ ਬਿਨਾਂ ਕਿਸੇ ਲਾਲਚ ਤੋਂ ਪਿਛਲੇ 45 ਸਾਲਾਂ ਤੋਂ ਨਾ ਸਿਰਫ਼ ਆਪ ਬਲਕਿ ਇਲਾਕੇ ਦੇ ਪੜ੍ਹੇ-ਲਿਖੇ ਨੌਜਵਾਨਾਂ ਦਾ ਇਕ ਕਾਫ਼ਲਾ ਬਣਾ ਕੇ ਧਰਮ ਪ੍ਰਚਾਰ ਪ੍ਰਤੀ ਦਿਨ ਰਾਤ ਸੇਵਾਵਾਂ ਨਿਭਾ ਰਹੇ ਹਨ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਗਿਆਨੀ ਤਿਰਲੋਚਨ ਸਿੰਘ ਤੋਂ ਬਾਅਦ ਹੁਣ ਤਕ ਕਿਸੇ ਵੀ ਲੋਕਲ ਧਾਰਮਕ ਆਗੂ ਨੂੰ ਇਹ ਮਾਣ ਨਹੀਂ ਮਿਲਿਆ ਜਿਸ ਕਾਰਨ ਇਲਾਕੇ ਵਿਚ ਨਾਮੋਸ਼ੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭੁਪਿੰਦਰ ਸਿੰਘ ਬਜਰੂੜ, ਸੁਰਜੀਤ ਸਿੰਘ ਚੈਹੜਮਜਾਰਾ, ਸਿੱਘ ਸਟੂਡੈਂਟ ਫ਼ੈਡਰੇਸ਼ਨ ਦੇ ਕੋਮੀ ਸਕੱੱਤਰ ਦਰਸ਼ਨ ਸਿੰਘ ਰੋਪੜ, ਨਿਸ਼ਕਾਮ ਸੇਵਾ ਦਲ ਦੇ ਮੁਖੀ ਮੋਹਨ ਸਿੰਘ ਰੋਪੜ, ਬਾਬਾ ਸੋਤਲ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਬਜਰੂੜ, ਸੁਖਮਨੀ ਸੇਵਾ ਸਸਾਇਟੀ ਤੋਂ ਪਰਮਜੀਤ ਸਿੰਘ ਨੂਰਪੁਰਬੇਦੀ, ਜਥੇਦਾਰ ਕਸ਼ਮੀਰ ਸਿੰਘ, ਡਾ. ਅਮਰੀਕ ਸਿੰਘ ਚਨੌਲੀ, ਕੁਲਵਿੰਦਰ ਸਿੰਘ ਮੁੰਨੇ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਲਗਾਉਣ ਦੀ ਮੰਗ ਕੀਤੀ ਹੈ।