Kartarpur Sahib News: ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ’ਤੇ ਪਾਕਿਸਤਾਨ ਨੇ ਲਾਈ ਹੋਰ ਫ਼ੀਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Kartarpur Sahib News: ਦਰਬਾਰ ਸਾਹਿਬ ’ਚ ਦਾਖ਼ਲੇ ਲਈ ਲਾਈ ਵਾਧੂ ਫ਼ੀਸ

Kartarpur Sahib

ਲਾਹੌਰ:  ਪਾਕਿਸਤਾਨ ਸਰਕਾਰ ਨੇ ਵਿੱਤੀ ਔਕੜਾਂ ਦਾ ਹਵਾਲਾ ਦਿੰਦੇ ਹੋਏ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ ਸ਼ਰਧਾਲੂਆਂ ਲਈ 20 ਅਮਰੀਕੀ ਡਾਲਰ ਦੀ ਸੇਵਾ ਫੀਸ ਤੋਂ ਇਲਾਵਾ ਗੁਰਦੁਆਰਾ ਦਰਬਾਰ ਸਾਹਿਬ ਲਈ ਨਵੀਂ ਐਂਟਰੀ ਫ਼ੀਸ ਸ਼ੁਰੂ ਕੀਤੀ ਹੈ।

ਨਾਰੋਵਾਲ ਜ਼ਿਲ੍ਹੇ ਦੇ ਸਥਾਨਕ ਸੈਲਾਨੀਆਂ ਨੂੰ 200 ਪਾਕਿਸਤਾਨੀ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਜਦੋਂ ਕਿ ਦੂਜੇ ਜ਼ਿਲ੍ਹਿਆਂ ਦੇ ਯਾਤਰੀਆਂ ਨੂੰ ਨਾਰੋਵਾਲ-ਸ਼ਕਰਗੜ੍ਹ ਰੋਡ ਰਾਹੀਂ ਗੁਰਦੁਆਰੇ ਤਕ ਪਹੁੰਚਣ ਲਈ 400 ਪਾਕਿਸਤਾਨੀ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ।

ਦੂਜੇ ਪਾਸੇ ਵਿਦੇਸ਼ੀ ਸੈਲਾਨੀਆਂ ਤੋਂ 5 ਅਮਰੀਕੀ ਡਾਲਰ ਦੀ ਐਂਟਰੀ ਫ਼ੀਸ ਲਈ ਜਾਂਦੀ ਹੈ। ਹਾਲਾਂਕਿ ਸਿੱਖ, ਨਾਮ ਲੇਵਾ ਸਿੱਖ, ਹਿੰਦੂ ਅਤੇ ਤਸਦੀਕਸ਼ੁਦਾ ਸ਼ਨਾਖ਼ਤੀ ਕਾਰਡ ਵਾਲੇ ਦਿਵਿਆਂਗ ਵਿਅਕਤੀਆਂ ਨੂੰ ਇਸ ਤੋਂ ਛੋਟ ਹੈ। ਗੁਰਦੁਆਰਾ ਦਰਬਾਰ ਸਾਹਿਬ, ਜਿਥੇ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣੇ ਜੀਵਨ ਦੇ ਆਖ਼ਰੀ 18 ਸਾਲ ਬਿਤਾਏ ਸਨ, ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ।

ਭਾਰਤ ਦੇ ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਨੂੰ ਨਾਰੋਵਾਲ ਦੇ ਇਸ ਪਵਿੱਤਰ ਸਥਾਨ ਨਾਲ ਜੋੜਨ ਲਈ ਇਕ ਲਾਂਘਾ ਬਣਾਇਆ ਗਿਆ ਸੀ। ਪਾਕਿਸਤਾਨ ਸਰਕਾਰ ਪ੍ਰੋਜੈਕਟ ਮੈਨੇਜ-ਕੋਰੀਮੈਂਟ ਯੂਨਿਟ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਦੇ ਪ੍ਰਬੰਧ ਦੀ ਨਿਗਰਾਨੀ ਕਰਦੀ ਹੈ ਅਤੇ ਸਿੱਖਾਂ, ਨਾਮ ਲੇਵਾ ਸਿੱਖਾਂ ਅਤੇ ਹਿੰਦੂਆਂ ਨੂੰ ਰਾਤ ਨੂੰ ਇੱਥੇ ਰਹਿਣ ਦੀ ਇਜਾਜ਼ਤ ਦਿਤੀ ਹੈ। ਹਾਲਾਂਕਿ, ਕਰਤਾਰਪੁਰ ਲਾਂਘੇ ਰਾਹੀਂ ਭਾਰਤ ਤੋਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਅਜੇ ਵੀ ਉਸੇ ਦਿਨ ਭਾਰਤ ਵਾਪਸ ਆਉਣਾ ਲਾਜ਼ਮੀ ਹੈ।  (ਏਜੰਸੀ)