ਸ੍ਰੀ ਦਰਬਾਰ ਸਾਹਿਬ ਵਿਖੇ ਬੇਰੀਆਂ ਨੂੰ ਲੱਗੀ ਬੇਰਾਂ ਦੀ ਬਹਾਰ, ਸੰਗਤ ਵਿਚ ਭਾਰੀ ਉਤਸ਼ਾਹ
ਦੁੱਖਭੰਜਨੀ ਬੇਰੀ ਹੇਠ ਘੰਟਿਆਂ ਬੱਧੀ ਇੰਤਜ਼ਾਰ ਕਰਦੀਆਂ ਸੰਗਤਾਂ
ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਕਿ ਸਮੁੱਚੀ ਮਨੁੱਖਤਾ ਦੇ ਅਧਿਆਤਮਕ ਕੇਂਦਰ ਵਜੋਂ ਜਾਣਿਆ ਜਾਂਦਾ ਹੈ, ਉਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਤਿਹਾਸਕ ਬੇਰੀਆਂ ਨੂੰ ਫਲ (ਬੇਰ) ਲੱਗਣ ਨਾਲ ਰੌਣਕਾਂ ਵਧ ਗਈਆਂ ਹਨ। ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਸਥਿਤ ਪੁਰਾਤਨ ਦੁੱਖਭੰਜਨੀ ਬੇਰੀ, ਬੇਰ ਬਾਬਾ ਬੁੱਢਾ ਜੀ ਅਤੇ ਲਾਚੀ ਬੇਰ ਨੂੰ ਇਸ ਸਾਲ ਵੀ ਭਰਪੂਰ ਮਾਤਰਾ ਵਿਚ ਬੇਰ ਲੱਗੇ ਹਨ, ਜੋ ਕਿ ਖਿੱਚ ਦਾ ਕੇਂਦਰ ਬਣੇ ਹੋਏ ਹਨ। ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਅਥਾਹ ਸ਼ਰਧਾ ਦਾ ਆਲਮ ਇਹ ਹੈ ਕਿ ਲੋਕ ਘੰਟਿਆਂਬੱਧੀ ਇਨ੍ਹਾਂ ਬੇਰੀਆਂ ਦੇ ਹੇਠਾਂ ਬੈਠ ਕੇ ਇਸ ਉਡੀਕ ਵਿਚ ਰਹਿੰਦੇ ਹਨ ਕਿ ਕਦੋਂ ਕੋਈ ਬੇਰ ਅਪਣੇ ਆਪ ਟੁੱਟ ਕੇ ਹੇਠਾਂ ਡਿੱਗੇ। ਸਿੱਖ ਰਵਾਇਤਾਂ ਅਨੁਸਾਰ, ਇਨ੍ਹਾਂ ਇਤਿਹਾਸਕ ਬੇਰੀਆਂ ਤੋਂ ਡਿੱਗੇ ਹੋਏ ਬੇਰਾਂ ਨੂੰ ਤੋੜਨਾ ਮਨ੍ਹਾ ਹੈ, ਇਸ ਲਈ ਸੰਗਤਾਂ ਕੇਵਲ ਧਰਤੀ ’ਤੇ ਡਿੱਗੇ ਹੋਏ ਬੇਰਾਂ ਨੂੰ ਹੀ ਪ੍ਰਸਾਦ ਵਜੋਂ ਗ੍ਰਹਿਣ ਕਰਦੀਆਂ ਹਨ।
ਦੁੱਖਭੰਜਨੀ ਬੇਰੀ ਦੀ ਮਹੱਤਤਾ ਬੀਬੀ ਰਜਨੀ ਜੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ, ਜਿਥੇ ਉਨ੍ਹਾਂ ਦੇ ਪਿੰਗਲੇ ਪਤੀ ਦੇ ਦੁੱਖ ਦੂਰ ਹੋਏ ਸਨ। ਅੱਜ ਵੀ ਸੰਗਤਾਂ ਦਾ ਮੰਨਣਾ ਹੈ ਕਿ ਇਹ ਬੇਰ ਸਿਰਫ਼ ਇਕ ਫਲ ਨਹੀਂ, ਸਗੋਂ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਦਾ ਪ੍ਰਤੀਕ ਹਨ। ਮਾਹਰਾਂ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਬੇਰੀਆਂ ਦੀ ਸਾਂਭ-ਸੰਭਾਲ ਲਈ ਖ਼ਾਸ ਉਪਰਾਲੇ ਕੀਤੇ ਜਾਂਦੇ ਹਨ, ਤਾਂ ਜੋ ਇਨ੍ਹਾਂ ਦੀ ਉਮਰ ਲੰਬੀ ਹੋ ਸਕੇ। ਪ੍ਰਕਰਮਾ ਵਿਚ ਬੇਰੀਆਂ ਥੱਲੇ ਬੈਠੀ ਸੰਗਤ ਜਿਥੇ ਗੁਰਬਾਣੀ ਦਾ ਜਾਪ ਕਰਦੀ ਹੈ, ਉਥੇ ਹੀ ਬੇਰ ਦੇ ਡਿੱਗਣ ’ਤੇ ਉਸ ਨੂੰ ਮੱਥੇ ਨਾਲ ਲਗਾ ਕੇ ਸ਼ਰਧਾ ਨਾਲ ਪ੍ਰਸਾਦ ਵਜੋਂ ਪ੍ਰਾਪਤ ਕਰਦੀ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਆਏ ਸ਼ਰਧਾਲੂ ਇਸ ਰੂਹਾਨੀ ਨਜ਼ਾਰੇ ਨੂੰ ਦੇਖ ਕੇ ਗਦ-ਗਦ ਹੋ ਜਾਂਦੇ ਹਨ। ਇਹ ਵਿਸ਼ਵਾਸ ਅਤੇ ਸਬਰ ਦੀ ਅਨੋਖੀ ਮਿਸਾਲ ਹੈ, ਜਿਥੇ ਇਕ ਨਿੱਕੇ ਜਿਹੇ ਫਲ ਦੀ ਉਡੀਕ ਵਿਚ ਸੰਸਾਰਕ ਚਿੰਤਾਵਾਂ ਭੁਲਾ ਕੇ ਸੰਗਤ ਪ੍ਰਭੂ ਭਗਤੀ ਵਿਚ ਲੀਨ ਨਜ਼ਰ ਆਉਂਦੀ ਹੈ।