ਧਾਰਮਕ ਜਥੇ ਨਾਲ ਪਾਕਿ ਗਈ ਕਿਰਨ ਬਾਲਾ ਦਾ ਮਾਮਲਾ ਧਾਰਮਕ ਜਥਿਆਂ ਦੇ ਅਕਸ ਨੂੰ ਕੀਤਾ ਦਾਗਦਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਹਿਲਾ ਦੀ ਸਿਫ਼ਾਰਸ਼ ਦਰਬਾਰ ਸਾਹਿਬ ਦੇ ਮੈਨੇਜਰ ਵਲੋਂ ਕੀਤੀ ਗਈ ਦੱਸੀ ਜਾਂਦੀ ਹੈ।

Kiran Bala

ਤਰਨਤਾਰਨ, ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਬੀਤੀ 12 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਭੇਜਿਆ ਗਿਆ ਜਥਾ ਅੱਜ ਵਾਪਸ ਮੁੜ ਆਇਆ ਪਰ ਜਥੇ ਨਾਲ ਗਈ ਕਿਰਨ ਬਾਲਾ ਜਿਸ ਨੇ ਨਾਟਕੀ ਢੰਗ ਨਾਲ ਲਾਹੌਰ ਵਿਚ ਧਰਮ ਤਬਦੀਲ ਕਰ ਕੇ ਪਾਕਿਸਤਾਨ ਦੇ ਇਕ ਮੁਸਲਮਾਨ ਵਿਅਕਤੀ ਨਾਲ ਨਿਕਾਹ ਕਰਵਾ ਲਿਆ ਸੀ, ਵਾਪਸ ਨਹੀਂ ਪਰਤੀ। ਪਹਿਲੀ ਵਾਰ ਵਾਪਰੀ ਇਸ ਘਟਨਾ ਨੇ ਗੁਰਧਾਮਾਂ ਦੀ ਯਾਤਰਾ ਲਈ ਪਾਕਿਸਤਾਨ ਭੇਜੇ ਜਾਂਦੇ ਜਥਿਆਂ ਦੇ ਧਾਰਮਕ ਅਕਸ ਨੂੰ ਦਾਗਦਾਰ ਕੀਤਾ ਹੈ। ਇਸ ਮਾਮਲੇ ਨੇ ਸ਼੍ਰੋਮਣੀ ਕਮੇਟੀ ਅਤੇ ਭਾਰਤੀ ਖ਼ੂਫ਼ੀਆ ਏਜੰਸੀਆਂ ਵਲੋਂ ਪਾਕਿ ਭੇਜੇ ਜਾਣ ਵਾਲੇ ਜਥਿਆਂ ਦੇ ਮੈਂਬਰਾਂ ਦੇ ਪਿਛੋਕੜ ਸਬੰਧੀ ਕੀਤੀ ਜਾਂਦੀ 'ਜਾਂਚ-ਪੜਤਾਲ' ਦੀ ਪੋਲ ਖੋਲ ਦਿਤੀ ਹੈ। ਜਾਣਕਾਰੀ ਮੁਤਾਬਕ ਕਿਰਨ ਬਾਲਾ ਦੇ ਪਾਸਪੋਰਟ ਤੇ ਹਲਕਾ ਮੈਂਬਰ ਨੇ ਸ਼ਿਫਾਰਸ਼ ਨਹੀਂ ਸੀ ਕੀਤੀ ਜਿਸ ਕਰ ਕੇ ਉਸ ਦਾ ਪਾਸਪੋਰਟ ਵੀਜ਼ੇ ਲਈ ਨਹੀਂ ਭੇਜਿਆ ਜਾ ਸਕਦਾ ਸੀ। ਸ਼੍ਰੋਮਣੀ ਕਮੇਟੀ ਗਲਿਆਰਿਆਂ ਵਿਚ ਚਰਚਾ ਹੈ ਕਿ ਇਸ ਮਹਿਲਾ ਦੀ ਪਾਕਿ ਜਥੇ ਨਾਲ ਜਾਣ ਦੀ ਸਿਫ਼ਾਰਸ਼ ਹਲਕੇ ਦੇ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਵਲੋਂ ਨਹੀਂ ਬਲਕਿ ਦਰਬਾਰ ਸਾਹਿਬ ਦੇ ਮੈਨੇਜਰ ਵਲੋਂ ਕਿਸੇ ਅਕਾਲੀ ਆਗੂ ਦੀ ਸਿਫਾਰਸ਼ 'ਤੇ ਕੀਤੀ ਦਸੀ ਜਾਂਦੀ ਹੈ। ਇਹ ਮੈਨੇਜਰ ਫ਼ਿਲਹਾਲ ਵਿਦੇਸ਼ ਯਾਤਰਾ 'ਤੇ ਗਿਆ ਹੋਇਆ ਹੈ।

ਸਿਫ਼ਾਰਸ਼ ਤੋਂ ਬਾਅਦ ਉਸ ਦਾ ਪਾਸਪੋਰਟ ਪਾਕਿਸਤਾਨ ਹਾਈ ਕਮਿਸ਼ਨ ਕੋਲ ਭੇਜਿਆ ਗਿਆ। ਦਸਣਯੋਗ ਹੈ ਕਿ ਪਾਸਪੋਰਟ ਤੇ ਹੋਰ ਦਸਤਾਵੇਜ਼ ਜਾਂਚ ਪੜਤਾਲ ਲਈ ਪੰਜਾਬ ਸਰਕਾਰ, ਕੇਂਦਰੀ ਗ੍ਰਹਿ ਮੰਤਰਾਲੇ ਅਤੇ ਨਵੀਂ ਦਿੱਲੀ ਸਥਿੱਤ ਪਾਕਿਸਤਾਨੀ ਦੂਤਘਰ ਨੂੰ ਭੇਜੇ ਜਾਂਦੇ ਹਨ। ਜਿਸ ਤੋਂ ਬਾਅਦ ਪੰਜਾਬ ਤੇ ਦੇਸ਼ ਦੀਆਂ ਕਈ ਵੱਖ-ਵੱਖ ਖੂਫ਼ੀਆਂ ਏਜੰਸੀਆਂ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਯਾਤਰੂਆਂ ਨੂੰ ਪਾਕਿ ਦੂਤਘਰ ਵਲੋਂ ਵੀਜ਼ੇ ਜਾਰੀ ਕੀਤੇ ਜਾਂਦੇ ਹਨ ਤੇ ਸ਼ੱਕੀ ਤੇ ਦਸਤਾਵੇਜ਼ ਪੂਰੇ ਨਾ ਹੋਣ ਵਾਲੇ ਕਈ ਸ਼ਰਧਾਲੂਆਂ ਦੇ ਨਾਂ ਭੇਜੇ ਜਾਣ ਵਾਲੇ ਜਥੇ ਦੀ ਸੂਚੀ ਵਿਚੋਂ ਕੱਟ ਦਿਤੇ ਜਾਂਦੇ ਹਨ। ਪਾਕਿਸਤਾਨ ਨਿਕਾਹ ਕਰਾਉਣ ਵਾਲੀ ਕਿਰਨ ਬਾਲਾ, ਹਿੰਦੂ ਪਰਵਾਰ ਨਾਲ ਸਬੰਧਤ ਸੀ ਜਦਕਿ ਸਿੱਖ ਜਥਿਆਂ ਨਾਲ ਹਿੰਦੂ ਭਾਈਚਾਰੇ ਦੇ ਸ਼ਰਧਾਲੂਆਂ ਨੂੰ ਜਾਣ ਲਈ ਵੀਜ਼ੇ ਨਹੀਂ ਜਾਰੀ ਕੀਤੇ ਜਾਂਦੇ। ਜਾਣਕਾਰੀ ਮੁਤਾਬਕ ਇਸ ਮਹਿਲਾ ਦੀ ਫ਼ੇਸਬੁਕ ਰਾਹੀਂ ਪਹਿਲਾਂ ਹੀ ਲਾਹੌਰ ਵਾਸੀ ਵਿਅਕਤੀ ਨਾਲ ਦੋਸਤੀ ਸੀ ਤੇ ਉਹ ਦੁਬਈ ਵਿਚ ਨੌਕਰੀ ਕਰਦਾ ਹੈ। ਕਿਰਨ ਬਾਲਾ ਜਥੇ ਦੇ ਬਹਾਨੇ ਨਾਲ ਪਾਕਿਸਤਾਨ ਜਾ ਪੁੱਜੀ ਤੇ ਜਥੇ  'ਚੋਂ ਭੱਜ ਕੇ ਤੇ ਧਰਮ ਤਬਦੀਲ ਕਰ ਕੇ ਉਸ ਨਾਲ ਨਿਕਾਹ ਕਰਵਾ ਲਿਆ।