ਗੁਰਦੁਆਰਾ ਲਾਇਪਸ਼ਿਗ (ਜਰਮਨੀ) ਵਿਖੇ ਪ੍ਰਕਾਸ਼ ਪੁਰਬ ਸਮਰਪਤ ਗੁਰਮਤਿ ਸਮਾਗਮ ਕਰਵਾਇਆ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸਮੂਹ ਸਾਧ ਸੰਗਤ ਨੇ ਬਹੁਤ ਸ਼ਰਧਾਪੂਰਵਕ ਇਸ ਸਮਾਗਮ ਵਿਚ ਹਾਜ਼ਰੀ ਭਰੀ।

File Photo

ਲਾਇਪਸ਼ਿਗ (ਸੰਦੀਪ ਸਿੰਘ ਖਾਲੜਾ) : ਮੂਲ ਨਾਨਕਸ਼ਾਹੀ ਕੈਲੰਡਰ (2003) ਅਨੁਸਾਰ ਪੰਜ ਵੈਸਾਖ (18 ਅਪ੍ਰੈਲ) ਨੂੰ ਗੁਰੂ ਅੰਗਦ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਤੇ ਭਗਤ ਧੰਨਾ ਜੀ ਦਾ ਜਨਮ ਦਿਨ ਅੱਠ ਵੈਸਾਖ (21 ਅਪ੍ਰੈਲ) ਨਿਯਤ ਹੈ। ਇਨ੍ਹਾ ਦਿਹਾੜਿਆ ਨੂੰ ਸਮਰਪਤ ਗੁਰਮਤਿ ਸਮਾਗਮ ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ (ਜਰਮਨੀ)  ਵਿਖੇ ਬਹੁਤ ਹੀ ਸ਼ਰਧਾ ਨਾਲ ਸਮੂਹ ਸਾਧ ਸੰਗਤ ਵਲੋ ਕਰਵਾਇਆ ਗਿਆ ਜਿਸ ਦੀ ਆਰੰਭਤਾ ਵਿਚ ਸੁਖਮਨੀ ਸਾਹਿਬ ਦਾ ਪਾਠ ਹੋਇਆ ਉਪਰੰਤ ਸਜੇ ਦੀਵਾਨ ਵਿਚ ਭਾਈ ਭੁਪਿੰਦਰ ਸਿੰਘ ਨੇ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਅਤੇ ਭਾਈ ਰਵਿੰਦਰ ਸਿੰਘ ਆਲਮਗੀਰ ਨੇ ਕਥਾ ਕਰਦੇ ਹੋਏ ਗੁਰੂ ਸਾਹਿਬਾਨ ਦੀਆ ਬਖ਼ਸ਼ਿਸ਼ਾਂ ਦੀ ਸਾਂਝ ਪਾਈ। 

ਵਿਸ਼ੇਸ਼ ਤੌਰ ’ਤੇ ਭਗਤ  ਧੰਨਾ ਜੀ ਦੇ ਜੋ ਤਿੰਨ ਸ਼ਬਦ ਗੁਰਬਾਣੀ ਵਿਚ ਦਰਜ ਹਨ ਦੀ ਵਿਚਾਰ ਕਰਦੇ ਹੋਏ ਆਖਿਆ ਕਿ ਭਗਤ ਧੰਨਾ ਜੀ ਦਾ ਸ਼ਬਦ  ਜੋ ਆਸਾ ਰਾਗ ਵਿਚ ਗੁਰੂ ਗ੍ਰੰਥ ਸਾਹਿਬ ਦੇ ਅੰਕ (487) ’ਚ ਦਰਜ ਹੈ ਦੇ ਅੰਤਲੇ ਫੁਰਮਾਨ ‘ਧੰਨੈ ਧੰਨ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ।।’’ ਵਿਚ ਦ੍ਰਿੜ ਕਰਵਾਉਂਦੇ ਹਨ। ਉਨ੍ਹਾਂ ਨੂੰ ਪ੍ਰਮਾਤਮਾ ਪ੍ਰਾਪਤੀ ਗੁਰ ਉਪਦੇਸ਼ ਕਮਾਉਣ ਨਾਲ ਹੋਈ ਹੈ। ਸੋ ਇਸ ਲਈ ਆਉ ਗੁਰੂ ਸਿਧਾਂਤ ਨਾਲ ਜੁੜਦੇ ਹੋਏ ਸੰਕਲਪ ਕਰੀਏ ਕਿ ਅੱਜ ਤੋਂ ਗੁਰ ਉਪਦੇਸ਼ ਅਨੁਸਾਰ ਅਪਣਾ ਜੀਵਨ ਜਿਊਣਾ ਹੈ। ਸਮੂਹ ਸਾਧ ਸੰਗਤ ਨੇ ਬਹੁਤ ਸ਼ਰਧਾਪੂਰਵਕ ਇਸ ਸਮਾਗਮ ਵਿਚ ਹਾਜ਼ਰੀ ਭਰੀ। ਗੁਰੂ ਕਾ ਲੰਗਰ ਅਤੁੱਟ ਵਰਤਿਆ।