Panthak News: ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਂਵਲੀ ਲਈ SGPC ਨੇ ਸੁਝਾਵਾਂ ਦੇ ਸਮੇਂ ’ਚ ਕੀਤਾ ਵਾਧਾ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਹੁਣ 20 ਮਈ 2025 ਤਕ ਭੇਜੇ ਜਾ ਸਕਣਗੇ ਸੁਝਾਅ

SGPC extends time for suggestions for rules regarding appointment and retirement of Jathedar

 

Panthak News: ਐਸਜੀਪੀਸੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਜ਼ੁੰਮੇਵਾਰੀਆਂ ਤੇ ਸੇਵਾ ਮੁਕਤੀ ਸਬੰਧੀ ਮੰਗੇ ਸੁਝਾਵਾਂ ਦੇ ਸਮੇਂ ਵਿਚ ਵਾਧਾ ਕਰ ਦਿੱਤਾ ਹੈ।ਹੁਣ ਇਹ ਸੁਝਾਅ 20 ਮਈ 2025 ਤਕ ਭੇਜੇ ਜਾ ਸਕਕਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪੱਤਾਪ ਸਿੰਘ ਨੇ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਸਬੰਧੀ ਸੇਵਾ ਨਿਯਮ ਬਣਾਉਣ ਲਈ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਸੰਸਥਾਵਾਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਅਤੇ ਸਿੱਖ ਵਿਦਵਾਨਾਂ ਕੋਲੋਂ 20 ਅਪ੍ਰੈਲ 2025 ਤਕ ਸੁਝਾਅ ਮੰਗੇ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬੇਸ਼ੱਕ ਬਹੁਤ ਸਾਰੇ ਸੁਝਾਅ ਪ੍ਰਾਪਤ ਹੋਏ ਹਨ ਪਰ ਇਸ ਦੇ ਹੋਰ ਵਿਸਥਾਰ ਲਈ 20 ਮਈ 2025 ਤਕ ਦਾ ਸਮਾਂ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਪਹਿਲੇ ਪੁੱਜੇ ਸੁਝਾਵਾਂ ਨੂੰ ਵਾਚਣ ਤੇ ਕੱਚਾ ਖਰੜਾ ਤਿਆਰ ਕਰਨ ਦੀ ਪ੍ਰਕਿਰਿਆ ਵੀ ਆਰੰਭੀ ਜਾਵੇਗੀ ਜਿਸ ਮਗਰੋਂ ਇੱਕ ਕਮੇਟੀ ਗਠਤ ਕਰ ਕੇ ਇਸ ਨੂੰ ਅੰਤਮ ਰੂਪ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਸੁਝਾਅ ਪਹਿਲਾਂ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ ਅਤੇ ਵਟਸਐਪ ਨੰਬਰ 77101-36200 ਉੱਤੇ ਭੇਜੇ ਜਾਣ।