ਦੀਵਾ ਇਕ ਮਨਮੱਤ, ਦੀਵਾ ਮੇਰਾ ਏਕ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਾਡੇ ਗੁਰੂ ਦਰਬਾਰਾਂ ਵਿਚ ਜੋਤਾਂ, ਦੀਵੇ, ਮੂਰਤੀਆਂ, ਇਥੋਂ ਤਕ ਕਿ ਬ੍ਰਾਹਮਣਾਂ ਦੀ ਤਰ੍ਹਾਂ ਫ਼ਰਸ਼ ਦੁਧ ਨਾਲ ਧੋ ਕੇ ਕਰਮਕਾਂਡ ਵਧੇਰੇ ਕੀਤੇ ਜਾ ਰਹੇ ਹਨ। 

Photo

ਸਖੀ ਸਰਵਰੀਏ ਦੇ ਦਰਬਾਰਾਂ ਵਿਚ ਜਗਦੇ ਪੰਜ ਦੀਵੇ, ਮੰਦਰਾਂ ਵਿਚ ਵੱਖੋ-ਵਖਰੇ ਦੇਵਤੇ ਜਾਂ ਦੇਵੀ ਦੀ ਅਰਾਧਨਾ ਲਈ ਰੱਖੇ ਪੱਥਰਾਂ ਅੱਗੇ ਦੀਵੇ, ਉਨ੍ਹਾਂ ਨੂੰ ਮੁਬਾਰਕ ਹੋਣ, ਜੋ ਉਨ੍ਹਾਂ ਨੂੰ ਸਵੀਕਾਰਦੇ ਹਨ ਪਰ ਇਹ ਦੀਵੇ, ਜੋਤਾਂ ਸਾਡੇ ਗੁਰਦਵਾਰਿਆਂ ਵਿਚ ਵੀ? ਚਲੋ ਮਨ ਲੈਂਦੇ ਹਾਂ ਕਿ ਹਨੇਰੇ ਵਿਚ ਚਾਨਣ ਦਾ ਕੰਮ ਕਰਦੇ ਹੋਣਗੇ ਪਰ ਇਸ ਵਿਗਿਆਨਕ ਯੁਗ ਵਿਚ ਦੀਵਾ?

ਦੀਵਾ ਉਨ੍ਹਾਂ ਗੁਰਦਵਾਰਿਆਂ ਵਿਚ ਜਿਥੇ ਬਿਜਲੀ ਜਾਂਦਿਆਂ ਅੱਖ ਝਪਕਦਿਆਂ ਹੀ ਇਨਵਰਟਰ, ਜਨਰੇਟਰ ਚੱਲ ਪੈਂਦੇ ਹੋਣ, ਉਥੇ ਦੀਵੇ ਦੀ ਗੱਲ ਸਮਝ ਨਹੀਂ ਪੈਂਦੀ। ਹੁਣ ਤਾਂ ਘਰਾਂ ਵਿਚ ਵੀ ਦੀਵੇ ਨਹੀਂ ਨਜ਼ਰ ਆਉਂਦੇ। ਗੁਰਦਵਾਰਿਆਂ ਵਿਚ ਸਾਨੂੰ ਗੁਰਮਤਿ ਦਾ ਪਾਠ ਪੜ੍ਹਾਇਆ ਜਾਂਦਾ ਹੈ ਪਰ ਅੱਜ ਸਿਖਣ ਵਿਚ ਰੁਚੀ ਘੱਟ ਤੇ ਅਪਣੀ ਮਨਮੱਤ ਨੂੰ ਗੁਰਮਤਿ ਆਖ ਕੇ ਸਿਖਾਉਣ ਵਲ ਵਧੇਰੇ ਹੋ ਗਈ ਹੈ।

ਮਨਮਤ ਉਥੇ ਹੀ ਪ੍ਰਚਾਰੀ ਜਾਂਦੀ ਹੈ ਜਿਥੇ ਗੁਰਮਤਿ ਸਿਖਾਈ ਜਾਣੀ ਸੀ। ਸਾਡੇ ਗੁਰੂ ਦਰਬਾਰਾਂ ਵਿਚ ਜੋਤਾਂ, ਦੀਵੇ, ਮੂਰਤੀਆਂ, ਇਥੋਂ ਤਕ ਕਿ ਬ੍ਰਾਹਮਣਾਂ ਦੀ ਤਰ੍ਹਾਂ ਫ਼ਰਸ਼ ਦੁਧ ਨਾਲ ਧੋ ਕੇ ਕਰਮਕਾਂਡ ਵਧੇਰੇ ਕੀਤੇ ਜਾ ਰਹੇ ਹਨ। ਆਮ ਤੌਰ ਉਤੇ ਕੋਈ ਬੱਚਾ ਸਕੂਲੋਂ ਕਹਾਣੀ ਸੁਣ ਆਉਂਦੈ ਤੇ ਕਹਿੰਦੈ ‘‘ਮਾਂ ਅੱਜ ਸਕੂਲ ਵਿਚ ਮੈਡਮ ਨੇ ਦੀਵੇ ਵਾਲੀ ਕਹਾਣੀ ਸੁਣਾਈ। ਮਾਂ ਦੀਵਾ ਕੀ ਹੁੰਦੈ?’’ ਮਾਂ ਉਸ ਨੂੰ ਅਕਾਰ ਦਸਦੀ ਹੈ, ‘‘ਪੁੱਤਰ ਦੀਵਾ ਵਿਚੋਂ ਡੂੰਘਾ ਹੁੰਦੈ ਤੇ ਇਸ ਵਿਚ ਬੱਤੀ ਹੁੰਦੀ ਹੈ।

ਇਸ ਨੂੰ ਘਿਉ ਜਾਂ ਤੇਲ ਨਾਲ ਬਾਲਿਆ ਜਾਂਦਾ ਹੈ।’’ ਬੱਚਾ ਪੁਛਦਾ ਹੈ, ‘‘ਮਾਂ ਉਹੀ ਘਿਉ ਜਿਸ ਨਾਲ ਤੂੰ ਰਸੋਈ ਵਿਚ ਭੋਜਨ ਤਿਆਰ ਕਰਦੀ ਏਂ?’’ ਅਗੋਂ ਮਾਂ ਆਖਦੀ ਹੈ, ‘‘ਨਹੀਂ ਪੁੱਤਰ ਉਹ ਘਿਉ ਮਹਿੰਗਾ ਹੁੰਦਾ ਹੈ, ਅਸੀ ਤਾਂ ਡਾਲਡਾ ਵਰਤਦੇ ਹਾਂ।’’ ਫਿਰ ਬੱਚਾ ਜ਼ਿੱਦ ਕਰਨ ਲਗਦਾ ਹੈ ਕਿ ‘‘ਨਹੀਂ ਮਾਂ ਮੈਂ ਵੇਖਣੈ, ਆਖ਼ਰ ਉਹ ਦੀਵਾ ਹੁੰਦਾ ਕਿਹੋ ਜਿਹੈ?’’ ਫਿਰ ਮਾਂ ਸੋਚਦੀ ਹੈ ਕਿ ਇਸ ਨੂੰ ਇੰਜ ਸਮਝ ਨਹੀਂ ਆਉਣੀ, ਇਸ ਨੂੰ ਵਿਖਾਉਣਾ ਹੀ ਪੈਣੈ।

ਫਿਰ ਉਸ ਨੂੰ ਯਾਦ ਆਉਂਦਾ ਹੈ ਕਿ ਦੀਵਾ ਮੰਦਰ ਵਿਚ ਹੁੰਦਾ ਹੈ ਪਰ ਮੰਦਰ ਬਹੁਤ ਦੂਰ ਸੀ। ਫਿਰ ਮਾਂ ਉਸ ਨੂੰ ਗੁਰਦਵਾਰੇ ਲੈ ਜਾਂਦੀ ਹੈ। ਸਿਖਰ ਦੁਪਹਿਰੇ ਬੱਚਾ ਦੀਵਾ ਵੇਖਦਾ ਤੇ ਖ਼ੁਸ਼ ਹੋ ਜਾਂਦਾ ਹੈ। ਮਾਂ ਨੂੰ ਪੁਛਦਾ ਹੈ, ‘‘ਮਾਂ ਮੈਡਮ ਤਾਂ ਕਹਿੰਦੇ ਸੀ ਕਿ ਲਾਈਟ ਚਲੇ ਜਾਣ ਤੇ ਜਗਾਇਆ ਜਾਂਦਾ ਸੀ ਪਰ ਇਹ ਤਾਂ ਸਿਖਰ ਦੁਪਹਿਰੇ ਜਗ ਰਿਹਾ ਹੈ, ਮੈਂ ਬੁਝਾ ਦਿਆਂ? ਏਨੀ ਵੱਡੀ ਲਾਈਨ ਵਿਚ ਲੱਗ ਕੇ ਲੋਕ ਇਸ ਵਿਚ ਘਿਉ ਪਾਉਣ ਲਈ ਖੜੇ ਹਨ ਜਦਕਿ ਪੀਪਿਆਂ ਦੇ ਪੀਪੇ ਘਿਉ ਤਾਂ ਪਹਿਲਾਂ ਹੀ ਜਮ੍ਹਾਂ ਹੋ ਚੁਕਿਆ ਹੈ।’’ ਇਸ ਮਾਂ ਦੀ ਅਨਪੜ੍ਹਤਾ ਤੇ ਅੰਨ੍ਹੀ ਸ਼ਰਧਾ ਨੇ ਉਸ ਬੱਚੇ ਦੀ ਸਮਝ ਤੇ ਉਂਗਲ ਰੱਖ ਕੇ ਚੁੱਪ ਕਰਵਾ ਦਿਤਾ।

ਜਦੋਂ ਜਗਰਾਤੇ ਹੁੰਦੇ ਹਨ, ਉਦੋਂ ਅੰਧ ਵਿਸਵਾਸ਼ੀ ਪਾਤਰ ਜੋਤ ਮੰਦਰੋਂ ਜਾ ਕੇ ਲਿਆਉਂਦੇ ਹਨ। ਮੈਨੂੰ ਕਈ ਵਾਰ ਇੰਜ ਲਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਉਹ ਕਰਮਕਾਂਡੀਏ ਲੋਕ ਗੁਰਦਵਾਰੇ ਤੋਂ ਜੋਤ ਲੈਣ ਆਇਆ ਕਰਨਗੇ। ਗੱਲ ਸਿੱਖ ਧਰਮ ਦਾ ਮੱਕਾ ਮੰਨੇ ਜਾਣ ਵਾਲੇ ਗੁਰਦਵਾਰੇ ਦੀ ਜਾਂ ਸਾਡੇ ਮੁਹੱਲੇ ਵਿਚ ਬਣੇ ਮਜ਼੍ਹਬੀ ਜਾਂ ਜੱਟਾਂ ਦੇ ਗੁਰਦਵਾਰਿਆਂ ਦੀ ਹੋਵੇ, ਸੱਭ ਥਾਂ ਇਹ ਭਾਣਾ ਵਰਤ ਰਿਹਾ ਹੈ। ਬਾਣੀ ਨੇ ‘ਨਾਮ’ ਨੂੰ ਹੀ ਦੀਵਾ ਦਸਿਆ ਹੈ ਪਰ ਅੱਜ ਬਾਣੀ ਰਚਣ ਵਾਲਿਆਂ ਦੇ ਨਾਂ ਤੇ ਉਸਾਰੇ ਮੀਨਾਰਾਂ ਵਿਚ ਵਿਚਾਰਾਂ ਉਪਰ ਰੁਮਾਲੇ ਪਾ ਕੇ ਸ਼ਰੇਆਮ ਦੀਵੇ ਜਗਾਏ ਜਾ ਰਹੇ ਹਨ।

ਗ੍ਰੰਥੀ, ਪ੍ਰਚਾਰਕ ਤਾਂ ਬਾਣੀ ਸਿਰਫ਼ ਪੈਸੇ ਕਰ ਕੇ ਹੀ ਪੜ੍ਹਦੇ ਜਾਪਦੇ ਹਨ। ਉਹ ਬਾਣੀ ਲੋਕਾਂ ਨੂੰ ਸੁਣਾਉਣ ਲਈ ਬੋਲਦੇ ਹਨ। ਹੋਰਾਂ ਨੂੰ ਜੀਵਨ ਵਿਚ ਅਗੁਰਬਾਣੀ ਲਾਗੂ ਕਰਨ ਦੇ ਉਪਦੇਸ਼ ਪਰ ਗ੍ਰੰਥੀ ਵੀਰਾਂ ਨੇ ਆਪ ਕਦੇ ਨਹੀਂ ਅਪਣਾਈ। ਆਪ ਆਮ ਲੋਕਾਂ ਨਾਲੋਂ ਕਿਤੇ ਵੱਧ ਨੇੜੇ ਹੁੰਦੇ ਹਨ ਗੁਰਬਾਣੀ ਦੇ ਪਰ ਅਜੇ ਤਕ ਕਿਸੇ ਗ੍ਰੰਥੀ ਪ੍ਰਚਾਰਕ ਨੇ ਗੁਰਦਵਾਰੇ ਰੱਖੇ ਦੀਵੇ, ਪਾਣੀ ਦੇ ਘੜੇ ਤੇ ਨਾਰੀਅਲ ਚੁੱਕ ਕੇ ਬਾਹਰ ਨਹੀਂ ਮਾਰੇ ਹੋਣਗੇ। ਜਿਸ ਕਿਸੇ ਨੇ ਇਹ ਕੰਮ ਕਰ ਕੇ ਵਿਖਾਇਆ, ਉਹ ਹੋਵੇਗਾ ਬਾਬੇ ਨਾਨਕ ਦਾ ਉਹ ਅਸਲ ਅਕਾਲੀ, ਜੋ ਬਾਬਾ ਨਾਨਕ ਨੇ ਇਕ ਆਮ ਇਨਸਾਨ ਨੂੰ ਬਣਾਉਣਾ ਚਾਹਿਆ ਸੀ।

ਜੋਤਾਂ ਵਾਲਿਆਂ ਕੋਲ ਰਹਿਣ ਦਿਉ ਜੋਤਾਂ, ਦੀਵੇ ਤੇ ਕਰਨ ਦਿਉ ਹਵਨ। ਕੋਈ ਲੋੜ ਨਹੀਂ ਸਾਨੂੰ ਜਾ-ਜਾ ਕੇ ਸਮਝਾਉਣ ਦੀ। ਹੁਣ ਲੋੜ ਹੈ ਸਾਨੂੰ ਆਪ ਨੂੰ ਬਾਣੀ ਦੇ ਦਰਸਾਏ ਰਸਤੇ ਤੇ ਚਲਣ ਦੀ। ਜਿਸ ਦਿਨ ਅਸੀ ਤੁਰ ਪਏ, ਸਾਡਾ ਬਦਲਦਾ ਆਚਰਨ ਜੀਵਨ ਦੇਖ, ਇਕ ਗੁਰੂ ਦੀ ਭਗਤੀ ਵੇਖ ਉਹ ਭਟਕੇ ਹੋਏ ਲੋਕ ਛੱਡ ਆਉਣਗੇ ਟੱਲੀਆਂ ਤੇ ਬੈਠ ਜਾਣਗੇ ਅਸਲ ਗੁਰੂ ਸ਼ਬਦ ਗੁਰੂ ਦੇ ਮੂਹਰੇ। ਅਸੀ ਤਾਂ ਹੱਥ ਵਿਚ ਦੀਵਾ ਲੈ ਕੇ ਆਪ ਹਨੇਰੇ ਦੇ ਖੂਹ ਵਿਚ ਡਿੱਗ ਰਹੇ ਹਾਂ।

ਹੁਣ ਤਾਂ ਮੇਰੇ ਵੀਰੋ ਦੀਵਾਲੀ ਤੇ ਜਗਾਏ ਜਾਣ ਵਾਲੇ ਕੰਧਾਂ ਦੇ ਦੀਵੇ ਵੀ ਬਿਜਲਈ ਹੋ ਗਏ ਹਨ। ਇਥੋਂ ਤਕ ਕਿ ਵਿਆਹ ਸ਼ਾਦੀਆਂ ਤੇ ਕੱਢੀ ਜਾਣ ਵਾਲੀ ਜਾਗੋ ਵੀ ਸੈੱਲਾਂ ਉਤੇ ਹੋ ਗਈ ਹੈ। ਇਹ ਇਸ ਲਈ ਹੀ ਹੋ ਰਿਹਾ ਹੈ ਕਿ ਅੱਜ ਦੇ ਸਮਾਜ ਨੂੰ ਦੀਵੇ ਦੀ ਕੋਈ ਲੋੜ ਨਹੀਂ। ਗੁਰਬਾਣੀ ‘ਇਸ ਜਗ ਮਹਿ ਚਾਨਣ’ ਬਾਣੀ ਜੁਗੋ ਜੁਗ ਅਟੱਲ ਹੈ। ਬਾਣੀ ਵਿਚੋਂ ਪੱਕੇ ਤੌਰ ਤੇ ਦੀਵਾ ਜਗਾਉਣ ਦੀ ਹਦਾਇਤ ਸਾਨੂੰ ਕਦੇ ਨਹੀਂ ਮਿਲੀ। 

ਜੇਕਰ ਬਾਬਾ ਨਾਨਕ ਜੀ ਪ੍ਰਚਾਰ ਫੇਰੀਆਂ ਸਮੇਂ ਥਾਂ-ਥਾਂ ਜਾ ਕੇ ਰੱਬੀ ਉਪਦੇਸ਼ ਦੀ ਥਾਂ ਤੇ ਦੀਵਾ ਜਗਾ ਕੇ ਰੱਖ ਆਉਂਦੇ ਤਾਂ ਸ਼ਾਇਦ ਸਿੱਖ ਹੋਂਦ ਮਿੱਟੀ ਦੇ ਜਗਾਏ ਦੀਵਿਆਂ ਦੇ ਬੁਝਣ ਤੋਂ ਪਹਿਲਾਂ ਹੀ, ਨਾ ਖ਼ਤਮ ਹੋਣ ਵਾਲੀ ਸਿੱਖੀ ਖ਼ਤਮ ਹੋ ਜਾਂਦੀ। ਪਰ ਨਹੀਂ ਗੁਰੂ ਪਾਤਸ਼ਾਹ ਜੀ ਨੇ ਬੁਝ ਜਾਣ ਵਾਲੇ ਦੀਵੇ ਬੁਝਾ ਕੇ ਸਦਾ ਲਈ ਟਿੱਕ ਜਾਣ ਵਾਲੇ ਦੀਵੇ ਗੁਰ ਉਪਦੇਸ਼ ਦੇ ਚਾਨਣ ਨੂੰ ਲੋਕਾਂ ਤਾਈਂ ਪ੍ਰਚਾਰਿਆ। 

ਸੋ ਕਤਾਰ ਵਿਚ ਲੱਗੇ ਘਿਉ ਤੇਲ ਪਾਉਣ ਲਈ ਮੇਰੇ ਵੀਰੋ, ਮੁੜ ਆਉ ਰੱਬ ਦੇ ਹਜ਼ੂਰ। ਇਨ੍ਹਾਂ ਲਾਈਨਾਂ ਵਿਚ ਜਿੱਥੇ ਸੰਗਤਾਂ ਵਲੋਂ ਧੱਕੇ ਪੈਂਦੇ ਹੀ ਹਨ, ਉਥੇ ਗੁਰੂ ਵਲੋਂ ਵੀ ਪੈਣਗੇ। ਗੁਰੂ ਬਾਹਾਂ ਪਸਾਰੀ ਆਵਾਜ਼ਾਂ ਦੇ ਰਹੇ ਹਨ ਤੇ ਅਸੀ ਮਨਮੱਤੀਏ ਪਿੱਠ ਕਰ ਕੇ ਕਿਸੇ ਸਾਧ ਦਾ ਆਖਾ ਮੰਨ ਕੇ ਦੀਵੇ ਵਿਚ ਘਿਉ ਜਾਂ ਤੇਲ ਪਾਉਣ ਲਈ ਧੱਕੋ ਮੁੱਕੀ ਹੋ ਰਹੇ ਹਾਂ। 
ਸੰਪਰਕ : 99882-95954