Panthak News: ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਇਕ ਵਾਰ ਫੇਰ ਆਹਮੋ-ਸਾਹਮਣੇ
Panthak News: ਜਥੇਦਾਰ ਗੜਗੱਜ ਨੇ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਦੀਆਂ ਪੰਥਕ ਸੇਵਾਵਾਂ ਕੀਤੀਆਂ ਬਹਾਲ
- ਪੰਜ ਪਿਆਰੇ ਸਿੰਘਾਂ ਨੇ ਜਥੇਦਾਰ ਗੜਗੱਜ ਅਤੇ ਗਿਆਨੀ ਧਨੌਲਾ ਨੂੰ ਤਨਖ਼ਾਹੀਆ ਕਰਾਰ ਦਿਤਾ
- ਸੁਖਬੀਰ ਬਾਦਲ ਨੂੰ 10 ਦਿਨਾਂ ਦੇ ਅੰਦਰ ਅਪਣਾ ਪੱਖ ਰੱਖਣ ਦਾ ਵੀ ਦਿਤਾ ਹੁਕਮ
ਵੱਖ ਵੱਖ ਮਾਮਲਿਆਂ ਨੂੰ ਲੈ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਆਹਮੋ ਸਾਹਮਣੇ ਖੜੇ ਹੋ ਗਏ ਹਨ। ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਉਨ੍ਹਾਂ ’ਤੇ ਲੱਗੇ ਇਲਜ਼ਾਮਾਂ ਤੋਂ ਬਰੀ ਕਰ ਦਿਤਾ ਤੇ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਬਹਾਲ ਕਰਨ ਦਾ ਆਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੁਣਾ ਦਿਤਾ ਪਰ ਦੂਜੇ ਪਾਸੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਗਿਆਨੀ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਹੀ ਤਨਖ਼ਾਹੀਆ ਕਰਾਰ ਦੇ ਦਿਤਾ।
ਇਸ ਨਾਲ ਹੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਸਾਜ਼ਸ਼ਕਰਤਾ ਕਹਿ ਕੇ 10 ਦਿਨ ਦੇ ਅੰਦਰ-ਅੰਦਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਹਾਜ਼ਰ ਹੋ ਕੇ ਅਪਣਾ ਪੱਖ ਰਖਣ ਦਾ ਵੀ ਹੁਕਮ ਜਾਰੀ ਕੀਤਾ ਹੈ। ਕੱਲ੍ਹ ਪੰਥਕ ਰਾਜਨੀਤੀ ਵਿਚ ਪੂਰਾ ਦਿਨ ਇਸ ਨਾਟਕੀ ਘਟਨਾਕ੍ਰਮ ਵਿਚ ਲੰਘਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਲਏ ਗਏ ਫ਼ੈਸਲੇ ਵਿਚ ਕਿਹਾ ਕਿ ਗਿਆਨੀ ਰਣਜੀਤ ਸਿੰਘ ਗੌਹਰ ਦਾ ਮਾਮਲਾ ਕੱਲ੍ਹ ਦੀ ਮੀਟਿੰਗ ਵਿਚ ਵਿਚਾਰਿਆ ਗਿਆ।
ਗਿਆਨੀ ਰਣਜੀਤ ਸਿੰਘ ਗੌਹਰ ਨੇ ਮਿਤੀ 4 ਨਵੰਬਰ 2024 ਨੂੰ ਜਾਂਚ ਕਮੇਟੀ ਦੀ ਰਿਪੋਰਟ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ। ਕੱਲ੍ਹ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਪ੍ਰਾਪਤ ਹੋਈ ਜਾਂਚ ਕਮੇਟੀ ਦੀ ਰਿਪੋਰਟ ਨੂੰ ਧਿਆਨ ਪੂਰਵਕ ਅਤੇ ਸੰਜੀਦਗੀ ਨਾਲ ਵਿਚਾਰਿਆ ਗਿਆ ਹੈ। ਇਹ ਰਿਪੋਰਟ ਖ਼ਾਲਸਾ ਪੰਥ ਦੇ ਸਨਮੁਖ ਜਨਤਕ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਗੁਰਪੁਰਵਾਸੀ ਸ. ਅਵਤਾਰ ਸਿੰਘ ਹਿਤ ਤਤਕਾਲੀ ਪ੍ਰਧਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਮੁਤਾਬਕ ਗਿਆਨੀ ਰਣਜੀਤ ਸਿੰਘ ਗੌਹਰ ਉੱਤੇ ਲੱਗੇ ਦੋਸ਼ ਸਾਬਤ ਨਹੀਂ ਹੁੰਦੇ, ਇਸ ਲਈ ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਅਤ 163 ਮਿਤੀ 6 ਦਸੰਬਰ 2022 ਦੀ ਮਦ ਨੰਬਰ 7 ਅਨੁਸਾਰ ਇਨ੍ਹਾਂ ਦੀਆਂ ਸੇਵਾਵਾਂ ਉਤੇ ਲੱਗੀ ਰੋਕ ਹਟਾਈ ਜਾਂਦੀ ਹੈ ਅਤੇ ਇਹ ਪੰਥਕ ਸੇਵਾਵਾਂ ਜਾਰੀ ਰੱਖ ਸਕਦੇ ਹਨ।
ਇਥੇ ਹੀ ਬਸ ਨਹੀ ਕੱਲ੍ਹ ਦੀ ਮੀਟਿੰਗ ਦੌਰਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਬਾਰੇ ਫ਼ੈਸਲਾ ਲੈਂਦਿਆਂ ਕਿਹਾ ਕਿ ਇਕਤਰਤਾ ਵਿਚ ਗਿਆਨੀ ਬਲਦੇਵ ਸਿੰਘ ਅਤੇ ਗਿਆਨੀ ਗੁਰਦਿਆਲ ਸਿੰਘ ਦਾ ਮਾਮਲਾ ਵਿਚਾਰਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਅਤ ਮਿਤੀ 6 ਦਸੰਬਰ 2022 ਦੀ ਮਦ ਨੰਬਰ 3 ਅਨੁਸਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਉਥੋਂ ਦੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਕੋਲੋਂ ਪੰਜ ਪਿਆਰੇ ਨੀਯਤ ਕਰ ਕੇ ਪੰਜ ਦਿਨਾਂ ਦੇ ਅੰਦਰ ਪੰਜ ਬਾਣੀਆਂ ਦਾ ਪਾਠ ਜੁਬਾਨੀ ਸੁਣ ਕੇ ਇਸ ਦੀ ਵੀਡੀਉਗ੍ਰਾਫ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦਾ ਆਦੇਸ਼ ਹੋਇਆ ਸੀ।
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸਖ਼ਤ ਆਦੇਸ਼ ਕੀਤਾ ਜਾਂਦਾ ਹੈ ਕਿ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਅਪਣਾ ਪੱਖ ਸਪੱਸ਼ਟ ਕਰਨ। ਭਾਈ ਬਲਦੇਵ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਤੋਂ ਹੋਏ ਆਦੇਸ਼ਾਂ ਦੀ ਹੁਕਮ ਅਦੂਲੀ ਕਰਨ ਦੇ ਮੱਦੇਨਜ਼ਰ ਇਹ ਵੀ ਸ੍ਰੀ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਅਪਣਾ ਪੱਖ ਰੱਖਣ, ਉਦੋਂ ਤਕ ਇਨ੍ਹਾਂ ਦੋਹਾਂ ਦੀਆਂ ਪੰਥਕ ਸੇਵਾਵਾਂ ਉਤੇ ਰੋਕ ਲਗਾਈ ਜਾਂਦੀ ਹੈ। ਇਸ ਤੋਂ ਬਾਅਦ ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਭਾਈ ਬਲਦੇਵ ਸਿੰਘ, ਭਾਈ ਪਰਸ਼ੂਰਾਮ ਸਿੰਘ, ਭਾਈ ਗੁਰਦਿਆਲ ਸਿੰਘ, ਅਮਰਜੀਤ ਸਿੰਘ ਤੇ ਭਾਈ ਦਲੀਪ ਸਿੰਘ ਨੇ ਆਦੇਸ਼ ਜਾਰੀ ਕਰ ਕੇ ਜਥੇਦਾਰ ਗੜਗੱਜ ਅਤੇ ਗਿਆਨੀ ਟੇਕ ਸਿੰਘ ਧਨੌਲਾ ਨੂੰ ਤਨਖ਼ਾਹੀਆ ਕਰਾਰ ਦੇ ਦਿਤਾ।
ਪੰਜ ਪਿਆਰੇ ਸਿੰਘਾਂ ਨੇ ਜਾਰੀ ਹੁਕਮਨਾਮੇ ਵਿਚ ਕਿਹਾ ਕਿ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਿੰਘ ਸ੍ਰੀ ਅਕਾਲ ਤਖ਼ਤ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਆਪੋ ਥਾਪੇ ਜਥੇਦਾਰ ਜਿਨ੍ਹਾਂ ਨੂੰ ਪੰਥ ਨੇ ਅਸਵੀਕਾਰ ਕਰਦੇ ਹੋਏ ਨਕਾਰ ਦਿਤਾ ਹੈ ਤੇ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਇਕ ਹੁਕਮਨਾਮਾ ਜਾਰੀ ਕੀਤਾ ਹੈ। ਇਸ ਹੁਕਮਨਾਮੇ ਰਾਹੀਂ ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਧਿਕਾਰ ਵਿਚ ਦਖ਼ਲ-ਅੰਦਾਜ਼ੀ ਕਰ ਕੇ ਉਸ ਦੇ ਨਿਰਣੈ ਵਿਰੁਧ ਜਾਣ ਦੇ ਦੋਸ਼ੀ ਮੰਨਦੇ ਹੋਏ ਜਥੇਦਾਰ ਗੜਗੱਜ ਤੇ ਗਿਆਨੀ ਧਨੌਲਾ ਨੂੰ ਤਖ਼ਤ ਸਾਹਿਬ ਦੇ ਮਾਨ ਸਨਮਾਨ, ਮਰਿਆਦਾ, ਪ੍ਰੰਪਰਾ ਤੇ ਪ੍ਰਭੂਸਤਾ ਨੂੰ ਠੇਸ ਪਹੁੰਚਾਉਣ ਦਾ ਗੰਭੀਰ ਦੋਸ਼ੀ ਮੰਨਦਿਆਂ ਤਨਖ਼ਾਹੀਆਂ ਘੋਸ਼ਿਤ ਕੀਤਾ ਜਾਂਦਾ ਹੈ। ਤਖ਼ਤ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਸਾਜ਼ਸ਼ਕਰਤਾ ਦਸਦਿਆਂ 10 ਦਿਨ ਦੇ ਅੰਦਰ ਨਿਜੀ ਤੌਰ ’ਤੇ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਿੰਘਾਂ ਅੱਗੇ ਪੇਸ਼ ਹੋ ਕੇ ਅਪਣਾ ਪਖ ਰਖਣ ਲਈ ਕਿਹਾ ਹੈ।