Panthak News: ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾਂ ਵਲੋਂ ਲਿਆ ਗਿਆ ਫ਼ੈਸਲਾ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ: ਪੰਜ ਪਿਆਰੇ ਸ੍ਰੀ ਦਮਦਮਾ ਸਾਹਿਬ
ਪੰਜ ਪਿਆਰੇ ਸਾਹਿਬਾਨਾਂ ਵੱਲੋਂ ਲਾਏ ਗਏ ਫੈਸਲੇ ਨੂੰ ਪੰਥ ਵਿਰੋਧੀ ਅਤੇ ਗੈਰ ਸਿਧਾਂਤਕ ਕਰਾਰ ਦਿੱਤਾ ਹੈ।
Panthak News: ਤਖਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨਾਂ ਨੇ ਮਤਾ ਪਾਸ ਕਰਕੇ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਲਾਏ ਗਏ ਫੈਸਲੇ ਨੂੰ ਪੰਥ ਵਿਰੋਧੀ ਅਤੇ ਗੈਰ ਸਿਧਾਂਤਕ ਕਰਾਰ ਦਿੱਤਾ ਹੈ।
ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵਲੋਂ ਬੀਤੇ ਦਿਨ ਜਾਰੀ ਕੀਤੇ ਹੁਕਮਨਾਮੇ 'ਤੇ ਟਿੱਪਣੀ ਕਰਦਿਆਂ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਵਲੋਂ ਇਕੱਤਰਤਾ ਕਰਕੇ ਗੁਰਮਤਾ ਪਾਸ ਕਰਦਿਆਂ ਕਿਹਾ ਹੈ ਕਿ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਹੈ, ਇਹ ਸਿੱਖ ਜਗਤ ਵਿਚ ਸਰਬਉੱਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲੈ ਕੇ ਆਉਂਦਾ ਹੈ। ਸ੍ਰ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਸਵੀਕਾਰ ਕਰਦੀ ਹੈ।
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾ ਨੇ ਮਿਤੀ 21 ਮਈ 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਕਸ ਖਰਾਬ ਕਰਨ ਵਾਲਾ ਹੈ, ਜੋ ਗੈਰ ਸਿਧਾਂਤਕ ਤੇ ਗੈਰ ਵਾਜਬ ਹੈ। ਪੰਜ ਪਿਆਰੇ ਸਾਹਿਬਾਨਾਂ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 32 ਦੇ ਸਿਰਲੇਖ ਨੰਬਰ ਚਾਰ ਦੇ ਮੁਤਾਬਕ ਕਿਸੇ ਵੀ ਸਵਾਲ ਉੱਤੇ ਮਤੇ ਹੋ ਸਕਦਾ ਹੈ ਅਤੇ ਸਿਰਲੇਖ ਨੰਬਰ ਪੰਜ ਮੁਤਾਬਿਕ ਸਥਾਨਕ ਗੁਰ ਸੰਗਤ ਦੇ ਫੈਸਲੇ ਦੀ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਪਾਸ ਹੋ ਸਕਦੀ ਹੈ ਨਾ ਕਿ ਵੱਖਰਾ ਹੁਕਮ ਜਾਰੀ ਕੀਤਾ ਜਾ ਸਕਦਾ ਹੈ।