ਸ਼ਿਲਾਂਗ 'ਚ ਨਹੀਂ ਬਦਲੇ ਸਿੱਖਾਂ ਦੇ ਹਾਲਾਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਦੇ ਹਾਲਾਤ ਤੇ ਉਥੇ ਵਸਦੇ ਸਿੱਖ ਇਸ ਸਮੇ ਦੋਰਾਹੇ ਤੇ ਖੜੇ ਹਨ। ਸ਼ਿਲਾਂਗ ਵਿਚ ਖ਼ਾਸੀ ਭਾਈਚਾਰੇ ਦੇ ਲੋਕ ਕਰੀਬ 150 ਸਾਲ...

Situation In Shillong

ਤਰਨਤਾਰਨ, ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਦੇ ਹਾਲਾਤ ਤੇ ਉਥੇ ਵਸਦੇ ਸਿੱਖ ਇਸ ਸਮੇ ਦੋਰਾਹੇ ਤੇ ਖੜੇ ਹਨ। ਸ਼ਿਲਾਂਗ ਵਿਚ ਖ਼ਾਸੀ ਭਾਈਚਾਰੇ ਦੇ ਲੋਕ ਕਰੀਬ 150 ਸਾਲ ਤੋਂ ਰਹਿ ਰਹੇ ਸਿੱਖਾਂ ਨਾਲ ਦੁਸ਼ਮਣ ਵਾਲਾ ਵਤੀਰਾ ਅਖ਼ਤਿਆਰ ਕਰੀ ਬੈਠੇ ਹਨ। ਸ਼ਿਲਾਂਗ ਦੇ ਸਿੱਖਾਂ ਨੂੰ ਇਸ ਗੱਲ ਦਾ ਵੀ ਦੁਖ ਹੈ ਕਿ ਸਿੱਖ ਆਗੂ ਇਸ ਦੁਖ ਦੀ ਘੜੀ ਵਿਚ ਸ਼ਿਲਾਂਗ ਤਾਂ ਆਉਂਦੇ ਹਨ ਪਰ ਉਥੋਂ ਦੇ ਮੁੱਖ ਮੰਤਰੀ ਕੋਨਾਰ ਸੰਗਮਾ ਤੇ ਗ੍ਰਹਿ ਮੰਤਰੀ ਜੇਮਸ ਸੰਗਮਾ ਨਾਲ ਗੱਲ ਕਰ ਕੇ, ਚਾਹ ਪੀ ਕੇ, ਬਿਆਨ ਦੇ ਕੇ ਤੁਰ ਜਾਂਦੇ ਹਨ। ਉਨ੍ਹਾਂ ਦੇ ਹਾਲਾਤ ਅੱਜ ਵੀ ਉਹੀ ਹਨ। 

ਸ਼ਿਲਾਂਗ ਤੋਂ ਗੱਲ ਕਰਦਿਆਂ ਸਥਾਨਕ ਨਿਵਾਸੀ ਮਨਜੀਤ ਸਿੰਘ ਨੇ ਦਸਿਆ ਕਿ ਸਿੱਖਾਂ ਨੇ ਮਿਹਨਤ ਕਰ ਕੇ ਸਮਾਜ ਵਿਚ ਅਪਣਾ ਸਥਾਨ ਬਣਾਇਆ। ਸਿੱਖ ਜਿਥੇ ਵੀ ਵਸਦੇ ਹਨ, ਅਪਣੇ ਘਰ ਤੋਂ ਪਹਿਲਾਂ ਗੁਰੂ ਘਰ ਦੀ ਆਲੀਸ਼ਾਨ ਇਮਾਰਤ ਬਣਾ ਕੇ ਫਿਰ ਅਪਣੇ ਘਰਾਂ ਵਲ ਧਿਆਨ ਦਿੰਦੇ ਹਨ। ਇਥੇ ਵੀ ਇਹ ਹੀ ਹੋਇਆ। ਗੁਰੂ ਘਰ ਦੀ ਪੁਰਾਣੀ ਇਮਾਰਤ ਢਾਹ ਕੇ ਨਵੀਂ ਇਮਾਰਤ ਤਿਆਰ ਕੀਤੀ ਗਈ। ਇਸ ਇਮਾਰਤ ਦੇ ਸਾਹਮਣੇ ਸਿੱਖ ਕਾਲੋਨੀ ਹੈ ਜਿਥੇ ਜ਼ਮੀਨ ਦੀ ਕੀਮਤ ਅੱਜ ਅਸਮਾਨ ਨੂੰ ਛੂ ਰਹੀ ਹੈ। ਬੱਸ, ਇਹ ਹੀ ਸਾਰੀ ਸਮੱਸਿਆ ਦੀ ਜੜ ਹੈ।

ਖ਼ਾਸੀ ਭਾਈਚਾਰੇ ਦੇ ਲੋਕ ਚਾਹੁੰਦੇ ਹਨ ਕਿ ਸਿੱਖ ਇਸ ਥਾਂ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਣ ਤਾਕਿ ਉਸ ਜ਼ਮੀਨ ਦੀ ਕੀਮਤ ਜੋ ਸੋਨੇ ਦੇ ਭਾਅ ਹੈ, ਵਸੂਲੀ ਜਾ ਸਕੇ ਜਦਕਿ ਸਿੱਖ ਇਸ ਥਾਂ ਨੂੰ ਕਿਸੇ ਕੀਮਤ ਤੇ ਛੱਡਣ ਲਈ ਤਿਆਰ ਨਹੀਂ ਹਨ। ਮਨਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਤੇ ਕੇਂਦਰ ਸਰਕਾਰ ਵਲੋਂ ਸਾਡੀ ਕੋਈ ਮਦਦ ਨਹੀਂ ਕੀਤੀ ਜਾ ਰਹੀ।

ਬਸ, ਅਸੀਂ ਅਪਣੇ ਬਲਬੂਤੇ 'ਤੇ ਹੀ ਲੜਾਈ ਲੜ ਰਹੇ ਹਾਂ। ਰਾਜ ਵਿਚ 3 ਪਾਰਟੀਆਂ ਦੀ ਗਠਜੋੜ ਸਰਕਾਰ ਹੈ ਜਿਸ ਵਿਚ ਨੈਸ਼ਨਲ ਪੀਪਲਜ਼ ਪਾਰਟੀ, ਯੂਨਾਈਟਡ ਡੈਮੋਕ੍ਰੇਟਿਵ ਪਾਰਟੀ ਅਤੇ ਪਬਲਿਕ ਡੈਮੋਕ੍ਰੇਟਿਵ ਪਾਰਟੀ ਦੀ ਸਾਂਝੀ ਸਰਕਾਰ ਹੈ। ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਆਪਸ ਵਿਚ ਭਰਾ ਹਨ ਜਿਨ੍ਹਾਂ ਨੂੰ ਸਿੱਖ ਲੀਡਰ ਮਿਲ ਕੇ ਸ਼ਾਂਤੀ ਕਮੇਟੀਆਂ ਬਣਾਉਣ ਦਾ ਵਾਅਦਾ ਲੈ ਕੇ ਚਲੇ ਜਾਂਦੇ ਹਨ ਪਰ ਇਕ ਉਚ ਪਧਰੀ ਕਮੇਟੀ ਜਿਸ ਦੀ ਅਗਵਾਈ ਉਪ ਮੁੱਖ ਮੰਤਰੀ ਪ੍ਰਿਸਟਨ ਪਿੰਗ ਸੌਂਗ ਕਰ ਰਹੇ ਹਨ, ਵਲ ਕੋਈ ਧਿਆਨ ਨਹੀਂ ਦਿੰਦਾ।