ਗੁਰਦਵਾਰੇ ਵਿਚ ਭਾਰੀ ਤਾਦਾਦ ’ਚ ਪੁੱਜੇ ਪਾਵਨ ਗੁਟਕਿਆਂ ’ਚ ਗੁਰਬਾਣੀ ਨਾਲ ਛੇੜਛਾੜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਟਕਿਆਂ ਵਿਚ ਹਵਨ ਤੇ ਹਵਨ ਸਮਗਰੀ ਦਾ ਵੇਰਵਾ, ਪ੍ਰਬੰਧਕਾਂ ਨੇ ਖ਼ੁਦ ਮੰਨਿਆ ਕਿ ਸੰਪਰਦਾਈਆਂ ਵਾਲੇ ਗੁਟਕੇ ਕੀਤੇ ਗਏ ਵਾਪਸ

Gutka Sahib

ਕੋਟਕਪੂਰਾ, 21 ਜੁਲਾਈ (ਗੁਰਿੰਦਰ ਸਿੰਘ) : ਜ਼ਿਲ੍ਹੇ ਦੇ ਕਸਬੇ ਬਾਜਾਖ਼ਾਨਾ ਦੇ ਗੁਰਦਵਾਰਾ ਸਾਹਿਬ ’ਚ ਸੰਪਰਦਾਈਆਂ ਵਲੋਂ ਛਾਪੇ ਜਾਂ ਛਪਵਾਏ ਗੁਰਬਾਣੀ ਦੇ ਪਾਵਨ ਗੁਟਕਿਆਂ ਦੇ ਪੁੱਜਣ ਨੂੰ ਲੈ ਕੇ ਵਿਵਾਦ ਖੜਾ ਹੋਣਾ ਸੁਭਾਵਕ ਹੈ, ਕਿਉਂਕਿ ਉਕਤ ਗੁਟਕਿਆਂ ਉਪਰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਚੁਨੌਤੀ ਦੇਣ ਵਾਲੀਆਂ ਸਤਰਾਂ ਦੇਖ ਕੇ ਗੁਰਦਵਾਰਾ ਸਾਹਿਬ ਦੇ ਪ੍ਰਬੰਧਕ ਤੇ ਸ਼ਰਧਾਲੂ ਵੀ ਹੈਰਾਨ ਰਹਿ ਗਏ। 

ਉਨ੍ਹਾਂ ਇਕ ਵੀਡੀਉ ਜਾਰੀ ਕਰ ਕੇ ਖ਼ੁਦ ਦਸਿਆ ਕਿ ਭਾਈ ਚਤਰ ਸਿੰਘ, ਜੀਵਨ ਸਿੰਘ ਅੰਮ੍ਰਿਤਸਰ ਵਲੋਂ ਪ੍ਰਕਾਸ਼ਤ ਸਾਰੇ ਪਾਵਨ ਗੁਟਕਿਆਂ ’ਚ ਵਿਵਾਦਤ ਸ਼ਬਦਾਵਲੀ ਸੰਗਤਾਂ ’ਚ ਦੁਬਿਧਾ ਖੜੀ ਕਰਨ ਦੀ ਇਕ ਚਾਲ ਜਾਂ ਸਾਜ਼ਸ਼ ਮੰਨੀ ਜਾ ਸਕਦੀ ਹੈ। ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਜਨਤਕ ਕੀਤੀ ਵੀਡੀਉ ਮੁਤਾਬਕ ਗੁਰਦਵਾਰਾ ਆਨੰਦਗੜ੍ਹ ਸਾਹਿਬ ਬਾਜਾਖ਼ਾਨਾ ਵਿਖੇ ਪੁੱਜੇ ਗੁਟਕਾ ਸਾਹਿਬ ਨੂੰ ਜਦ ਖੋਲ੍ਹ ਕੇ ਪੜਿ੍ਹਆ ਗਿਆ ਤਾਂ ਉਨ੍ਹਾਂ ਉਪਰ ਲਿਖਿਆ ਨਾਮ ਸ਼੍ਰੋਮਣੀ ਕਮੇਟੀ ਤੋਂ ਪ੍ਰਕਾਸ਼ਤ ਗੁਟਕਿਆਂ ਨਾਲ ਮੇਲ ਨਹੀਂ ਸੀ ਖਾਂਦਾ।

ਜਿਵੇਂ ਕਿ ਇਕ ਗੁਟਕਾ ਸਾਹਿਬ ’ਤੇ ਸੁਖਮਨੀ ਸਾਹਿਬ ਦੀ ਥਾਂ ‘ਸੁਖਮਨਾ ਸਾਹਿਬ’, ਦੂਜੇ ਗੁਟਕੇ ’ਤੇ ਸ੍ਰੀ ਗੁਰੂ ਰਾਮ ਸਿੰਘ ਜੀ ਸਹਾਏ ਲਿਖਿਆ ਹੋਇਆ ਸੀ। ਜਦ ਪ੍ਰਬੰਧਕਾਂ ਨੇ ਸ਼ੱਕ ਪੈਣ ’ਤੇ ਗੁਟਕਿਆਂ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ’ਚ ਲਿਖੀਆਂ ਤੁਕਾਂ ਗੁਰੂ ਅਰਜਨ ਦੇਵ ਜੀ ਦੇ ਫ਼ਲਸਫ਼ੇ ਨਾਲ ਮੇਲ ਨਹੀਂ ਸਨ ਖਾਂਦੀਆਂ, ਕਿਉਂਕਿ ਨਾਨਕਸਰ, ਨਾਮਧਾਰੀ ਅਤੇ ਭੁੱਚੋ ਮੰਡੀ ਵਾਲਿਆਂ ਡੇਰਿਆਂ ਨਾਲ ਸਬੰਧਤ ਉਕਤ ਗੁਟਕਿਆਂ ’ਚ ਹਵਨ ਦੀ ਬਾਣੀ, ਹਵਨ ਸਮੱਗਰੀ ਅਤੇ ਅੰਮ੍ਰਿਤ ਦੀ ਬਾਣੀ ਬਾਰੇ ਵੀ ਪੜ੍ਹ ਕੇ ਹਰ ਗੁਰੂ ਨਾਨਕ ਨਾਮਲੇਵਾ ਪ੍ਰ੍ਰਾਣੀ ਦਾ ਹਿਰਦਾ ਵਲੂੰਧਰਿਆ ਜਾਣਾ ਸੁਭਾਵਿਕ ਸੀ ਕਿਉਂਕਿ ਉਕਤ ਅੰਧ-ਵਿਸ਼ਵਾਸ, ਵਹਿਮ-ਭਰਮ ਅਤੇ ਕਰਮ-ਕਾਂਡਾਂ ਦਾ ਗੁਰੂ ਸਾਹਿਬਾਨ ਵਲੋਂ ਸਰਲ ਭਾਸ਼ਾ ’ਚ ਦਲੀਲਾਂ ਨਾਲ ਖੰਡਨ ਕੀਤਾ ਗਿਆ ਹੈ।

 

ਇਲਾਕੇ ਭਰ ਦੀਆਂ ਸੰਗਤਾਂ ਨੇ ਇਸ ਨੂੰ ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਮੰਨਦਿਆਂ ਦੋਸ਼ ਲਾਇਆ ਕਿ ਜੇਕਰ ਸਾਡੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਹੀ ਇਸ ਪਾਸੇ ਧਿਆਨ ਨਹੀਂ ਦੇਵੇਗੀ ਤਾਂ ਸੰਪਰਦਾਈ ਤਾਕਤਾਂ ਵਲੋਂ ਗੁਰਬਾਣੀ ਫ਼ਲਸਫ਼ੇ ’ਤੇ ਹਮਲੇ ਜਾਰੀ ਰਹਿਣਗੇ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰੀਤਮ ਸਿੰਘ ਨੇ ਮੰਨਿਆ ਕਿ ਉਨ੍ਹਾਂ ਖ਼ੁਦ ਅਪਣੇ ਕਿਸੇ ਜਾਣੂ ਤੋਂ ਉਕਤ ਗੁਟਕਾ ਸਾਹਿਬ ਮੰਗਵਾਏ ਸਨ ਪਰ ਸੰਪਰਦਾਈਆਂ ਵਲੋਂ ਪ੍ਰਕਾਸ਼ਤ ਕਰਵਾਏ ਗਏ ਗੁਟਕੇ ਉਨ੍ਹਾਂ ਵਾਪਸ ਕਰ ਦਿਤੇ। 

ਉਘੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਆਖਿਆ ਕਿ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਫਿਰ ਗਿਆਨੀ ਗੁਰਬਚਨ ਸਿੰਘ ਨੇ ਬਿਨਾਂ ਕੋਈ ਪੜਤਾਲ ਕੀਤਿਆਂ ਕੱੁਝ ਅਜਿਹੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਇਕੱਤਰ ਕਰ ਕੇ ਉਨ੍ਹਾਂ ਦਾ ਸਸਕਾਰ ਜਾਂ ਜਲ ਪ੍ਰਵਾਹ ਕਰਨ ਦੀ ਇਜਾਜ਼ਤ ਦੇ ਰੱਖੀ ਸੀ।

ਉਨ੍ਹਾਂ ਦੋਸ਼ ਲਾਇਆ ਕਿ ਦੁਸ਼ਮਣ ਤਾਕਤਾਂ ਨੇ ਤਖ਼ਤਾਂ ਦੇ ਜਥੇਦਾਰਾਂ ਦੀ ਅਣਗਹਿਲੀ ਜਾਂ ਮਿਲੀਭੁਗਤ ਨਾਲ ਅਜਿਹੇ ਹਜ਼ਾਰਾਂ ਪੁਰਾਤਨ ਸਰੂਪ ਪਤਾ ਹੀ ਨਹੀਂ ਕਿਧਰ ਗੁੰਮ ਕਰ ਦਿਤੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਜਥੇਦਾਰ ਮੱਖਣ ਸਿੰਘ ਨੰਗਲ ਨੇ ਆਖਿਆ ਕਿ ਗੁਰੂ ਸਾਹਿਬ ਨੇ ਮਾਮੂਲੀ ਗ਼ਲਤੀ ਦੇ ਬਦਲੇ ਧੀਰ ਮੱਲੀਆਂ ਤੇ ਰਾਮ ਰਾਈਆਂ ਨੂੰ ਪੰਥ ’ਚੋਂ ਖ਼ਾਰਜ ਕੀਤਾ ਸੀ ਪਰ ਹੁਣ ਗੁਰਬਾਣੀ ਨਾਲ ਛੇੜਛਾੜ ਨੂੰ ਅਕਾਲੀ ਦਲ ਟਕਸਾਲੀ ਬਰਦਾਸ਼ਤ ਨਹੀਂ ਕਰੇਗਾ।