ਪਾਕਿਸਤਾਨ ’ਚ ਸਿੱਖ ਲੜਕੀ ਨੂੰ ਅਗ਼ਵਾ ਕਰਨ ਦਾ ਮਾਮਲਾ: ਸਿੱਖ ਆਗੂਆਂ ਨੇ ਵਿਦੇਸ਼ ਮੰਤਰਾਲੇ ਨੂੰ ਸੌਂਪਿਆ ਮੰਗ ਪੱਤਰ
DSGMC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮਨਜਿੰਦਰ ਸਿਰਸਾ ਤੋਂ ਇਲਾਵਾ ਹੋਰ ਸਿੱਖ ਆਗੂ ਵੀ ਰਹੇ ਮੌਜੂਦ
ਨਵੀਂ ਦਿੱਲੀ : ਪਾਕਿਸਤਾਨ ਦੇ ਪੀਰ ਬਾਬਾ ਖ਼ੈਬਰ ਪਖ਼ਤੂਨਖਵਾ ਸੂਬੇ 'ਚ ਸਿੱਖ ਅਧਿਆਪਕਾ ਦੀਨਾ ਕੌਰ ਦੇ ਅਗਵਾ ਅਤੇ ਜਬਰੀ ਵਿਆਹ ਦੇ ਮਾਮਲੇ ਵਿਚ ਸਿੱਖ ਆਗੂਆਂ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਮੰਗ ਪੱਤਰ ਸੌਂਪਿਆ ਹੈ। ਮਨਜਿੰਦਰ ਸਿੰਘ ਸਿਰਸਾ, ਡੀ.ਐਸ.ਜੀ.ਐਮ.ਸੀ. ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਮੇਤ ਹੋਰ ਸਿੱਖ ਆਗੂਆਂ ਨੇ ਇਹ ਮਸਲਾ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਅਪੀਲ ਕੀਤੀ ਹੈ ਕਿ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਚੁੱਕਿਆ ਜਾਵੇ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਰਿਹਾਈ ਯਕੀਨੀ ਬਣਾਈ ਜਾ ਸਕੇ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦੀਨਾ ਕੌਰ ਨੂੰ ਸ਼ਨੀਵਾਰ ਨੂੰ ਪੀਰ ਬਾਬਾ ਖ਼ੈਬਰ ਪਖ਼ਤੂਨਖਵਾ ਸੂਬੇ ਤੋਂ ਅਗ਼ਵਾ ਕਰ ਲਿਆ ਗਿਆ ਸੀ ਅਤੇ ਜਦੋਂ ਉਸ ਨੇ ਪੁਲਿਸ ਕੋਲ ਪਹੁੰਚ ਕੀਤੀ ਤਾਂ ਪੁਲਿਸ ਨੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਦੀਨਾ ਕੌਰ ਦੇ ਮਾਪਿਆਂ ਨੇ ਜਨਤਕ ਤੌਰ 'ਤੇ ਇਹ ਮੁੱਦਾ ਚੁੱਕਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਦੀਨਾ ਕੌਰ ਨੇ ਇਸਲਾਮ ਕਬੂਲ ਕਰ ਲਿਆ ਹੈ ਅਤੇ ਉਸ ਦਾ ਵਿਆਹ ਕਰ ਦਿੱਤਾ ਗਿਆ ਹੈ।
ਸਿਰਸਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖ, ਹਿੰਦੂ ਅਤੇ ਹੋਰ ਭਾਈਚਾਰਿਆਂ ਦੀਆਂ ਲੜਕੀਆਂ ਨੂੰ ਅਗ਼ਵਾ ਕਰਨਾ, ਧਰਮ ਪਰਿਵਰਤਨ ਕਰਨਾ ਅਤੇ ਫਿਰ ਉਨ੍ਹਾਂ ਨਾਲ ਵਿਆਹ ਕਰਵਾਉਣਾ ਇੱਕ ਆਮ ਵਰਤਾਰਾ ਬਣ ਗਿਆ ਹੈ। ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਇਹ ਤਰਸਯੋਗ ਹਾਲਤ ਹੈ। ਅਜਿਹੇ ਜ਼ਿਆਦਾਤਰ ਮਾਮਲਿਆਂ 'ਚ ਪੁਲਿਸ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਚੁੱਪ ਰਹਿਣ ਲਈ ਕਹਿੰਦੀ ਹੈ ਅਤੇ ਦੀਨਾ ਕੌਰ ਦੇ ਮਾਮਲੇ 'ਚ ਵੀ ਅਜਿਹਾ ਹੀ ਹੋਇਆ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਟੈਗ ਕਰ ਕੇ ਟਵੀਟ ਕੀਤਾ ਸੀ ਅਤੇ ਇਹ ਮੁੱਦਾ ਵੀ ਚੁੱਕਿਆ ਸੀ ਪਰ ਪਾਕਿਸਤਾਨ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਦੇ ਪਹਿਲਾਂ ਕੀਤੇ ਟਵੀਟ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਸਿਰਸਾ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਇਹ ਮਾਮਲਾ ਤੁਰੰਤ ਆਪਣੇ ਪਾਕਿਸਤਾਨੀ ਹਮਰੁਤਬਾ ਕੋਲ ਚੁੱਕਣ ਦੀ ਅਪੀਲ ਕੀਤੀ। ਸਿਰਸਾ ਨੇ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਦੀਨਾ ਕੌਰ ਨੂੰ ਸਹੀ ਸਲਾਮਤ ਉਨ੍ਹਾਂ ਕੋਲ ਵਾਪਸ ਭੇਜਿਆ ਜਾਵੇ।