ਸ਼੍ਰੋਮਣੀ ਕਮੇਟੀ ਚੋਣਾਂ ਲਈ ਚੌਕਸ ਰਹੇ ਪੰਥਕ ਧਿਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੂਹਰਲੀ ਕਤਾਰ ਦਾ ਆਗੂ ਉਹੀ ਕਹਾਏਗਾ ਜਿਸ 'ਚ ਅਪਣੇ ਦਲ ਜਾਂ ਪਾਰਟੀ ਤੇ ਕੌਮ ਨੂੰ ਵਿਸ਼ਵਾਸ 'ਚ ਲੈ ਕੇ ਚੱਲਣ ਦਾ ਹੁਨਰ ਹੋਵੇਗਾ।

Ranjit Singh Brahmpura - Sukhdev Dhindsa

ਮੁੱਖ ਮੁੱਦੇ ਤੋਂ ਥਿੜਕ ਜਾਣਾ ਨਿਸ਼ਾਨੇ ਦੀ ਪੂਰਤੀ ਨਹੀਂ ਹੋਣ ਦਿੰਦਾ, ਮੱਛੀ ਦੀ ਅੱਖ 'ਚ ਨਿਸ਼ਾਨਾ ਲਾਉਣ ਵਾਲਾ ਸਿਰਫ਼ ਉਸ ਦੀ ਅੱਖ ਨੂੰ ਵੇਖਦਾ ਰਿਹਾ। ਆਖ਼ਰ ਮੌਕਾ ਆਉਣ 'ਤੇ ਸਹੀ ਨਿਸ਼ਾਨਾ ਲਾ ਕੇ ਦੁਨੀਆਂ ਲਈ ਇਕ ਉਦਾਹਰਣ ਪੈਦਾ ਕਰ ਗਿਆ, ਜਿਸ ਦੀ ਅੱਜ ਵੀ ਮਿਸਾਲ ਦਿਤੀ ਜਾਂਦੀ ਹੈ। ਕਿਸੇ ਵੀ ਟੀਚੇ ਨੂੰ ਪੂਰਨ ਲਈ ਉਸ ਪ੍ਰਤੀ ਇਮਾਨਦਾਰ ਸੋਚ ਦਾ ਹੋਣਾ ਬੇਹੱਦ ਵੱਡੇ ਮਾਇਨੇ ਰਖਦਾ ਹੈ।

ਸਿਆਸਤਦਾਨ ਸਵਾਰਥੀ ਜਾਂ ਭ੍ਰਿਸ਼ਟ ਹੋ ਸਕਦਾ ਹੈ ਪਰ ਉਸ ਦੀ ਜਿੱਤ ਉਸ ਦੇ ਨਿਸ਼ਾਨੇ ਪ੍ਰਤੀ ਇਮਾਨਦਾਰ ਅਤੇ ਸਤਰਕ ਰਹਿਣ ਨਾਲ ਹੀ ਹੁੰਦੀ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਫਸਵੀਂ ਟੱਕਰ 'ਚ ਅਪਣੇ ਵਿਰੋਧੀ ਤੋਂ ਨਾ ਹਾਰਦਾ, ਜੇਕਰ ਉਹ ਅਪਣੇ ਰਾਜ ਕਾਲ ਸਮੇਂ ਅਮਰੀਕੀ ਲੋਕਾਂ ਦੀ ਭਲਾਈ ਅਤੇ ਆਮਦਨ ਵਧਾਉਣ ਵਲ ਧਿਆਨ ਦਿੰਦਾ। ਮੂਹਰਲੀ ਕਤਾਰ ਦਾ ਆਗੂ ਉਹੀ ਕਹਾਏਗਾ ਜਿਸ 'ਚ ਅਪਣੇ ਦਲ ਜਾਂ ਪਾਰਟੀ ਤੇ ਕੌਮ ਨੂੰ ਵਿਸ਼ਵਾਸ 'ਚ ਲੈ ਕੇ ਚੱਲਣ ਦਾ ਹੁਨਰ ਹੋਵੇਗਾ।

ਮੌਜੂਦਾ ਹਾਲਾਤ 'ਚ ਪੰਜਾਬ ਵਿਚ ਸ਼੍ਰੋਮਣੀ ਕਮੇਟੀ ਚੋਣਾਂ ਨੁੰੰ ਲੈ ਕੇ ਬਾਦਲ ਦਲ ਤੋਂ ਉਲਟ ਪੰਥਕ ਆਗੂ ਇਕ ਮੰਚ ਦੇ ਆਉਂਦੇ ਵਿਖਾਈ ਦੇ ਰਹੇ ਹਨ। ਇਹ ਪੰਥਕ ਸਫ਼ਾਂ ਲਈ ਖ਼ੁਸ਼ੀ ਦੀ ਗੱਲ ਹੈ। ਲੜਾਈ ਲੰਮੀ ਹੈ ਪਰ ਅਸੰਭਵ ਕੁੱਝ ਵੀ ਨਹੀ। ਇਸ ਤੋਂ ਪਹਿਲਾਂ ਵੀ ਸੁਝਾਅ ਦੇ ਤੌਰ 'ਤੇ ਮੈਂ ਕੁੱਝ ਸ਼ਬਦ ਲਿਖੇ ਸਨ ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਕਈ ਪੰਥਕ ਆਗੂ ਅਤੇ ਪਾਠਕ ਨਿਰਾਸ਼ ਹੋਏ ਅਤੇ ਕਹਿਣ ਲੱਗੇ ਕਿ ਤੁਸੀ ਪੰਥਕ ਧਿਰਾਂ ਦੇ ਸਬੰਧ 'ਚ ਕਾਫ਼ੀ ਕੁੱਝ ਸਿੱਧਾ ਹੀ ਲਿਖ ਦਿਤਾ।

ਅਸਲ ਵਿਚ ਲਿਖਣਾ ਉਹੀ ਚਾਹੀਦਾ ਹੈ, ਜਿਸ ਨੂੰ ਪੜ੍ਹਨ ਨਾਲ ਕਿਸੇ ਨੂੰ ਕੋਈ ਥੋੜੀ ਬਹੁਤੀ ਸੇਧ ਜਾਂ ਸਮਝ ਮਿਲਦੀ ਹੋਵੇ, ਬਾਕੀ ਸ਼ਾਇਦ ਸਾਰੇ ਹੀ ਮੇਰੇ ਨਾਲੋਂ ਸਮਝਦਾਰ ਨੇ। ਖ਼ੈਰ! ਪੰਥਕ ਪ੍ਰਸ਼ਾਸਨ ਸ਼੍ਰੋਮਣੀ ਕਮੇਟੀ ਦੇ ਜ਼ਰੀਏ ਪੰਥਕ ਧਿਰਾਂ ਹੱਥ ਆਵੇ, ਫ਼ਿਲਹਾਲ ਇਹੀ ਕੋਸ਼ਿਸ਼ ਹੈ, ਜਿਸ ਨੂੰ ਪੂਰਨ ਲਈ ਘਾਗ ਸਿਆਸਤਦਾਨ ਅਤੇ ਸਾਬਕਾ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸ. ਰਵੀ ਇੰਦਰ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ ਅਤੇ ਨਿਰੋਲ ਪੰਥਕ ਸ਼ਖ਼ਸੀਅਤ ਭਾਈ ਰਣਜੀਤ ਸਿੰਘ ਪਿਛਲੇ ਦਿਨੀਂ ਇਕ ਮੰਚ 'ਤੇ ਇਕੱਠੇ ਵੇਖੇ ਗਏ, ਜਿਸ ਦਾ ਪੰਥਕ ਹਲਕਿਆਂ 'ਚ ਭਰਵਾਂ ਸਵਾਗਤ ਕੀਤਾ ਗਿਆ।

ਇਕੱਠੇ ਹੋ ਜਾਣਾ ਵੱਡੀ ਗੱਲ ਹੈ ਪਰ ਉਸ ਤੋਂ ਵੀ ਵੱਡੀ ਗੱਲ ਹੈ ਮਕਸਦ ਦੀ ਜਿੱਤ ਲਈ ਰਣਨੀਤੀ ਉਲੀਕਣੀ। ਸ. ਸੁਖਦੇਵ ਸਿੰਘ ਢੀਂਡਸਾ ਦਾ ਸਿਆਸੀ ਤਜਰਬਾ ਇਸ ਪੰਥਕ ਫ਼ਰੰਟ ਨੂੰ ਕਾਫ਼ੀ ਤਾਕਤ ਦੇ ਸਕਦਾ ਹੈ। ਉਨ੍ਹਾਂ ਦਾ ਲੰਮਾ ਅਤੇ ਸਫ਼ਲ ਸਿਆਸੀ ਤਜਰਬਾ ਇਹ ਬਾਜ਼ੀ ਜਿਤਾ ਸਕਦਾ ਹੈ। ਜਥੇਦਾਰ ਭਾਈ ਰਣਜੀਤ ਸਿੰਘ ਦੀ ਨਿਰੋਲ ਪੰਥਕ ਸ਼ਖ਼ਸੀਅਤ ਇਸ ਫ਼ਰੰਟ ਨੂੰ ਪੂਰੀ ਤਰ੍ਹਾਂ ਪੰਥਕ ਬਣਾਉਂਦੀ ਹੈ, ਜਿਸ ਦਾ ਇਸ ਪੰਥਕ ਫ਼ਰੰਟ ਨੂੰ ਸਿੱਧਾ ਫ਼ਾਇਦਾ ਹੋਵੇਗਾ।

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸ. ਰਵੀ ਇੰਦਰ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਦੀ ਸ਼ਮੂਲੀਅਤ ਟੀਚਾ ਪੂਰਨ 'ਚ ਕਾਫ਼ੀ ਸਹਾਈ ਹੋਵੇਗੀ। ਬੇਸ਼ੱਕ ਸਾਰੇ ਹੀ ਪੰਥਕ ਆਗੂ ਸਿਆਸੀ ਤਜਰਬੇ ਪੱਖਂੋ 'ਬਾਬਾ ਬੋਹੜ ਨੇ' ਪਰ ਪੰਥਕ ਧੜੇ ਲਈ ਮੈਂ ਅਪਣੇ ਮਨ ਦੇ ਕੁੱਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ। ਸੱਭ ਤੋਂ ਪਹਿਲਾਂ ਇਹ ਧਿਆਨ ਰਖਣਾ ਹੋਵੇਗਾ ਕਿ ਜਿਸ ਉਮੀਦਵਾਰ ਨੂੰ ਜਿਥੋਂ ਚੋਣ ਲੜਾਉਣੀ ਹੈ ਉਸ ਦਾ ਐਲਾਨ ਜਲਦੀ ਕਰਨਾ ਹੋਵੇਗਾ, ਤਾਂ ਜੋ ਉਮੀਦਵਾਰ ਨੂੰ ਪਤਾ ਹੋਵੇ ਕਿ ਉਸ ਨੇ ਚੋਣ ਕਿਥੋਂ ਲੜਨੀ ਹੈ? ਇਸ ਨਾਲ ਐਨ ਸਮੇਂ 'ਤੇ ਟਿਕਟਾਂ ਦੀ ਖਿਚੋਤਾਣ ਘਟੇਗੀ।

ਦੂਜਾ ਕਿਸੇ ਵੀ ਉਮੀਦਵਾਰ ਨੂੰ ਟਿਕਟ ਦੇਣ ਦਾ ਝੂਠਾ ਲਾਰਾ ਲਾ ਕੇ ਉਸ ਤੋਂ ਕੰਮ ਲੈਣ ਦੇ ਮਕਸਦ ਸਬੰਧੀ ਉਸ ਨਾਲ ਵਿਸ਼ਵਾਸ਼ਘਾਤ ਨਾ ਕੀਤਾ ਜਾਵੇ। ਅਜਿਹਾ ਕਰਨ ਦੀ ਸਥਿਤੀ 'ਚ ਨਿਰਾਸ਼ ਹੋਏ ਉਮੀਦਵਾਰ ਕੁੱਝ ਵੀ ਕਰ ਸਕਣ ਦੀ ਤਾਕਤ 'ਚ ਆ ਜਾਂਦੇ ਹਨ, ਜਿਸ ਦੀ ਪ੍ਰਤੱਖ ਉਦਾਹਰਣ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਹੈ। ਉਸ ਸਮੇਂ ਮੈਨੂੰ ਯਾਦ ਹੈ ਕਿ ਮੈਂ ਆਮ ਆਦਮੀ ਪਾਰਟੀ ਦੇ ਇਕ ਆਗੂ ਨਾਲ ਗੱਲ ਕੀਤੀ ਕਿ ਇਕ ਇਕ ਸੀਟ 'ਤੇ ਟਿਕਟਾਂ ਮੰਗਣ ਵਾਲੇ ਉਮੀਦਵਾਰ ਕਈ ਹਨ ਪਰ ਪਾਰਟੀ ਸੱਭ ਨੂੰ ਹੀ ਟਿਕਟ ਦਾ ਲਾਰਾ ਲਾ ਕੇ ਅਪਣੇ ਨਾਲ ਲਾਈ ਫਿਰਦੀ ਹੈ।

ਕੀ ਇਸ ਦਾ ਨੁਕਸਾਨ ਨਹੀਂ ਹੋਵੇਗਾ? ਉਸ ਨੇ ਕਿਹਾ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ। ਪਾਰਟੀ ਦਾ ਪ੍ਰਚਾਰ ਮੁਫ਼ਤ 'ਚ ਹੀ ਐਨੇ ਜਣੇ ਕਰ ਰਹੇ ਹੋਣ, ਹੋਰ ਕੀ ਚਾਹੀਦੈ? ਉਸ ਨੇ ਕਿਹਾ ਕਿ ਇਸ ਤਰ੍ਹਾਂ ਸਾਰਿਆਂ ਨੂੰ ਹੀ ਲਾਲਚ ਵਸ ਕੰਮ ਲਾਈ ਰੱਖੋ। ਮੈਂ ਉਸ ਦੀ ਗੱਲ ਤਾਂ ਸੁਣ ਲਈ ਪਰ ਉਸ ਨਾਲ ਸਹਿਮਤ ਨਾ ਹੋਇਆ। ਆਖ਼ਰ ਉਹੀ ਹੋਇਆ, ਟਿਕਟਾਂ ਨਾ ਮਿਲਣ ਵਾਲਿਆਂ ਨੇ ਇਨ੍ਹਾਂ ਨੂੰ ਦਿਨੇ ਤਾਰੇ ਦਿਖਾ ਦਿਤੇ ਅਤੇ ਆਮ ਆਦਮੀ ਪਾਰਟੀ ਨੂੰ ਮੁੱਧੇ ਮੂੰਹ ਸੁੱਟ ਦਿਤਾ। ਇਸ ਤੋਂ ਬਾਅਦ ਆਪ ਵੀ ਉਹ ਆਗੂ ਬਾਅਦ 'ਚ ਕਈ ਪਾਰਟੀਆਂ ਬਦਲ ਕੇ ਆਖਰ ਘਰ ਬੈਠ ਗਿਆ। ਕਹਿੰਦੇ ਨੇ ਕਿ ਬਹੁਤਾ ਸਿਆਣਾ ਅਤੇ ਚਾਲਾਕ ਬੰਦਾ ਛੇਤੀ ਹੀ ਮਾਰ ਖਾ ਜਾਇਆ ਕਰਦਾ ਹੈ, ਸੋ ਉਹੀ ਹੋਇਆ।

ਬੀ.ਏ ਦੇ ਸਿਲੇਬਸ 'ਚ ਇਤਿਹਾਸ ਦੀ ਕਿਤਾਬ ਦੇ ਪਹਿਲੇ ਪੰਨੇ 'ਤੇ ਲਿਖੇ ਸ਼ਬਦ 'ਇਤਿਹਾਸ ਇਨਸਾਨ ਨੂੰ ਸਿਆਣਾ ਬਣਾਉਂਦਾ ਹੈ' ਮੈਨੂੰ ਕਦੇ ਨਹੀਂ ਭੁੱਲਦੇ। ਇਤਿਹਾਸ ਤੋਂ ਜੇਕਰ ਕੁੱਝ ਸਿਖੀਏ ਹੀ ਨਾ ਫਿਰ ਕਾਹਦੀਆਂ ਸਿਆਣਪਾਂ? ਤੀਜਾ ਵਿਚਾਰ ਮੇਰਾ ਇਹ ਹੈ ਕਿ ਸਾਰੇ ਪੰਥਕ ਨੇਤਾ ਭਾਈ ਰਣਜੀਤ ਸਿੰਘ ਨੂੰ ਅਪਣਾ ਪੰਥਕ ਆਗੂ ਮੰਨਣ ਦਾ ਐਲਾਨ ਕਰਨ। ਇਸ ਨਾਲ ਸੰਗਤ ਨੂੰ ਇਹ ਪਤਾ ਲੱਗ ਜਾਵੇਗਾ ਕਿ ਚੋਣਾਂ ਉਪਰੰਤ ਵਾਗਡੋਰ ਕਿਸ ਆਗੂ ਹੱਥ ਹੋਵੇਗੀ। ਆਖਰੀ ਪਰ ਸੱਭ ਤੋਂ ਅਹਿਮ ਵਿਚਾਰ ਹੈ, ਵੋਟਾਂ ਬਣਾਉਣ ਸਬੰਧੀ।

ਸ਼੍ਰੋਮਣੀ ਕਮੇਟੀ ਚੋਣਾਂ 'ਚ ਅਕਾਲੀ ਦਲ ਦੀਆਂ ਪਿਛਲੀਆਂ ਜਿੱਤਾਂ ਵਲ ਜੇਕਰ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਅਕਾਲੀ ਦਲ ਵੋਟਾਂ ਬਣਾਉਣ ਦੇ ਮਾਮਲੇ 'ਚ ਕਾਫ਼ੀ ਅੱਗੇ ਨਿਕਲ ਜਾਂਦਾ ਹੈ, ਜਿਸ ਦਾ ਸਿੱਧਾ ਨੁਕਸਾਨ ਵਿਰੋਧੀ ਧਿਰਾਂ ਨੂੰ ਹੁੰਦਾ ਹੈ। ਚੋਣਾਂ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਹੋਣ 'ਤੇ ਤੁਰਤ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ, ਜਿਸ ਦੌਰਾਨ ਪੰਥਕ ਫ਼ਰੰਟ ਨੂੰ ਹਿੰਮਤ ਕਰ ਕੇ ਜਿਨ੍ਹਾਂ ਦੀਆਂ ਵੋਟਾਂ ਨਹੀਂ ਬਣੀਆਂ, ਉਹ ਬਣਾਉਣੀਆਂ ਚਾਹਦੀਆਂ ਹਨ। ਇਹ ਉਹ ਕੰਮ ਹੈ ਜਿਸ ਨਾਲ ਸ਼੍ਰੋਮਣੀ ਕਮੇਟੀ ਚੋਣਾਂ 'ਚ ਅਕਸਰ ਜਿੱਤ ਹਾਰ ਤੈਅ ਹੁੰਦੀ ਹੈ। ਉਮੀਦ ਹੈ ਕਿ ਨਵਾਂ ਪੰਥਕ ਮੰਚ ਸਿੱਖਾਂ ਨੂੰ ਇਕ ਨਵਾਂ ਗੁਰਦਵਾਰਾ ਪ੍ਰਬੰਧ ਦੇਵੇਗਾ ਅਤੇ ਪੰਥਕ ਅਸੂਲਾਂ 'ਚ ਆਏ ਨਿਘਾਰ ਨੂੰ ਠੱਲਣ ਲਈ ਨਵੇਂ ਚਿਹਰੇ, ਨਵੇਂ ਉਪਰਾਲੇ ਕਰਨਗੇ ਜਿਸ ਦਾ ਪੰਥ ਅਤੇ ਕੌਮ ਨੂੰ ਵੱਡਾ ਫ਼ਾਇਦਾ ਹੋਵੇਗਾ।

-ਪ੍ਰੋਫੈਸਰ ਧਰਮਜੀਤ ਸਿੰਘ ਜਲਵੇੜਾ,
ਜ਼ਿਲ੍ਹਾ - ਸ਼੍ਰੀ ਫ਼ਤਹਿਗੜ੍ਹ ਸਾਹਿਬ।
ਮੋਬਾਈਲ : 9478460084