ਸ਼ਹੀਦੀ ਸਾਕਾ ਚਮਕੌਰ ਸਾਹਿਬ ਇਕ ਅਭੁੱਲ ਦਾਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

‘ਜਉ ਤਉ ਪ੍ਰੇਮ ਖੇਲਨ ਕਾ ਚਾਉ॥ ਸਿਰ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨਾ ਕੀਜੈ॥’

Battle of Chamkaur

ਬਾਬਾ ਨਾਨਕ ਜੀ ਵਲੋਂ ਉਚਾਰਨ ਕੀਤੀ ਪਾਵਨ ਬਾਣੀ ਦੇ ਵਚਨਾਂ ‘ਜਉ ਤਉ ਪ੍ਰੇਮ ਖੇਲਨ ਕਾ ਚਾਉ॥ ਸਿਰ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨਾ ਕੀਜੈ॥’ ਅਨੁਸਾਰ ਬਾਬਾ ਜੀ ਨੇ ਸਮਕਾਲੀ ਦੌਰ ਵਿਚੋਂ ਗੁਜ਼ਰਦਿਆਂ ਸਿੱਖਾਂ ਨੂੰ ਸਿੱਖੀ ਪ੍ਰੇਮ ਨਾਲ ਸਿੱਖੀ ਲਈ ਕੁਰਬਾਨ ਹੋਣ ਲਈ ਵੀ ਇਕ ਇਨਕਲਾਬੀ ਪ੍ਰੇਰਨਾ ਦਿਤੀ ਤੇ ਇਸੇ ਮਾਰਗ ਤੇ ਚਲਦਿਆਂ ਸਾਰਾ ਹੀ ਸਿੱਖ ਇਤਿਹਾਸ ਬੇਮਿਸਾਲ ਕੁਰਬਾਨੀਆਂ ਭਰੀ ਗਾਥਾ ਹੈ।

ਵੱਡਾ ਘੱਲੂਕਾਰਾ, ਛੋਟਾ ਘੱਲੂਕਾਰਾ, ਖ਼ਾਲਸੇ ਵਲੋਂ ਮੁਗ਼ਲਾਂ ਤੇ ਹੋਰ ਰਾਜਿਆਂ ਨਾਲ ਲੜੀਆਂ ਜੰਗਾਂ, ਚਾਂਦਨੀ ਚੌਕ ਦੇ ਸਮੁੱਚੇ ਕਾਂਡ, ਨਖ਼ਾਸ ਚੌਕ ਲਾਹੌਰ ਕਾਂਡ, ਸਾਕਾ ਦਰਬਾਰ ਸਾਹਿਬ ਸ੍ਰੀ ਅੰੰਮ੍ਰਿਤਸਰ ਸਾਹਿਬ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਕੇ ਇਤਿਹਾਸਕ ਗਵਾਹੀਆਂ ਦਿੰਦੇ ਹਨ। ਤਸੀਹੇ ਤੇ ਤਬਾਹੀਆਂ ਪੱਖੋਂ ਜੇਕਰ ਵੇਖਿਆ ਜਾਵੇ ਸਾਰੇ ਸ਼ਹੀਦਾਂ ਦੀ ਬਹਾਦਰੀ ਭਰੀ ਸ਼ਹਾਦਤ ਅਪਣੀ-ਅਪਣੀ ਵਿਲੱਖਣਤਾ ਪੇਸ਼ ਕਰਦੀ ਹੈ।

ਪਰ  ਆਨੰਦਪੁਰ ਸਾਹਿਬ ਦੀ ਜੰਗ, ਸਰਸਾ ਦੀ ਜੰਗ ਤੋਂ ਪਿੱਛੋਂ ਸਾਕਾ ਸਰਹੰਦ ਤੇ ਸਾਕਾ ਚਮਕੌਰ ਸਾਹਿਬ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿਤਾ, ਕਿਉਂਕਿ ਇਨ੍ਹਾਂ ਸਾਕਿਆਂ ਦੌਰਾਨ ਦਸਮ ਪਿਤਾ ਜੀ ਦੇ ਚਾਰਾਂ ਸ਼ਾਹਿਬਜ਼ਾਦਿਆਂ, ਮਾਤਾ ਗੁਜਰੀ ਜੀ, ਤਿੰਨ ਪਿਆਰੇ ਅਤੇ ਬਹੁਤ ਸਾਰੇ ਸਿਰਕੱਢ ਯੋਧੇ ਮਾਰੇ ਗਏ। ਇਨ੍ਹਾਂ ਸ਼ਹੀਦੀਆਂ ਨੇ ਗੁਰੂ ਜੀ ਨੂੰ ਇਕ ਭਾਂਬੜ ਵਿਚ ਬਦਲ ਦਿਤਾ ਜਿਸ ਬਾਰੇ ‘‘ਗੁਰਬਿਲਾਸ” ਵਿੱਚ ਇੰਜ ਦਰਜ ਹੈ :-
ਜਬ ਸੁਨਿਓ ਭੇਦ ਤੁੁਰਕਾਨ ਕਾਨ।
ਇਹ ਚਾਰ ਖਚਰ ਮੂਹਰੈ ਅਮਾਨ।
ਗਹ ਲਯੋ ਤਾਸ ਬਾਂਧੇ ਮੰਗਾਇ।
ਲੈ ਮਾਰਿ ਕੂਟ ਦੀਨੋ ਪਖਾਇ।

ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਪਿੱਛੋਂ ਗੁਰੂ ਜੀ  ਫ਼ੌਜਾਂ ਨਾਲ ਮੁਕਾਬਲਾ ਕਰਦੇ, ਰੰਘੜਾਂ ਤੇ ਗੁੱਜਰਾਂ ਨਾਲ ਝੜਪਾਂ ਕਰਨ ਤੋਂ ਪਿੱਛੋਂ ਦੋਵੇਂ ਵੱਡੇ ਸਾਹਿਬਜ਼ਾਦਿਆਂ ਅਤੇ ਚਾਲੀ ਸਿੰਘਾਂ ਸਮੇਤ ਚਮਕੌਰ ਸਾਹਿਬ ਆ ਗਏ। ਸਰਸਾ ਦੀ ਜੰਗ ਵਿਚ ਮਾਤਾ ਗੁਜਰੀ ਜੀ, ਛੋਟੇ ਸ਼ਾਹਿਬਜ਼ਾਦੇ, ਮਾਤਾਵਾਂ ਤੇ ਲਾਡਲੀਆਂ ਫ਼ੌਜਾਂ ਵਿਚੋਂ ਬਹੁਤ ਸਾਰੇ ਸਿਰਕੱਢ ਯੋਧੇ ਵਿਛੜ ਗਏ। ਗੁਰੂ ਜੀ ਦੇ ਦਰਬਾਰੀ ਕਵੀ ਕੋਇਰ ਸਿੰਘ, ਕਵੀ ਸੁੱਖਾ ਸਿੰਘ, ਕਵੀ ਸੈਨਾਪਤੀ ਆਦਿ ਦੀਆਂ ਸਮਕਾਲੀ ਕਿਰਤਾਂ ਨੂੰ ਵਾਚਣ ਤੇ ਗੜ੍ਹੀ ਚਮਕੌਰ ਦੇ ਜਗੀਰਦਾਰ ਮਾਲਕ ਚਮਕੌਰ ਲੰਬੜਦਾਰ ਤੇ ਉਸ ਦੇ ਛਲ ਕਪਟ ਤੇ ਕੀਤੀ ਗ਼ੱਦਾਰੀ ਦਾ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਦੇ ਵਿਰੁਧ ਨਾ ਸਿਰਫ਼ ਮੁਗ਼ਲ ਹਕੂਮਤ, ਪਹਾੜੀ ਰਾਜੇ ਅਤੇ ਬ੍ਰਹਮਣਵਾਦੀ ਹੀ ਸਨ ਸਗੋਂ ਵੱਡੇ-ਵੱਡੇ ਅਖੌਤੀ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਕੁੱਝ ਜਗੀਰਦਾਰ ਲੋਕ ਵੀ ਸਨ।

ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਔਰੰਗਜ਼ੇਬ ਨੇ ਖ਼ੁਦ ਕੁਰਾਨ ਦੀ ਪੋਥੀ ਸਮੇਤ ਲਿਖਤੀ ਪੱਤਰ ਰਾਹੀਂ ਸਹੁੰ ਪਾ ਕੇ ਫ਼ੌਜਾਂ ਸਮੇਤ ਕਿਲ੍ਹਾ ਆਨੰਦਪੁਰ ਛੱਡ ਦੇਣ ਲਈ ਕਿਹਾ ਸੀ ਅਤੇ ਨੌਵੇਂ ਗੁਰੂ ਜੀ ਦੀ ਸ਼ਹਾਦਤ ਦੀ ਵੀ ਲਿਖਤੀ ਮਾਫ਼ੀ ਮੰਗਦਿਆਂ ਇਹ ਵੀ ਲਿਖਿਆ ਕਿ ਜੇਕਰ ਉਹ ਚਮਕੌਰ ਆ ਜਾਣ ਤਾਂ ਮੁਗ਼ਲ ਸਰਕਾਰ ਵਲੋਂ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ।

ਪਰ ਜਦੋਂ ਗੁਰੂ ਜੀ ਚਮਕੌਰ ਪਹੁੰਚੇ ਤਾਂ ਮੁਗ਼ਲ ਹਕੂਮਤ ਨੂੰ ਸੁਚਿਤ ਕੀਤਾ ਗਿਆ। ਛੱਲ ਕਪਟ ਕਰਦਾ ਹੋਇਆ ਮੁਖ਼ਬਰ ਜਗੀਰਦਾਰ ਚਮਕੌਰ ਗੁਰੂ ਜੀ ਤੇ 40 ਸਿੰਘਾਂ ਨੂੰ ਅਪਣੀ ਗੜ੍ਹੀ ਵਿਚ ਲੈ ਆਇਆ। ਨਤੀਜੇ ਵਜੋਂ 21 ਦਸੰਬਰ 1704 ਈ. ਦੀ ਸ਼ਾਮ ਤਕ ਵੱਡੀ ਗਿਣਤੀ ਵਿਚ ਪੁੱਜੇ ਸ਼ਾਹੀ ਲਸ਼ਕਰ ਨੇ ਗੜ੍ਹੀ ਨੂੰ ਘੇਰਾ ਪਾ ਲਿਆ। 
22 ਦਸੰਬਰ ਨੂੰ ਦਿਨ ਚੜ੍ਹਦਿਆਂ ਹੀ ਸੰਸਾਰ ਦਾ ਇਹ ਭਿਆਨਕ ਯੁੱਧ ਆਰੰਭ ਹੋ ਗਿਆ। ਇਕ ਪਾਸੇ ਗੜ੍ਹੀ ਦੇ ਅੰਦਰ ਉਂਗਲਾਂ ਤੇ ਗਿਣੇ ਜਾਣ ਵਾਲੇ 40 ਸਿਦਕੀ ਸਿੰਘ ਤੇ ਦੂਜੇ ਪਾਸੇ ਦੁਸ਼ਮਣ ਦੀ ਹੰਕਾਰੀ 10 ਲੱਖ ਫ਼ੌਜ।

ਗੜ੍ਹੀ ਦੀਆਂ ਚਾਰੇ ਬਾਹੀਆਂ ਤੇ ਅੱਠ-ਅੱਠ ਸਿੰਘ ਤਾਇਨਾਤ ਕਰ ਦਿਤੇ। ਦੋਵੇਂ ਵੱਡੇ ਸਾਹਿਬਜ਼ਾਦੇ, ਭਾਈ ਜੀਵਨ ਸਿੰਘ ਤੇ ਪੰਜ ਪਿਆਰੇ ਗੜ੍ਹੀ ਦੀ ਮਮਟੀ ਤੇ ਗੁਰੂ ਜੀ ਦੇ ਕੋਲ ਰਹੇ। ਦੁਸ਼ਮਣ ਵਲੋਂ ਨਾਹਰ ਖਾਂ, ਹੈਬਤ ਖਾਂ, ਗ਼ਨੀ ਖਾਂ, ਇਸਮਾਇਲ ਖਾਂ, ਉਸਮਾਨ ਖਾਂ, ਸੁਲਤਾਨ ਖਾਂ, ਖਵਾਜਾ ਖਿਜਰ ਖਾਂ, ਜਹਾਂ ਖਾਂ, ਨਜੀਬ ਖਾਂ, ਮੀਆਂ ਖਾਂ, ਦਿਲਾਵਰ ਖਾਂ, ਸੈਦ ਖਾਂ, ਜ਼ਬਰਦਸਤ ਖਾਂ ਤੇ ਗੁਲਬੇਲ ਖਾਂ ਆਦਿ ਪ੍ਰਸਿੱਧ ਮੁਗ਼ਲ ਜਰਨੈਲ ਵਜੀਦ ਖਾਂ ਦੀ ਅਗਵਾਈ ਵਿਚ ਗੜ੍ਹੀ ਨੂੰ ਘੇਰਾ ਪਾ ਰਹੇ ਸਨ।

ਢੰਡੋਰਾ ਪਿਟਵਾ ਕੇ ਗੁਰੂ ਜੀ, ਉਨ੍ਹਾਂ ਦੇ ਸ਼ਾਹਿਬਜ਼ਾਦਿਆਂ ਤੇ ਲਾਡਲੀਆਂ ਫ਼ੌਜਾਂ ਨੂੰ ਜਾਨਾਂ ਬਖ਼ਸ਼ਣ ਵਾਸਤੇ, ਆਤਮ-ਸਮਰਪਣ ਕਰ ਦੇਣ ਲਈ ਸ਼ਾਹੀ ਫ਼ੁਰਮਾਨ ਸੁਣਾਇਆ ਗਿਆ। ਪਰ ਗੁਰੂ ਜੀ ਨੇ ਜਬਰ, ਜ਼ੁਲਮ ਤੇ ਕੱਟੜਵਾਦ ਵਿਰੁਧ ਧਾਰਮਕ ਆਜ਼ਾਦੀ, ਮਨੁੱਖੀ ਅਧਿਕਾਰਾਂ ਤੇ ਮਨੂਵਾਦ ਦੀ ਵਿਰੋਧਤਾ ਵਿਰੁਧ ਇਨਸਾਫ਼ ਦੀ ਜੰਗ ਵਜੋਂ ਢੰਡੋਰੇ ਦਾ ਜਵਾਬ ਬੰਦੂਕਾਂ ਦੀਆਂ ਗੋਲੀਆਂ, ਤੀਰਾਂ ਦੀ ਬੁਛਾੜ ਤੇ ਬੋਲੇ-ਸੋ-ਨਿਹਾਲ ਸਤਿ ਸ੍ਰੀ ਆਕਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਦਿਤਾ। ਗੁਰੂ ਜੀ ਦੇ ਇਸ਼ਾਰੇ ਤੇ ਭਾਈ ਜੀਵਨ ਸਿੰਘ (ਜੈਤਾ ਜੀ) ਨੇ ਰਣਜੀਤ ਨਗਾਰੇ ਨੂੰ ਚੋਟ ਲਗਾਈ ਤਾਂ ਚਾਰ ਚੁਫੇਰਾ ਗੂੰਜ ਉਠਿਆ।

ਜਰਨੈਲ ਵਜੋਂ ਸੇਵਾ ਸੰਭਾਲਦਿਆਂ ਭਾਈ ਸਾਹਬ ਨੇ ਨਾਗਣੀ ਤੇ ਬਾਘਣੀ ਬੰਦੂਕਾਂ ਸੰਭਾਲ ਲਈਆਂ। ਭਾਵੇਂ ਮੁਗ਼ਲ ਫ਼ੌਜਾਂ ਵਲੋਂ ਵੀ ਤੀਰਾਂ ਅਤੇ ਗੋਲੀਆਂ ਦੀ ਬਾਰਸ਼ ਸ਼ੁਰੂ ਹੋ ਗਈ ਸੀ ਪਰ ਗੜ੍ਹੀ ਦੇ ਨੇੜੇ ਹੋਣ ਦੀ ਹਿੰਮਤ ਕਿਸੇ ਦੀ ਵੀ ਨਹੀਂ ਸੀ। ਨਾਹਰ ਖਾਂ ਨੂੰ ਅਪਣੇ ਤੀਰ ਦਾ ਨਿਸ਼ਾਨਾ ਬਣਾਉਣ ਦੇ ਦ੍ਰਿਸ਼ ਦਾ ਵਰਨਣ ਗੁਰੂ ਜੀ ਇਸ ਤਰ੍ਹਾਂ ਕਰਦੇ ਹਨ :- ਚੁ ਦੀਦਮ ਕਿ ਨਾਹਰ ਬਿਯਾਮਦ ਬ ਜੰਗ॥ 
ਚਸ਼ੀਦਹ ਯਕੇ ਤੀਰਿ ਮਨ ਬੇਦਰੰਗ॥29॥ (ਜਫ਼ਰਨਾਮਾਂ ਪੰਨਾਂ ਨੰ:12)

ਫਿਰ ਗ਼ਨੀ ਖਾਂ ਨੇ ਵੀ ਅਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਜੀ ਨੇ ਗੁਰਜ ਦੇ ਇਕੋ ਵਾਰ ਨਾਲ ਉਸ ਦੇ ਸਿਰ ਦੀ ਮਿੱਝ ਕੱਢ ਦਿਤੀ। ਖਵਾਜ਼ਾ ਖਿਜ਼ਰ ਉਕਤ ਦ੍ਰਿਸ਼ ਵੇਖ ਕੇ ਗੜ੍ਹੀ ਦੀ ਕੰਧ ਓਹਲੇ ਲੁੱਕ ਗਿਆ। ਸਿੰਘਾਂ ਦੀ ਚੜ੍ਹਦੀਕਲਾ ਨੇ ਮੁਗ਼ਲ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵਿਚ ਘਬਰਾਹਟ ਪਾ ਦਿਤੀ। ਮਮਟੀ ਤੋਂ ਗੁਰੂ ਜੀ ਆਪ ਤੀਰਾਂ ਦੀ ਵਰਖਾ ਕਰਦੇ ਹੋਣ ਕਰ ਕੇ ਦੁਸ਼ਮਣ ਦੀਆਂ ਫ਼ੌਜਾਂ ਨੇੜੇ ਆਉਣ ਵਿਚ ਅਸਫ਼ਲ ਸਨ। ਸਿੰਘਾਂ ਦੀਆਂ ਗੋਲੀਆਂ ਤੇ ਤੀਰਾਂ ਦੀ ਵਰਖਾ ਦੇ ਨਾਲ-ਨਾਲ ਭਾਈ ਜੀਵਨ ਸਿੰਘ ਜਦੋਂ ਬਖ਼ਸ਼ਿਸ਼ ਨਾਗਣੀ ਤੇ ਬਾਘਣੀ ਬੰਦੂਕਾਂ ਨਾਲ ਇਕੋ ਸਮੇ ਦੋ-ਦੋ ਫ਼ਾਇਰ ਕਢਦੇ ਤਾਂ ਇੰਜ ਲਗਦਾ ਜਿਵੇਂ ਅੰਬਰ ਫੱਟ ਰਿਹਾ ਹੋਵੇ।
ਬਸੇ ਬਾਰ ਬਾਰੀਦ ਤੀਰੋ ਤੁਫੰਗ॥
ਜ਼ਿਮੀ ਗਸ਼ਤ ਹਮ ਚੂੰ ਗੁਲੇ ਲਾਲਹ ਰੰੰਗ॥37॥ 
(ਜ਼ਫਰਨਾਮਾਂ)

ਗੋਲੀ ਸਿੱਕੇ ਦੀ ਘਾਟ ਹੋਣ ਤੇ ਦੁਪਹਿਰ ਵੇਲੇ ਸਿੰਘਾਂ ਨੇ ਪੰਜ-ਪੰਜ ਦੇ ਜਥਿਆਂ ਵਿਚ ਗੜ੍ਹੀ ਤੋਂ ਬਾਹਰ ਆ ਕੇ ਦੁਸ਼ਮਣ ਨਾਲ ਟੱਕਰ ਲੈਣੀ ਸ਼ੁਰੂ ਕੀਤੀ ਜਿਨ੍ਹਾਂ ਵਿਚ ਭਾਈ ਸਾਹਿਬਾਨ ਧੰਨਾਂ ਸਿੰਘ, ਆਲਮ ਸਿੰਘ, ਆਨੰਦ ਸਿੰਘ, ਧਿਆਨ ਸਿੰਘ ਤੇ ਦਾਨ ਸਿੰਘ ਬੋਲੇ-ਸੋ-ਨਿਹਾਲ ਦੇ ਜੈਕਾਰੇ ਗੁੰਜਾ ਕੇ ਗੜ੍ਹੀ ਤੋਂ ਬਾਹਰ ਆਏ ਤੇ ਦੁਸ਼ਮਣਾਂ ਤੇ ਬਿਜਲੀ ਵਾਂਗ ਟੁੱਟ ਕੇ ਪੈ ਗਏ। ਸੈਂਕੜਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ। ਦੂਜੇ ਜਥੇ ਵਿਚ ਭਾਈ ਸਾਹਿਬਾਨ ਸੇਵਾ ਸਿੰਘ, ਖ਼ਜ਼ਾਨ ਸਿੰਘ, ਮੁਕੰਦ ਸਿੰਘ, ਵੀਰ ਸਿੰਘ ਤੇ ਜਵਾਹਰ ਸਿੰਘ ਜੰਗ ਦੇ ਮੈਦਾਨ ਵਿਚ ਆਏ ਜਿਸ ਨਾਲ ਦੁਸ਼ਮਣਾਂ ਵਿਚ ਹਾਹਾਕਾਰ ਮਚ ਗਈ ਤੇ ਰੌਲਾ ਪੈ ਗਿਆ।

ਅਸਮਾਨ ਗੂੰਜ ਉਠਿਆ ਤੇ ਖ਼ੂਨ ਮਿੱਝ ਦਾ ਚਿੱਕੜ ਹੋਣ ਲੱਗ ਪਿਆ, ਅਸਮਾਨੀ ਚੜ੍ਹਦੀ ਧੂੜ ਵੀ ਉਡਣੀ ਬੰਦ ਹੋ ਗਈ। ਸਿੰਘਾਂ ਨੇ ਬਹਾਦਰੀਆਂ ਦੇ ਕਰਤੱਵ ਵਿਖਾਉਂਦਿਆਂ ਹਜ਼ਾਰਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਫਿਰ ਭਾਈ ਸਾਹਿਬਾਨ ਫਤਿਹ ਸਿੰਘ, ਸ਼ਾਮ ਸਿੰਘ, ਟਹਿਲ ਸਿੰਘ, ਮਦਨ ਸਿੰਘ ਤੇ ਸੰਤ ਸਿੰਘ ਹੋਰਾਂ ਦਾ ਜਥਾ ਭੇਜਿਆ ਗਿਆ।

ਡਟਵਾਂ ਮੁਕਾਬਲਾ ਕਰਦਿਆਂ ਤੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਦਿਆਂ ਚਾਰ ਸਿੰਘ ਸ਼ਹਾਦਤ ਪਾ ਗਏ। 5ਵਾਂ ਸਿੰਘ ਭਾਈ ਸੰਤ ਸਿੰਘ ਜਿਸ ਦੇ ਬਸਤਰ ਖ਼ੂਨ ਨਾਲ ਲਥਪਥ ਹੋਏ ਪਏ ਸਨ, ਫਿਰ ਵੀ ਬੜੀ ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰ ਰਿਹਾ ਸੀ। ਗੁਰੂ ਜੀ ਦੇ ਕੰਨੀ ਕਨਸੋਆਂ ਪਈਆਂ ਕਿ ਸਾਹਿਬਜ਼ਾਦਿਆਂ ਸਮੇਤ ਤੁਸੀ ਅਪਣੀ ਹੋਂਦ ਕਾਇਮ ਰੱਖਣ ਲਈ ਗੜ੍ਹੀ ਛੱਡ ਜਾਉ, ਤਾਂ ਗੁਰੂ ਜੀ ਨੇ ਕਿਹਾ, ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਤੁਸੀ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ।”

ਪਰ ਜਦੋਂ ਬਹਾਦਰੀ ਦੇ ਕਰਤੱਵ ਵਿਖਾਉਂਦਾ ਸੰਤ ਸਿੰਘ ਸ਼ਹੀਦ ਹੋ ਗਿਆ ਤਾਂ ਗੁਰੂ ਜੀ ਨੇ ਗੜ੍ਹੀ ਛੱਡਣ ਦਾ ਫ਼ੈਸਲਾ ਕਰ ਲਿਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਜੰਗ ਵਿਚ ਜਾਣ ਦੀ ਆਗਿਆ ਦਿਤੀ ਜਾਵੇ, ਤੁਰਤ ਥਾਪੀ ਦਿੰਦਿਆਂ ਗੁਰੂ ਜੀ ਨੇ ਅੱਠ ਸਿੰਘਾਂ ਭਾਈ ਸਾਹਿਬਾਨ, ਮੋਹਕਮ ਸਿੰਘ, ਲਾਲ ਸਿੰਘ, ਈਸ਼ਰ ਸਿੰਘ, ਸੁੱਖਾ ਸਿੰਘ, ਕੇਸਰ ਸਿੰਘ, ਕੀਰਤੀ ਸਿੰਘ, ਕੋਠਾ ਸਿੰਘ ਤੇ ਮੁਹਰ ਸਿੰਘ ਦਾ ਜਥਾ ਬਾਬਾ ਅਜੀਤ ਸਿੰਘ ਜੀ ਨਾਲ ਭੇਜਿਆ।

ਗੜ੍ਹੀ ਵਿਚੋਂ ਨਿਕਲਦਿਆਂ ਹੀ ਸਿੰਘਾਂ ਨੇ ਜੈਕਾਰੇ ਗੁੰਜਾਏ। ਦੋ ਘੰਟਿਆਂ ਦੇ ਘਮਸਾਨ ਯੁਧ ਦੌਰਾਨ ਤੀਰਾਂ ਤੇ ਗੋਲੀਆਂ ਦੀ ਵਾਛੜ ਹੋਈ ਹਜ਼ਾਰਾਂ ਮੁਗ਼ਲ ਸਿਪਾਹੀ ਮਾਰ ਮੁਕਾਏ। ਪੁੱਤਰ ਨੂੰ ਸੂਰਬੀਰਤਾ ਨਾਲ ਜੂਝਦਿਆਂ ਵੇਖ ਕੇ ਗੁਰੂ ਸਾਹਿਬ ਨੇ ਗੜ੍ਹੀ ਵਿਚੋਂ ਹੀ ਸਾਬਾਸ਼ ਦਿਤੀ ਜਿਸ ਨੂੰ ਕਵੀ ਨੇ ਇਸ ਤਰ੍ਹਾਂ ਕਲਮਬੰਦ ਕੀਤਾ ਹੈ :- 
ਬੜ੍ਹ-ਚੜ੍ਹ ਕੇ ਤਵੱਕੇ ਜੋ ਦਿਖਾ ਦੀ, 
ਸਤਿਗੁਰ ਨੇ ਵਹੀ ਕਿਲ੍ਹਾ ਸੇ ਬੱਚੋ ਕੋ ਨਿਦਾ ਦੀ, 
ਸ਼ਾਬਾਸ਼ ਪਿਸਰ ਖ਼ੂਬ ਦਲੇਰੀ ਸੇ ਲੜੇ ਹੋ, 
ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜੰਦ ਬੜੇ ਹੋ।

ਤੀਰ ਮੁੱਕਣ ਤੇ ਸਿੰਘਾਂ ਨੇ ਤਲਵਾਰਾਂ ਕੱਢ ਲਈਆਂ। ਇਕ ਮੁਗ਼ਲ ਜਰਨੈਲ ਦੇ ਨੇਜ਼ੇ ਦਾ ਵਾਰ ਸਾਹਿਬਜ਼ਾਦੇ ਤੇ ਹੋਇਆ। ਉਹ ਤਾਂ ਬਚ ਗਏ ਪਰ ਵਾਰ ਘੋੜੇ ਤੇ ਹੋ ਗਿਆ ਤਾਂ ਬਾਬਾ ਜੀ ਨੇ ਕ੍ਰਿਪਾਨ ਕੱਢ ਲਈ। ਲੜਦਿਆਂ-ਲੜਦਿਆਂ ਜਥੇ ਦੇ ਸਿੰਘ ਸ਼ਹੀਦ ਹੋ ਗਏ ਤਾਂ ਇਕੱਲਿਆਂ ਵੇਖ ਕੇ ਦੁਸ਼ਮਣ ਬਾਬਾ ਜੀ ਤੇ ਝਪਟ ਪਏ ਅੰਤ ਲੜਦੇ-ਲੜਦੇ ਸ਼ਹਾਦਤ ਪ੍ਰਾਪਤ ਕਰ ਗਏ। ਫਿਰ ਵੱਡੇ ਭਰਾ ਵਾਂਗ ਬਾਬਾ ਜੁਝਾਰ ਸਿੰਘ ਵੀ ਜੋਸ਼ ਵਿਚ ਆ ਗਏ, ਨੇ ਜੰਗ ਵਿਚ ਜਾਣ ਲਈ ਪਿਤਾ ਜੀ ਤੋਂ ਆਗਿਆ ਮੰਗੀ। ਪਿਤਾ ਜੀ ਨੇ ਸ਼ਾਹਿਬਜ਼ਾਦੇ ਦੀ ਦਲੇਰੀ ਤੇ ਫ਼ਖਰ ਮਹਿਸੂਸ ਕੀਤਾ।

ਜੁਝਾਰ ਸਿੰਘ ਨੇ ਛੋਟੀ ਉਮਰ ਹੁੰਦਿਆਂ ਵੀ ਹੌਸਲੇ ਦਾ ਪ੍ਰਗਟਾਵਾ ਕੀਤਾ। ਗੁਰੂ ਜੀ ਨੇ ਖ਼ੁਸ਼ ਹੋ ਕੇੇ ਸ਼ਾਹਿਬਜ਼ਾਦੇ ਨੂੰ ਸਮੇਤ ਪੰਜ ਸਿੰਘਾਂ ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ, ਭਾਈ ਅਮੋਲਕ ਸਿੰਘ ਤੇ ਭਾਈ ਧਰਮ ਸਿੰਘ ਨਾਲ ਮੈਦਾਨ-ਏ-ਜੰਗ ਤੋਰਿਆ। ਪਿਤਾ ਪੁੱਤਰ ਵਿਚਕਾਰ ਹੋਏ ਵਾਰਤਾਲਾਪ ਨੂੰ ਸੂਫ਼ੀ ਸ਼ਾਇਰ ਜੋਗੀ ਅੱਲ੍ਹਾ ਯਾਰ ਖਾਂ ਇਸ ਤਰ੍ਹਾਂ ਬਿਆਨ ਕਰਦੇ ਹਨ:- 
ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ।
ਰੁਖ਼ਸਤ ਹਮੇਂ ਦਿਲਵਾਉ ਪਿਤਾ, ਜਾਏਂਗੇ ਮਰਨੇ।
ਭਾਈ ਸੇ ਬਿਛੜ ਕਰ ਹਮੇਂ, ਜੀਨਾ ਨਹੀਂ ਆਤਾ।
ਸੋਨਾ ਨਹੀਂ, ਖਾਨਾ ਨਹੀ, ਪੀਨਾ ਨਹੀਂ ਭਾਤਾ।
ਫਿਰ:-
ਲੜਨਾ ਨਹੀਂ ਆਤਾ ਮੁਝੇ ਮਰਨਾ ਹੈ ਤੋ ਆਤਾ।
ਖ਼ੁਦ ਬੜ੍ਹ ਕੇ ਗਲਾ ਤੇਗ ਪੇ ਧਰਨਾ ਤੋ ਹੈ ਆਤਾ॥

ਗੁਰੂ ਸਾਹਿਬ ਨੇ ਦੂਜੇ ਪੁੱਤਰ ਦਾ ਹੌਸਲਾ ਵੇਖ ਕੇ ਉਸ ਨੂੰ ਵੀ ਜੰਗ ਵਿਚ ਜਾਣ ਲਈ ਅਪਣੇ ਹੱਥੀ ਤਿਆਰ ਕਰ ਕੇ ਤੋਰਿਆ।
ਬਾਬਾ ਅਜੀਤ ਸਿੰਘ ਤੇ ਸਿੰਘਾਂ ਦੀ ਸ਼ਹਾਦਤ ਹੋਣ ਕਰ ਕੇ ਜਥੇ ਦੇ ਸਿੰਘਾਂ ਵਿਚ ਕਾਫ਼ੀ ਜੋਸ਼ ਤੇ ਗੁੱਸਾ ਵੀ ਸੀ। ਦੁਸ਼ਮਣ ਦੀ ਫ਼ੌਜ ਵਿਚ ਵਧਦੇ ਜਥੇ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਬਾਬਾ ਜੁਝਾਰ ਸਿੰਘ ਤੇ ਉਨ੍ਹਾਂ ਦੇ ਜੱਥੇ ਨੂੰ ਹਮਲਾ ਕਰਨ ਤੇ ਵਾਰ-ਵਾਰ ਘੇਰਾ ਪੈ ਜਾਂਦਾ, ਕਿਲ੍ਹੇ ਵਿਚੋਂ ਗੁਰੂ ਜੀ ਤੀਰਾਂ ਤੇ ਗੋਲੀਆਂ ਦੀ ਵਾਛੜ ਕਰ ਦਿੰਦੇ ਤਾਂ ਦੁਸ਼ਮਣ ਦਾ ਘੇਰਾ ਟੁੱਟ ਜਾਂਦਾ। ਸਾਹਿਬਜ਼ਾਦੇ ਨੇ ਨੇਜ਼ੇ ਨਾਲ ਵੈਰੀਆਂ ਤੇ ਵਾਰ ਕਰ ਕੇ ਬਹਾਦਰੀ ਦੇ ਜੌਹਰ ਵਿਖਾਏ। ਅਖ਼ੀਰ ਸਾਹਿਬਜ਼ਾਦੇ ਸਮੇਤ ਜਥੇ ਦੇ ਸਿੰਘ ਸ਼ਹੀਦੀਆਂ ਪਾ ਗਏ। ਗੁਰੂ ਜੀ ਨੇ ਖ਼ੁਦ ਮੁਕਾਬਲਾ ਕਰਦਿਆਂ ਲਾਡਲੇ ਸਿੰਘਾਂ ਤੇ ਦੋਹਾਂ ਪੁੱਤਰਾਂ ਦੇ ਵੀਰਤਾ ਦੇ ਜੌਹਰ ਅੱਖੀਂ ਵੇਖੇ। ਸ਼ਹੀਦ ਹੁੰਦਿਆਂ ਵੇਖ ਕੇ ਬੋਲੇ-ਸੋ-ਨਿਹਾਲ ਸਤਿ-ਸ੍ਰੀ-ਆਕਾਲ ਦੇ ਜੈਕਾਰੇ ਨਾਲ ਹੀ ਆਕਾਲ ਪੁਰਖ ਅੱਗੇ ਸ਼ੁਕਰਾਨੇ ਵਜੋਂ ਸੀਸ ਝੁਕਾਇਆ ਕਿ ਤੇਰੀ ਅਮਾਨਤ ਤੈਨੂੰ ਸੌਪ ਦਿਤੀ। ਜੋਗੀ ਅੱਲਾ ਯਾਰ ਖਾਂ ਲਿਖਦੇ ਹਨ:- 
ਬਸ ਏਕ ਹਿੰਦ ਮੇ ਤੀਰਥ ਹੈ, ਯਾਤਰਾ ਕੇ ਲਿਯੇ। 
ਕਟਾਏ ਬਾਪ ਨੇ ਬੱਚੇ ਜਹਾਂ ਖ਼ ਕੇ ਲਿਯੇ।
ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ।
ਯਹੀਂ ਸੇ ਬਨ ਕੇ ਸਿਤਾਰੇ ਗਏ ਸ਼ਮਾਂ ਕੇ ਲਿਯੇ॥

ਕਿਲ੍ਹੇ ਵਿਚ ਸ਼ਾਮਲ ਚਾਲੀ ਸਿੰਘਾਂ ਵਿਚੋਂ 11 ਸਿੰਘ ਭਾਈ ਸਾਹਿਬਾਨ ਧਰਮ ਸਿੰਘ, ਦਇਆ ਸਿੰਘ, ਸੰਗਤ ਸਿੰਘ, ਲੱਧਾ ਸਿੰਘ, ਦੇਵਾ ਸਿੰਘ, ਰਾਮ ਸਿੰਘ, ਸੰਤੋਖ ਸਿੰਘ, ਮਾਨ ਸਿੰਘ, ਕਾਠਾ ਸਿੰਘ, ਕੇਹਰ ਸਿੰਘ ਅਤੇ ਜੀਵਨ ਸਿੰਘ ਰਹਿ ਗਏ। ਮੌਕੇ ਤੇ ਨਾਮਜ਼ਦ ਕੀਤੇ ਪੰਜ ਪਿਅਰਿਆਂ ਦੇ ਗੁਰਮਤੇ ਨੂੰ ਪ੍ਰਵਾਨਗੀ ਦਿੰਦਿਆਂ ਅਤਿ ਨਾਜ਼ੁਕ ਸਥਿਤੀ ਵਿਚ ਗੁਰੂ ਜੀ ਨੂੰ ਅਪਣੀ ਹੋਂਦ ਕਾਇਮ ਰੱਖਣ ਲਈ ਗੜ੍ਹੀ ਨੂੰ ਛਡਣਾ ਪਿਆ ਤਾਂ ਗੁਰੂ ਜੀ ਜਾਣ ਸਮੇਂ ਅਪਣੀ ਪਵਿੱਤਰ ਕਲਗੀ ਤੇ ਪੁਸ਼ਾਕ ਭਾਈ ਜੀਵਨ ਸਿੰਘ ਨੂੰ ਪਹਿਨਾ ਕੇ, ਅਪਣੀ ਥਾਂ ਤੇ ਯੁੱਧ ਨੀਤੀ ਨਾਲ ਬੁਰਜ ਵਿਚ ਬਿਠਾ ਕੇ, ਆਪ ਤਿੰਨ ਸਿੰਘਾਂ ਸਮੇਤ ਪੰਜ ਪਿਆਰਿਆਂ ਦੇ ਹੁਕਮ ਨੂੰ ਪ੍ਰਵਾਨਗੀ ਦੇ ਗਏ। ਗੜ੍ਹੀ ਪ੍ਰਕਰਮਾਂ ਵਿਚ ਚਾਲੀ ਸਿੰਘਾਂ ਵਿਚੋਂ ਵੱਡੇ ਸ਼ਾਹਿਬਜ਼ਾਦਿਆਂ ਦੀ ਇਤਿਹਾਸਕ ਯਾਦਗਾਰ ਦੇ ਨੇੜੇ ਭਾਈ ਜੀਵਨ ਸਿੰਘ ਦੀ ਇੱਕੋ-ਇਕ ਪ੍ਰਾਚੀਨ ਤੇ ਇਤਿਹਾਸਕ ਯਾਦਗਾਰ, ਜਿਸ ਦੇ ਵੇਰਵੇ ਇਤਿਹਾਸਕ ਗ੍ਰੰਥਾਂ ਵਿਚ ਮਿਲਦੇ ਹਨ। ਭਾਈ ਜੀਵਨ ਸਿੰਘ ਜੀ ਜੋ ਕਿ ਹਾਜ਼ਰ 11 ਸਿੰਘਾਂ ਵਿੱਚੋਂ ਸੱਭ ਤੋਂ ਪਿੱਛੋਂ ਸ਼ਹਾਦਤ ਪਾਉਣ ਵਾਲੇ ਜਰਨੈਲ ਸਨ। 
ਅੰਤ ਇਕੇਲਾ ਗੜ੍ਹ ਮੇ ਬੰਦੂਕੀ ਪ੍ਰਬੀਨ।
ਜੀਵਨ ਸਿੰਘ ਰੰਘਰੇਟੜੋ ਜੋ ਜੂਝ ਗਇਓ ਸੰਗ ਦੀਨ। 
ਵਜੀਰਾਂ ਅਤਿ ਪ੍ਰਸੰਨ ਭਯੋ ਲੀਓ ਮਾਰ ਗੋਬਿੰਦ।
ਦਿਲੀ ਧਾਇਓ ਸੀਸ ਲੈ ਖੁਸ਼ੀ ਕਰਨ ਨਾਰਿੰਦ।
(ਸਮਕਾਲੀ ਦਰਬਾਰੀ ਕਵੀ ਕੰਕਣ ਜੀ ਰਚਨਾ ਕਾਲ-1711ਈ.) 
ਸੰਪਰਕ : 98723-74523