ਅਵਤਾਰ ਸਿੰਘ ਹਿੱਤ ਨੂੰ 'ਜਥੇਦਾਰ' ਨੇ ਕੀਤਾ 28 ਜਨਵਰੀ ਨੂੰ ਤਲਬ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੁਲਨਾ ਗੁਰੂ ਸਾਹਿਬ ਨਾਲ ਕਰਨ 'ਤੇ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ........

Avtar Singh Hit

ਅੰਮ੍ਰਿਤਸਰ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੁਲਨਾ ਗੁਰੂ ਸਾਹਿਬ ਨਾਲ ਕਰਨ 'ਤੇ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਬੁਰੀ ਤਰ੍ਹਾਂ ਫਸ ਗਏ ਹਨ। ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ 28 ਜਨਵਰੀ ਨੂੰ ਤਲਬ ਕੀਤਾ ਹੈ। ਦੂਸਰੇ ਪਾਸੇ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਕੋਈ ਪੱਤਰ ਨਹੀਂ ਮਿਲਿਆ। 'ਜਥੇਦਾਰ' ਵਲੋਂ ਚਿੱਠੀ ਮਿਲਣ 'ਤੇ ਉਹ ਅਕਾਲ ਤਖ਼ਤ ਸਾਹਿਬ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਹਿੱਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਕਰਵਾਏ ਗਏ

ਸਮਾਗਮ ਵਿਚ ਨਿਤੀਸ਼ ਕੁਮਾਰ ਦੀ ਪ੍ਰਸ਼ੰਸਾ ਕਰਦਿਆਂ ਮਰਿਆਦਾ ਨੂੰ ਵੀ ਭੁੱਲ ਗਏ। ਉਨ੍ਹਾਂ ਨੇ ਨਿਤੀਸ਼ ਦੀ ਗੁਰੂ ਸਾਹਿਬ ਨਾਲ ਤੁਲਨਾ ਕਰਦਿਆਂ ਕਿਹਾ, ''ਨਿਮਾਣਿਆ ਦੇ ਮਾਣ, ਨਿਤਾਣਿਆਂ ਦੇ ਤਾਣ ਤੇ ਨਿਉਟਿਆ ਦੀ ਓਟ'' ਦੇ ਅਰਦਾਸ ਵਿਚ ਗੁਰੂ ਸਾਹਿਬ ਨੂੰ ਸੰਬੋਧਨ ਹੋਣ ਵਾਲੇ ਸ਼ਬਦ ਵਰਤ ਕਰ ਕੇ ਬੱਜਰ ਗ਼ਲਤੀ ਕੀਤੀ ਜਿਸ ਨੂੰ ਲੈ ਕੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿਤੀਆਂ। ਇੰਗਲੈਂਡ ਦੇ ਇਕ ਰੇਡੀਉ ਨਾਲ ਗੱਲਬਾਤ ਕਰਦਿਆਂ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਿਹੜੇ ਸੰਗਤਾਂ ਲਈ ਪ੍ਰਬੰਧ ਕੀਤੇ ਸਨ

ਉਨ੍ਹਾਂ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਦੇਸ਼ ਦਾ ਹੋਰ ਕੋਈ ਵੀ ਮੁੱਖ ਮੰਤਰੀ ਸਿੱਖ ਧਰਮ ਵਿਚ ਇੰਨੀ ਸ਼ਰਧਾ ਨਹੀਂ ਰੱਖਦਾ ਜਿੰਨੀ ਨਿਤੀਸ਼ ਕੁਮਾਰ ਰੱਖਦੇ ਹਨ। ਹਿੱਤ ਮੁਤਾਬਕ ਉਨ੍ਹਾਂ ਦੇ ਕਹੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਨੇ ਇਹ ਕਿਹਾ ਸੀ ਕਿ ਨਿਤੀਸ਼ ਕੁਮਾਰ ਬਿਹਾਰ ਦੇ ਗ਼ਰੀਬ ਲੋਕਾਂ ਦੇ ਮਸੀਹਾ ਤੇ ਕਲਗੀਧਰ ਪਾਤਸ਼ਾਹ ਦਾ ਸਿੱਖ ਹੈ ਤੇ ਗ਼ਰੀਬਾਂ ਤੇ ਨਿਮਾਣਿਆਂ ਦਾ ਮਾਣ ਤੇ ਨਿਤਾਣਿਆਂ ਦਾ ਤਾਣ ਹੈ। ਨਿਤੀਸ਼ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਉਹ ਥੋੜ੍ਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਫ਼ੋਨ ਜ਼ਰੂਰ ਆਇਆ ਸੀ

ਕਿ ਕੀ ਤੁਸੀਂ ਅਕਾਲ ਤਖ਼ਤ ਸਾਹਿਬ 'ਤੇ ਆ ਸਕਦੇ ਹੋ? ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ ਗਿਆ ਤਾਂ ਜੋ ਵੀ ਆਦੇਸ਼ ਅਕਾਲ ਤਖ਼ਤ ਸਾਹਿਬ ਦਾ ਹੋਵੇਗਾ ਉਸ 'ਤੇ ਪਹਿਰਾ ਦਿਤਾ ਜਾਵੇਗਾ। ਤਨਖ਼ਾਹ ਵੀ ਲਗਾਈ ਜਾਂਦੀ ਹੈ ਤਾਂ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੱਤਰ ਮਿਲ ਜਾਂਦਾ ਹੈ ਤਾਂ ਉਹ ਨੰਗੇ ਪੈਰੀਂ ਇਕ ਦਿਨ ਪਹਿਲਾਂ ਹੀ ਪਹੁੰਚ ਜਾਣਗੇ। ਦੂਸਰੇ ਪਾਸੇ ਚਰਚਾ ਇਹ ਪਾਈ ਜਾ ਰਹੀ ਹੈ ਅਕਾਲ ਤਖ਼ਤ ਸਾਹਿਬ ਤੋਂ 28 ਜਨਵਰੀ ਨੂੰ ਪੇਸ਼ ਹੋਣ ਦਾ ਫ਼ੁਰਮਾਨ ਜਾਰੀ ਹੋ ਗਿਆ ਹੈ ਤੇ ਹਿੱਤ ਨੂੰ ਆਉਣਾ ਹੀ ਪਵੇਗਾ।