ਸਿੱਖ ਕਤਲੇਆਮ ਮਾਮਲਾ: ਸੱਜਣ ਕੁਮਾਰ ਵਿਰੁਧ ਵਾਰੰਟ ਜਾਰੀ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 1984 ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁਧ ਵਾਰੰਟ ਜਾਰੀ......

Sajjan Kumar

ਨਵੀਂ ਦਿੱਲੀ : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 1984 ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁਧ ਵਾਰੰਟ ਜਾਰੀ ਕੀਤਾ ਹੈ। ਇਸ ਮਾਮਲੇ ਦੀ ਸੁਣਵਾਈ 28 ਜਨਵਰੀ ਨੂੰ ਹੋਵੇਗੀ ਅਤੇ ਸੱਜਣ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਹੇਠਲੀ ਅਦਾਲਤ ਵਿਚ ਚਲ ਰਹੇ ਇਸ ਦੂਜੇ ਮਾਮਲੇ ਵਿਚ ਤਿੰਨ ਵਿਅਕਤੀਆਂ ਸੱਜਣ ਕੁਮਾਰ, ਬ੍ਰਹਮਾਨੰਦ ਗੁਪਤਾ ਅਤੇ ਵੇਦ ਪ੍ਰਕਾਸ਼ 'ਤੇ ਕਤਲੇਆਮ ਭੜਕਾਉਣ ਅਤੇ ਹਤਿਆ ਦੇ ਦੋਸ਼ ਹਨ। ਇਨ੍ਹਾਂ ਸਾਰਿਆਂ 'ਤੇ ਇਹ ਦੋਸ਼ ਸੁਲਤਾਨਪੁਰੀ ਵਿਚ ਸੁਰਜੀਤ ਸਿੰਘ ਦੀ ਹਤਿਆ ਦੇ ਸਬੰਧ ਵਿਚ ਲਾਏ ਗਏ ਹਨ। 

ਜ਼ਿਲ੍ਹਾ ਜੱਜ ਪੂਨਮ ਨੇ ਸੱਜਣ ਦੀ ਪੇਸ਼ੀ ਨੂੰ ਲੈ ਕੇ ਇਹ ਵਾਰੰਟ ਉਦੋਂ ਜਾਰੀ ਕੀਤਾ, ਜਦੋਂ ਉਸ ਨੂੰ ਜੇਲ ਦੇ ਅਧਿਕਾਰੀ ਅੱਜ ਪੇਸ਼ ਨਾ ਕਰ ਸਕੇ। ਦਿੱਲੀ ਹਾਈ ਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਪ੍ਰਾਪਤ 73 ਸਾਲਾ ਸੱਜਣ ਕੁਮਾਰ ਦਿੱਲੀ ਦੀ ਮੰਡੋਲੀ ਜੇਲ ਵਿਚ ਬੰਦ ਹੈ। ਦਸਬੰਰ 2018 ਵਿਚ ਉਸ ਨੂੰ ਸਿੱਖ ਕਤਲੇਆਮ ਦੰਗੇ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਗਿਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਹ ਕਤਲੇਆਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਸਕਿਉਰਿਟੀ ਗਾਰਡ ਵਲੋਂ 31 ਅਕਤੂਬਰ 1984 ਨੂੰ ਹਤਿਆ ਕੀਤੇ ਜਾਣ ਤੋਂ ਬਾਅਦ ਭੜਕੇ ਸਨ।            (ਪੀ.ਟੀ.ਆਈ)