ਹਿਤ ਨੇ ਲਿਆ ਦਲੇਰੀ ਭਰਿਆ ਫ਼ੈਸਲਾ: ਗਿਆਨੀ ਇਕਬਾਲ ਸਿੰਘ ਦੇ ਮੁੰਡੇ ਨੂੰ ਵਿਖਾਇਆ ਬਾਹਰ ਦਾ ਰਸਤਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਵਾਦਾਂ ਵਿਚ ਘਿਰੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਪੁੱਤਰ ਗੁਰਪ੍ਰਸਾਦਿ ਸਿੰਘ ਨੂੰ ਸੇਵਾ ਮੁਕਤ ਕਰ ਦਿਤਾ ਗਿਆ ਹੈ.........

Gurparshad Singh

ਅੰਮ੍ਰਿਤਸਰ : ਵਿਵਾਦਾਂ ਵਿਚ ਘਿਰੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਪੁੱਤਰ ਗੁਰਪ੍ਰਸਾਦਿ ਸਿੰਘ ਨੂੰ ਸੇਵਾ ਮੁਕਤ ਕਰ ਦਿਤਾ ਗਿਆ ਹੈ। ਬੀਤੀ ਰਾਤ ਤਖ਼ਤ ਸਾਹਿਬ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਗੁਰਪ੍ਰਸਾਦਿ ਸਿੰਘ ਦੀਆਂ ਸੇਵਾਵਾਂ ਸਮਾਪਤ ਕਰਨ ਦਾ ਐਲਾਨ ਕੀਤਾ। ਗੁਰਪ੍ਰਸਾਦਿ ਸਿੰਘ ਦੀ ਬੀਤੇ ਦਿਨੀਂ ਸਿਗਰਟ ਪੀਂਦੇ ਦੀ ਵੀਡੀਉ ਜਨਤਕ ਹੋਈ ਸੀ ਜਿਸ ਤੋਂ ਬਾਅਦ ਪਹਿਲਾਂ ਉਸ ਨੂੰ ਕਾਰਨ ਦਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ ਦਾ ਗੁਰਪ੍ਰਸਾਦਿ ਸਿੰਘ ਨੇ ਕੋਈ ਸੰਤੁਸ਼ਟੀ ਭਰਿਆ ਜਵਾਬ ਨਹੀ ਸੀ ਦਿਤਾ ਜਿਸ ਤੋਂ ਬਾਅਦ ਤਖ਼ਤ ਸਾਹਿਬ ਬੋਰਡ ਨੇ ਇਹ ਫ਼ੈਸਲਾ ਲਿਆ।

ਇਸ ਤਂੋ ਪਹਿਲਾਂ ਗਿਆਨੀ ਇਕਬਾਲ ਸਿੰਘ ਨੇ ਪਹਿਲਾਂ ਅਪਣੇ ਪੁੱਤਰ ਗੁਰਪ੍ਰਸਾਦਿ ਸਿੰਘ ਨਾਲੋਂ ਸਾਰੇ ਨਾਤੇ ਤੌੜ ਲੈਣ ਦਾ ਐਲਾਨ ਕੀਤਾ ਸੀ ਤੇ ਗੁਰਪ੍ਰਸਾਦਿ ਸਿੰਘ ਨੂੰ ਬੇਦਖ਼ਲ ਕਰਨ ਦਾ ਐਲਾਨ ਕੀਤਾ ਸੀ। ਫਿਰ ਉਨ੍ਹਾਂ ਅਪਣੇ ਪੁੱਤਰ ਦਾ ਬਚਾਅ ਕਰਨ ਲਈ ਇਸ ਵੀਡੀਉ ਨੂੰ ਪੁਰਾਣਾ ਦਸਦਿਆਂ ਕਿਹਾ ਸੀ ਕਿ ਇਹ ਵੀਡੀਉ 2014 ਦੀ ਹੈ, ਜਦੋਂ ਤਖ਼ਤ ਸਾਹਿਬ 'ਤੇ ਝਗੜਾ ਹੋਇਆ ਸੀ ਤੇ ਗੁਰਪ੍ਰਸਾਦਿ ਸਿੰਘ ਦੇ ਸਿਰ 'ਤੇ ਸੱਟਾਂ ਲਗੀਆਂ ਸਨ। ਉਸ ਵੇਲੇ ਗੁਰਪ੍ਰਸਾਦਿ ਸਿੰਘ ਮਾਨਸਿਕ ਰੋਗੀ ਵਾਲੀ ਸਥਿਤੀ ਵਿਚੋਂ ਲੰਘ ਰਿਹਾ ਸੀ।

ਗਿਆਨੀ ਇਕਬਾਲ ਸਿੰਘ ਦੇ ਇਸ ਸਪੱਸ਼ਟੀਕਰਨ ਦੇ ਬਾਵਜੂਦ ਬਿਹਾਰ ਦੀਆਂ ਸੰਗਤਾਂ ਨੇ ਇਸ ਝੂਠ ਨੂੰ ਮੰਨਣ ਤਂੋ ਇਨਕਾਰ ਕਰ ਦਿਤਾ। ਅਵਤਾਰ ਸਿੰਘ ਹਿਤ ਦੇ ਇਸ ਦਲੇਰੀ ਭਰੇ ਫ਼ੈਸਲੇ ਦੀ ਤਖ਼ਤ ਸਾਹਿਬ ਬੋਰਡ ਦੇ ਸਾਰੇ ਮੈਂਬਰਾਂ ਨੇ ਸ਼ਲਾਘਾ ਕੀਤੀ ਹੈ। ਬੋਰਡ ਮੈਬਰ ਕਮਿਕਰ ਸਿੰਘ ਨੇ ਕਿਹਾ ਕਿ ਅਜਿਹਾ ਫ਼ੈਸਲਾ ਹਿਤ ਵਰਗਾ ਦਲੇਰ ਵਿਅਕਤੀ ਹੀ ਲੈਣ ਦੀ ਸਮਰਥਾ ਰਖਦਾ ਹੈ।

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੇ ਮੈਂਬਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ ਵੀ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਰਿਯਾਦਾ ਤੇ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਬੋਰਡ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੈਅਰਮੈਨ ਭੁਪਿੰਦਰ ਸਿੰਘ ਸਾਧੂ ਨੇ ਇਸ ਫ਼ੈਸਲੇ 'ਤੇ ਖ਼ੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਬਾਕੀ ਕਰਮਚਾਰੀਆਂ ਲਈ ਸਬਕ ਹੈ, ਜੋ ਗੁਰਮਰਿਯਾਦਾ ਤੋਂ ਉਲਟ ਚਲਦੇ ਹਨ।