ਧਮਾਕਾਖ਼ੇਜ਼ ਸਮੱਗਰੀ ਰੱਖਣ ਦੇ ਮਾਮਲੇ 'ਚ ਜਗਤਾਰ ਸਿੰਘ ਤਾਰਾ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰਮਨਦੀਪ ਸਨੀ ਨੂੰ ਅਦਾਲਤ ਨੇ ਸੁਣਾਈ ਇਕ ਸਾਲ ਦੀ ਸਜ਼ਾ

Jagtar Singh Tara

ਬਠਿੰਡਾ : ਕਰੀਬ ਸਾਢੇ ਚਾਰ ਸਾਲ ਪਹਿਲਾਂ ਸਥਾਨਕ ਥਾਣਾ ਕੋਤਵਾਲੀ ਪੁਲਿਸ ਵਲੋਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੇਸ 'ਚ ਅੱਜ ਜ਼ਿਲ੍ਹਾ ਤੇ ਸੈਸਨ ਜੱਜ ਦੀ ਅਦਾਲਤ ਨੇ ਭਾਈ ਜਗਤਾਰ ਸਿੰਘ ਤਾਰਾ ਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਬਰੀ ਕਰ ਦਿਤਾ। ਜਦੋਂ ਕਿ ਇੱਕ ਹੋਰ ਸਾਥੀ ਰਮਨਦੀਪ ਸਿੰਘ ਸਨੀ ਨੂੰ ਹਥਿਆਰ ਰੱਖਣ ਦੇ ਮਾਮਲੇ 'ਚ ਇੱਕ ਸਾਲ ਦੀ ਸਜ਼ਾ ਤੇ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਸ ਕੇਸ ਵਿਚ ਪਿਛਲੇ ਲੰਮੇ ਸਮੇਂ ਤੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਭਾਈ ਤਾਰਾ ਤੇ ਉਸਦੇ ਸਾਥੀ ਰਮਨਦੀਪ ਸਿੰਘ ਸੰਨੀ ਨੂੰ ਅਦਾਲਤ ਵਿਚ ਲਿਆਉਣ ਦੀ ਬਜਾਏ ਵੀਡੀਉ ਕਾਨਫ਼ਰੰਸ ਰਾਹੀ ਉਨ੍ਹਾਂ ਦੀ ਅਦਾਲਤ ਵਿਚ ਹਾਜ਼ਰੀ ਲਗਵਾਈ ਜਾ ਰਹੀ

ਸੀ ਜਦੋਂ ਕਿ ਇਸ ਕੇਸ 'ਚ ਨਾਮਜ਼ਦ ਤੀਜੇ ਮੁਜਰਮ ਅਮਰਜੀਤ ਸਿੰਘ ਨਿੱਜੀ ਤੌਰ 'ਤੇ ਅਦਾਲਤ ਵਿਚ ਪੇਸ਼ ਹੋ ਰਹੇ ਸਨ। ਇਸ ਕੇਸ ਵਿਚ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖ਼ਾਰਾ ਨੇ ਦਸਿਆ ਕਿ ''ਜ਼ਿਲ੍ਹਾ ਤੇ ਸੈਸਨ ਜੱਜ ਬਠਿੰਡਾ ਕੇ.ਐਸ.ਬਾਜਵਾ ਦੀ ਅਦਾਲਤ ਵਲੋਂ ਇਸ ਕੇਸ ਵਿਚ ਅੱਜ ਸੁਣਾਏ ਫ਼ੈਸਲੇ ਵਿਚ ਭਾਰੀ ਤਾਰਾ ਅਤੇ ਅਮਰਜੀਤ ਸਿੰਘ ਨੂੰ ਬਾਇਜ਼ਤ ਬਰੀ ਕਰ ਦਿਤਾ ਹੈ, ਜਦੋਂ ਕਿ ਰਮਨਦੀਪ ਸਿੰਘ ਸਨੀ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ। ਲੰਘੀ 13 ਫ਼ਰਵਰੀ ਨੂੰ ਇਸ ਕੇਸ ਵਿਚ ਸਾਰੀ ਬਹਿਸ ਪੂਰੀ ਹੋ ਚੁੱਕੀ ਸੀ ਤੇ ਪਹਿਲਾਂ ਇਸ ਕੇਸ ਦਾ ਫ਼ੈਸਲਾ 20 ਫ਼ਰਵਰੀ ਨੂੰ ਸੁਣਾਇਆ ਜਾਣਾ ਸੀ

ਪ੍ਰੰਤੂ ਬਾਅਦ ਵਿਚ ਅੱਜ 'ਤੇ ਇਹ ਕੇਸ ਰੱਖਿਆ ਗਿਆ ਸੀ। ਦਸਣਾ ਬਣਦਾ ਹੈ ਕਿ 8 ਨਵੰਬਰ 2014 ਨੂੰ ਥਾਣਾ ਕੋਤਵਾਲੀ 'ਚ ਦਰਜ ਮੁਕੱਦਮੇ ਵਿਚ ਰਮਨਦੀਪ ਸਿੰਘ ਸੰਨੀ ਨੂੰ ਧਮਾਕਾਖੇਜ ਸਮੱਗਰੀ ਸਹਿਤ ਕਾਬੂ ਕਰਿਆ ਦਿਖਾਇਆ ਸੀ ਜਦੋ ਕਿ ਅਮਰਜੀਤ ਸਿੰਘ ਉਪਰ ਉਸਨੂੰ ਆਰਥਕ ਮੱਦਦ ਕਰਨ ਦੇ ਦੋਸ਼ ਲਗਾਏ ਗਏ ਸਨ। ਤੇ ਇੰਨ੍ਹਾਂ ਨੂੰ ਭਾਈ ਜਗਤਾਰ ਸਿੰਘ ਤਾਰਾ ਨਾਲ ਵੀ ਜੋੜਿਆ ਗਿਆ ਸੀ। ਮੌਜੂਦਾ ਸਮੇਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ 'ਚ ਜਗਤਾਰ ਸਿੰਘ ਤਾਰਾ ਬੂੜੈਲ ਜੇਲ ਵਿਚ ਬੰਦ ਹੈ ਜਦੋਂ ਕਿ ਰਮਨਦੀਪ ਸਿੰਘ ਸੰਨੀ ਬਠਿੰਡਾ ਜੇਲ ਵਿਚ ਬੰਦ ਹੈ।